Thursday, September 11, 2014

ਬਾਸ਼ੋ ਦੇ ਹਾਇਕੂ 'ਚ ਅਲੰਕਾਰ — ਜੇਨ ਰੀਚਹੋਲਡ



ਬਾਸ਼ੋ ਦੇ ਹਾਇਕੂ ' ਅਲੰਕਾਰ  ਜੇਨ ਰੀਚਹੋਲਡ
( ਪੰਜਾਬੀ ਅਨੁਵਾਦ: ਦਲਵੀਰ ਗਿੱਲ )
****************************************************************************

ਕਿੰਨੀ
ਦਫ਼ਾ ਹੋਇਆ ਤੁਹਾਡੀ ਵਰਿਆਂ ਦੀ ਹਾਇਕੂ ਪੜਾਈ ' ਕਿ ਤੁਹਾਨੂੰ ਸਮਝਾਇਆ ਗਿਆ ਕਿ " ਹਾਇਕੂ ' ਅਲੰਕਾਰ ( Metaphor ) ਜਾਂ ਉਪਮਾ ( Simile ) ਨਾਹ ਵਰਤੋ, ਕਦੇ ਵੀ ਨਾਹ ?" ਤੇ ਕਿੰਨੀ ਵੇਰਾਂ ਤੁਸੀਂ ਇੱਕ ਵਧੀਆ ਹਾਇਕੂ ਲਿਖਿਆ ਤੇ ਇਸੇ ਡਰ ਕਾਰਣ ਸਾਂਝਾ ਨਹੀਂ ਕੀਤਾ ਕਿ ਇਸਤੇ ਰੰਦਾ ਫਿਰੂਗਾ ਕਿ ਭਾਈ ਇਸ ' ਤਾਂ 'ਅਲੰਕਾਰ ਜਿਹਾ ਹੈ' ?

ਪਰ ਫਿਰ ਵੀ, ਜੇ ਤੁਹਾਡਾ ਵਾਹ ਲੰਬੀਆਂ ਛੋਟੀਆਂ ਕਵਿਤਾ ਦੇ ਲਿਖਣ ਪੜਣ ਨਾਲ ਪਿਆ ਹੈ ਤਾਂ ਤੁਹਾਨੂੰ ਪੱਕਾ ਪਤਾ ਹੈ ਕਿ ਅਲੰਕਾਰ ਕਵਿਤਾ ਦੀ ਜਾਨ ਹੈ, ਸਮੇਂ ਦੀ ਘਸਵੱਟੀ ਤੇ ਪਰਖੀ ਹੋਈ ਤਕਨੀਕ। ਸਾਡੇ ਕਦੀਮੀ ਕਵੀ ਅਲੰਕਾਰ ਘੜਨ ਤੇ ਇਸਦੀ ਵਰਤੋ ਦੇ ਮਾਹਿਰ ਸਨ।


ਹੁਣ ਹਾਇਕੂ ਅਧਿਆਪਕ ਸਾਨੂੰ ਦਸਦੇ ਹਨ ਕਿ ਇਸ ਅਚੁੱਕ ਸੰਦ ਨੂੰ ਪਰਾਂਹ ਹੀ ਰਖੋ। ਮਸ਼ਹੂਰ ਕਵੀ ਬਾਸ਼ੋ, ਜੋ ਹਾਇਕੂ ਦਾ ਘਾੜਾ ਵੀ ਹੈ, ਕੀ ਅਲੰਕਾਰਾਂ ਦੀ ਵਰਤੋ ਕਰਦਾ ਸੀ ?


ਉਸਦੇ ਮਸ਼ਹੂਰ ਹਾਇਕੂ "ਨਿਪੱਤਰੀ ਟਾਹਣੀ / ਕਾਂ ਉੱਤਰਿਆ / ਪੱਤਝੜ ਦਾ ਘੁਸਮਸਾ" ਨੂੰ ਦੁਬਾਰਾ ਇੰਝ ਲਿਖਣ ਲਈ ਹਿੰਮਤ ਬਟੋਰੀਏ ?:


ਨਿਪੱਤਰੀ ਟਾਹਣੀ ਤੇ ਕਾਂ ਆ ਬੈਠਾ ਓਵੇਂ ਜਿਵੇਂ ਥੱਕੀ ਜਿਹੀ ਪੱਤਝੜ ਦੀ ਸ਼ਾਮ ਆਉਂਦੀ ਹੈ। 


ਇਸ ਤਰ੍ਹਾਂ ਕਿਹਾਂ ਪਾਠਕ ਕਹੇਗਾ ਕਿ ਹਾਂ, ਦੋਵੇਂ ਇੱਕੋ ਜਿਹੇ ਹਨ ਜਿਵੇਂ ਪਤਝੜ ਦੀ ਡੂੰਘੀ ਤਰਕਾਲ ਹਨੇਰਾ ਜਿਹਾ ਲਿਆਓਂਦੀ ਹੈ ਧਰਤੀ ਤੇ ਓਵੇਂ ਇਹ ਕਾਂ ਨੇ ਆਪਣੇ ਫੈਲੇ ਖੰਭਾਂ ਨਾਲ ਦਰਖਤ ਤੇ ਇੱਕ ਸੋਗੀ ਜਿਹਾ ਹਨੇਰਾ ਲਿਆ ਧਰਿਆ ਹੈ l ਹਾਂ, ਇਹ ਕਾਲਾ ਕਾਂ ਮੌਤ ਦਾ ਸੰਦੇਸ਼ ਵਾਹਿਕ ਹੈ, ਕੁਦਰਤ ਦੇ ਆਰਾਮ ਤੇ ਜੀਵਨ ਦੇ ਅੰਤ ਵਾਂਗ। ਜਦੋਂ ਵੀ ਕਿਤੇ ਕੋਈ ਕਾਂ ਤੁਹਾਡੇ ਸਿਰ ਉੱਪਰ ਕਿਸੇ ਟਾਹਣ ਤੇ ਧੜਮ ਕਰ ਬੈਠਿਆ ਹੋਵੇ ਤਾਂ ਤੁਸੀਂ ਇਹ ਮੌਤ ਜਿਹਾ ਡਰ ਓਸਦੇ ਖੰਬਾਂ 'ਚ ਜ਼ਰੂਰ ਮਹਿਸੂਸ ਕੀਤਾ ਹੋਇਗਾ; ਇਹ ਅਚਾਨਿਕਤਾ ਇਸਦਾ ਕਾਲਾ ਰੰਗ, ਇਸਦਾ ਆਕਾਰ, ਕਿੰਨਾ ਡਰਾਵਨਾ ਕਿੰਨਾ ਸਰਦ
ਪੱਤਝੜ ਦੇ ਆਖ਼ੀਰ ਵਾਂਗ।


ਇਸ ਹਾਇਕੂ ਦੀ ਖਾਸੂਸੀਅਤ ਹੀ ਇਹੋ ਹੈ ਕਿ ਉਪਰੋਕਤ ਸਾਰਾ ਕੁਝ ਤੇ ਯਕੀਨਨ ਹੋਰ ਵੀ ਬਹੁਤ ਕੁਝ ਇਸ ਕਵਿਤਾ 'ਚ ਹੈ ਹੀ ਇਸ ਕਾਰਣ ਕਿ ਨਿਪੱਤਰਾ ਟਾਹਣ , ਕਾਂ ਦਾ ਆ ਬੈਠਣਾ ਤੇ ਪੱਤਝੜ ਦੀ ਡੂੰਘੀ ਊਂਘਦੀ ਸੋਗੀ ਸ਼ਾਮ ਦਾ ਘੁਸਮਸਾ ਇੱਕ ਦੂਜੇ ਤੇ ਪਰਤਦਾਰ ਢੰਗ ਨਾਲ ਉੱਪਰੋ-ਥੱਲੀ ਟਿਕਾਏ ਪਏ ਹਨ, ਸਮਦੇਸ਼ੀ ਨਿੱਕਟਤਾ ਵਿੱਚ। ਮੇਰੇ ਲਈ, ਇਸ ਪੱਤਝੜ ਦੀ ਸ਼ਾਮ ਨੂੰ ਜਿਹੜੇ ਤੱਤ ਇਥੇ ਕਾਂ ਨੂੰ ਇੱਕ ਅਲੰਕਾਰ ਵਜੋਂ ਵਰਤ ਰਹੇ ਹਨ, ਓਹ ਹਨ : ਪਹਿਲਾ ਕ੍ਰਿਆ " ਉੱਤਰਨਾਂ " ( ਅਸੀਂ ਆਖਦੇ ਹਾਂ ਨਾ ਕਿ ਹਨੇਰਾ ਉੱਤਰ ਆਇਆ ਨਾਂਕਿ ਆ ਬੈਠਿ ਗਿਆ ਜਾਂ ਆ ਮੱਲਿਆ ) [ਅਨੁਵਾਦ ਦੇ ਮਸਲੇ ]। ਇਹ ਬਾਸ਼ੋ ਦੀ ਇੱਕ ਤਕਨੀਕ਼ ਹੈ ਜਿਸਨੂੰ ਉਹ ਆਮ ਵਰਤਦਾ ਹੈ ਤੇ ਉਸਦਾ ਪਾਠਕ ਸਹਿਜੇ ਹੀ ਉਸਦੀ 'ਕ੍ਰਿਆ' ਦੇ ਦੂਹਰੇ ਅਰਥ ਪਰਖਦਾ ਹੈ, ਜਦ ਵੀ ਇਹ ਉਸਦੀ ਕਵਿਤਾ ਵਿੱਚ ਹਾਜ਼ਿਰ ਹੋਣ। ਅਤੇ ਦੂਜਾ ਹੈ , ਇੱਕ ਨਿਪੱਤਰੀ ਟਾਹਣੀ ਜੋ ਸਹਿਵਣ ਹੀ ਦੋਵਾਂ ਨੂੰ, ਕਾਂ ਅਤੇ ਪੱਤਝੜ ਦੇ ਉਤਾਰੇ ਨੂੰ,  ਸਵੀਕਾਰ ਕਰਦੀ ਹੈ।


ਭਾਵੇਂ ਥੋੜੀ ਖਿਚ ਧੂਹ ਨਾਲ ਹੀ ਸਹੀ ਪਰ ਬਾਸ਼ੋ ਦੇ "ਬੁਢਾ ਟੋਭਾ / ਛਾਲ ਡੱਡੂ ਦੀ / ਛਪਾਕ .... " ਵਾਲੇ ਹਾਇਕੂ 'ਚ, ਅਲੰਕਾਰ/ਉਪਮਾ ਹੋਰ ਵੀ ਜਿਆਦਾ ਦਿਲਚਸਪ ਤੇ ਗਹਿਨ ਹੈ।


ਸ਼ੁਰੁਆਤ ਲਈ, ਆਪਾਂ ਇਸ ਹਾਇਕੂ ਦੀ ਜਾਪਾਨੀ ਨੂੰ ਯਥਾਵਤ ਲੈਂਦੇ ਹਾਂ ਜੋ ਕਹਿੰਦੀ ਹੈ "ਆਵਾਜ਼ ਦਾ ਪਾਣੀ"। ਇਸਨੂੰ ਆਪਣੀ ਕਲਪਨਾ 'ਚ ਥੋੜੀ ਦੇਰ ਘੁੰਮਣ ਦਿਓ .... " ਆਵਾਜ਼ ਦਾ ਪਾਣੀ, ਆਵਾਜ਼ - ਪਾਣੀ ਵਰਗੀ"। ਆਵਾਜ਼ ਗਤੀਮਾਨ ਜਿਵੇਂ ਪਾਣੀ ਹੁੰਦਾ ਹੈ l ਆਵਾਜ਼ ਦੀਆਂ ਤਰੰਗਾਂ ਚੱਲਦੀਆਂ ਜਿਵੇਂ ਪਾਣੀ 'ਚ ਡੀਟੀ ਸੁੱਟਿਆਂ ਪਾਣੀ ਤਰੰਗਿਤ ਹੁੰਦਾ ਹੈ l


ਬਾਸ਼ੋ ਤੇ ਉੱਤਰੀ ਇਸ ਘੜੀ ਤੋਂ ਪਹਿਲਾਂ ਸਾਰੇ ਜਾਪਾਨੀ ਕਵੀਆਂ ਦੇ ਡੱਡੂਆਂ ਨੇ ਵੀ ਆਵਾਜ਼ਾਂ ਕੀਤਿਆਂ - ਓਹ ਟਰਟ੍ਰਾਉਂਦੇ ਸਨ, ਸਾਥਣ ਡੱਡੀਆਂ ਨੂੰ ਆਵਾਜ਼ਾਂ ਲਾਉਂਦੇ ਸਨ, ਗੀਤ ਗਾਉਂਦੇ ਸਨ, ਪਰ ਟੋਭੇ ਨੂੰ ਨਹੀਂ ਸਨ ਬੋਲਣ ਲਾਉਂਦੇ। ਕੀ ਕਿਹਾ ਜਾਵੇ ਕਿ ਪਾਣੀ ਇਥੇ ਅਲੰਕਾਰ ਹੈ ਅਨਹਦ ਨਾਦ ( ਅਦ੍ਰਿਸ਼ ਆਵਾਜ਼ ) ਲਈ? ਆਪਣੀ ਆਵਾਜ਼ 'ਚ ਧੁਨੀ ਪੈਦਾ ਕਰਨ ਦੀ ਬਜਾਏ, ਸਗੋਂ ਜੇ ਇਸ 'ਧੁਨੀ ਵਾਲੇ ਪਾਣੀ' 'ਚ ਡੱਡੂ ਹੀ ਕੁਦ ਪਵੇ ਤਾਂ?


ਅਸੀਂ ਕਦੇ ਨਹੀਂ ਅੰਦਾਜ਼ਾ ਲਗਾ ਸਕਦੇ ਕਿ ਕੀ ਇਹ ਲਾਈਨਾਂ "ਡੱਡੂ ਕੁਦਿਆ / ਆਵਾਜ਼ ਵਾਲੇ ਪਾਣੀ 'ਚ" ਲਿਖਣ/ਕਹਿਣ ਤੋਂ ਪਹਿਲਾਂ ਹੀ/ਵੀ ਬਾਸ਼ੋ ਦੀ ਖੋਪੜੀ 'ਚ ਏਹੋ ਜਿਹੇ ਵਿਚਾਰ ਘੁੰਮ ਰਹੇ ਸਨ ਪਰ ਇੱਕ ਗੱਲ ਪੱਕ ਨਾਲ ਕਹੀ ਜਾ ਸਕਦੀ ਹੈ ਕਿ ਉਸਨੂੰ ਆਪਣੀ ਪ੍ਰੇਰਨਾ ਦੀ ਬਖਸ਼ਿਸ਼ ਦਾ ਪਤਾ ਸੀ ਕਿਉਂਕਿ ਉਸਨੇ ਕਿਕਾਕੂ ਨੂੰ ਇਜਾਜ਼ਤ ਨਹੀਂ ਦਿੱਤੀ ਕਿ ਉਹ ਆਪਣਾ ਪੀਲੇ ਗੁਲਾਬ ਵਾਲਾ ਬਿੰਬ ਇਥੇ ਫਿੱਟ ਕਰ ਲਵੇ, ਓਹ ਸਗੋਂ ਇਸ ਅਲੰਕਾਰ 'ਆਵਾਜ਼ ਵਾਲੇ ਪਾਣੀ / ਤਰਲ ਆਵਾਜ਼' ਨਾਲ ਹੀ ਵਚਨਵਧ ਰਿਹਾ ਤੇ ਉਸ ਕਿਹਾ, "ਬੁੱਢਾ ਟੋਭਾ" ਤਾਂ ਜੋ ਉਹ ਪੁਰਜ਼ੋਰ ਤਰੀਕੇ ਨਾਲ ਕਹਿ ਸਕੇ ਕਿ "ਨਾਦ ਹੀ ਸਨਾਤਨ ਟੋਭਾ ਹੈ।"


ਇਹ ਵੀ ਮੁਮਕਿਨ ਹੈ ਕਿ, ਜਿਵੇਂ ਕਿ ਦੱਸਿਆ ਜਾਂਦਾ ਹੈ, ਕਿ ਬਾਸ਼ੋ ਨੇ ਸਿਰਫ਼ ਪਾਣੀ 'ਚ ਡੱਡੂ ਦੀ ਛਾਲ ਦੀ ਇਕ ਆਵਾਜ਼ ਸੁਣੀ ( ਇਹ ਜ਼ਿਆਦਾ ਸੰਭਵ ਗੱਲ ਕਿਉਂਕਿ ਉਹ ਦੋ ਨਦੀਆਂ ਦੇ ਸੰਗਮ ਵਾਲੇ ਇੱਕ ਦਲਦਲੀ ਜਿਹੇ ਥਾਂ ਕੋਲ ਰਹਿੰਦਾ ਸੀ ) ਬਿਲਕੁਲ ਉਸੇ ਘੜੀ ਜਦੋਂ ਉਸਨੂੰ ਇੱਕ ਜ਼ੇਨ ਸੰਤ ਨੇ ਉਸਤੋਂ ਧਿਆਨ ਦੇ ਖੇਤਰ 'ਚ ਵਾਪਰੀ ਕਿਸੇ ਡੂੰਘਾਈ ਬਾਰੇ ਪੁੱਛ-ਪੜਤਾਲ ਕੀਤੀ। ਇਸ ਸਥਾਨ ਤੇ ਰਹਾਇਸ਼ ਦੇ ਬਾਵਜੂਦ ਉਸਨੇ ਆਪਣੀ ਕਵਿਤਾ ਕਿਸੇ ਯਥਾਰਥਵਾਦੀ ਵਾਂਗ "ਦਲਦਲ ਨੇੜ੍ਹੇ" ਜਾਂ "ਨਦੀ ਕਿਨਾਰੇ" ਨਾਲ ਸ਼ੁਰੂ ਨਹੀਂ ਕੀਤੀ, ਸਗੋਂ " ਬੁਢਾ ਟੋਭਾ " ਦੀ ਵਰਤੋ ਕੀਤੀ ਕਿਉਂਕਿ ਇੱਕ ਸ਼ਾਂਤ ਸਰ ਵਿਚ ਕੋਈ ਖਲਬਲੀ ਜ਼ਿਆਦਾ ਸਪੱਸ਼ਟਤਾ ਨਾਲ ਆਵਾਜ਼ ਵਾਂਗ ਗਤੀਮਾਨ ਹੋਵੇਗੀ ਤੇ ਨਤੀਜਨ ਜ਼ਿਆਦਾ ਦਰੁਸਤ ਹੋਵੇਗੀ। ਉਸਦਾ ਤੀਸਰੇ ਬਿੰਬ ਦਾ ਇੱਕ ਨਾਤਾ ਹੈ ਆਵਾਜ਼ ਦੇ ਪਾਣੀ ਵਜੋਂ ਇੱਕ ਅਲੰਕਾਰ ਨਾਲ। ਪਾਣੀ ਦੇ ਅਲਗ ਅਲਗ ਰੂਪ ( ਖੂਹ, ਅੰਨਾ-ਖੂਹ, ਸਰ, ਨਦੀ, ਝਰਨਾ ਆਦਿ ) ਸਦਾ ਹੀ ਇੱਕ ਅਲੰਕਾਰ ਵਜੋ ਵਰਤੇ ਜਾਂਦੇ ਹਨ ਜਿਸ ਤਰਾਂ ਵੀ ਉਹ ਨਾਦ ਨੂੰ ਪ੍ਰਤੀਬਿੰਬਤ ਅਤੇ ਇਸਦਾ ਰੂਪਾਂਤਰਣ ਕਰਦੇ ਹਨ।


ਇੱਥੇ ਇਸ ਗੱਲ ਵੱਲ ਵੀ ਧਿਆਨ ਕਰੋ ਕਿ ਬਾਸ਼ੋ ਦੀ ਅਕਸਰ ਵਰਤੀ ਜਾਂਦੀ ਨਸੀਹਤ, "ਚੀੜ੍ਹ ਕੋਲ ਜਾਵੋ, ਜੇ ਜਾਨਣਾ ਹੈ ਚੀੜ੍ਹ ਨੂੰ" ਵੀ ਉਸਦੀਆਂ ਰਚਨਾਵਾਂ ਵਿਚਲੇ ਅਲੰਕਾਰਾਂ ਨੂੰ ਸਮਝਣ ਵੱਲ ਹੀ ਇਸ਼ਾਰਾ ਹੈ। ਉਦਾਹਰਣ ਲਈ, ਉਸਦੇ "ਹੁਨਾਲੀ ਘਾਹ / ਜੋ ਵੀ ਬਾਕੀ ਬਚਿਆ / ਯੋਧੇ ਦੇ ਖ਼ਾਬ" ਦੇ ਅਰਥ ਮੇਰੇ ਉੱਪਰ ਉਦੋਂ ਉੱਤਰੇ ਜਦ ਮੈਂ ਗਰਮੀਆਂ ਵਿੱਚ ਇੱਕ ਪਹਾੜੀ ਉੱਪਰ ਸੁੱਕੇ ਘਾਹ ਕੋਲ ਬੈਠੀ ਸੀ। ਸ਼ਾਮ ਵੇਲੇ ਜਦੋਂ ਪਹਾੜੀ ਢਲਾਣ ਨਾਲ ਖਹਿ ਕੇ ਲੰਘਦੀ ਸੀ ਅਤੇ ਭਾਰੇ ਸਿਰੇ ਵਾਲੇ ਘਾਹ ( ਜਿਵੇਂ ਨੀਂਦ ਵਿੱਚ ) ਦੇ ਸਿਰ ਡੋਲ ਰਹੇ ਸਨ, ਉਦੋਂ। ਘਾਹ ਦੀਆਂ ਲੰਬੀਆਂ ਤਿੜ੍ਹਾਂ ਦੀ ਕਿਤੇ ਚਮਕ ਅਤੇ ਕਿਤੇ ਹਨੇਰੇ ਦੀ ਖੇਡ ਜੋ ਡਿਜ਼ਾਈਨ ਬਣਾ ਰਹੀ ਸੀ ਉਸਨੂੰ ਦੇਖ ਕੇ ਇੰਝ ਲੱਗਦਾ ਸੀ ਜਿਵੇਂ ਪ੍ਰੇਤ-ਆਤਮਾਵਾਂ ਚੋਟੀ ਵੱਲ ਨੂੰ ਭੱਜੀਆਂ ਜਾ ਰਹੀਆਂ ਹੋਣ — ਜਿਵੇਂ, ਯੋਧੇ ਹੱਲਾ ਬੋਲ ਰਹੇ ਹੋਣ —  ਘੇਰਾਬੰਦੀ ਕਰਦੇ — ਕਿਸੇ ਅਣਮਿਥੇ ਨਿਸ਼ਾਨੇ ਵੱਲ। ਯਕੀਨਨ ਬਾਸ਼ੋ ਨੇ ਵੀ ਇਹੋ ਮਹਿਸੂਸ ਕੀਤਾ ਹੋਵੇਗਾ ਜਦੋਂ ਉਸਨੇ ਸੁਪ੍ਰਸਿੱਧ ਰਣ-ਭੂਮੀ ਦੀ ਯਾਤ੍ਰਾ ਕੀਤੀ। ਇਸ ਸਥਾਨ ਦਾ ਰਣ-ਭੂਮੀ ਹੋਣਾ 'ਯੋਧਿਆਂ ਦੇ ਖ਼ਾਬ' ਦੇ ਅਲੰਕਾਰ ਨੂੰ ਹੋਰ ਵੀ ਗਹਿਰੇ ਅਰਥ ਪ੍ਰਦਾਨ ਕਰਦਾ ਹੈ, ਉਹਨਾਂ ਦੀਆਂ ਖ਼ਵਾਹਿਸ਼ਾਂ ਉਹਨਾਂ ਦੇ ਦ੍ਰਿੜ ਇਰਾਦੇ ਸਭ ਇਸ ਸੁੱਕੇ ਘਾਹ ਵਾਂਗ ਹੀ ਬੇਮਾਯਨਾ ਹਨ ਜੋ ਆਪਣੀ ਤੂੜੀ-ਵੰਨੀ ਭਾ ਵਿੱਚ ਅਜੇ ਵੀ ਇੰਝ ਲੱਗ ਰਿਹਾ ਹੈ ਜਿਵੇਂ ਯੋਧੇ ਵਸਤਰ-ਸੰਜੋਆਂ ਸਜਾਈ ਪਹਾੜੀ ਦੀ ਚੋਟੀ ਵੱਲ ਧਾਵਾ ਬੋਲ ਰਹੇ ਹੋਣ।


ਇਹੋ ਮੇਰਾ ਦਾਵਾ ਹੈ ਕਿ ਅਲੰਕਾਰ ਹਾਇਕੂ-ਰਚਨਾ ਦਾ ਇੱਕ ਬੇਸ਼-ਕ਼ੀਮਤੀ ਅੰਗ ਹੈ। ਸਿਰਫ਼ ਇੰਨਾ ਹੀ ਹੈ ਕਿ ਅਲੰਕਾਰ ਨੂੰ ਹਾਇਕੂ ਵਿੱਚ ਪਰੋਇਆ ਕਿਵੇਂ ਗਿਆ ਹੈ।


ਹਾਇਕੂ ਵਿੱਚ ਅਲੰਕਾਰ/ਉਪਮਾ ਦੇ ਦੋਵੇਂ ਖੰਡਾਂ ਨੂੰ ਜੋੜਨ ਲਈ ਅਕਸਰ "ਜਿਵੇਂ" ਜਾਂ "ਵਾਂਗ" ਆਦਿ ਨਹੀਂ ਵਰਤੇ ਜਾਂਦੇ ( ਹਾਲਾਂਕਿ ਬਾਸ਼ੋ ਦੇ ਬਹੁਤ ਸਾਰੇ ਹਾਇਕੂ ਵਿੱਚ ਇਸਦੇ ਸਮਅਰਥੀ ਸ਼ਬਦ ਵਰਤੇ ਮਿਲਦੇ ਹਨ ) ਸਗੋਂ ਅਲੰਕਾਰ ਨੂੰ ਉਸਦੇ ਮੂਲ-ਭੂਤ ਰੂਪ ਵਿੱਚ ਹੀ, ਸਪਸ਼ਟ ਬਿੰਬ ਵਜੋਂ ਲਿਖ ਦਿੱਤਾ ਜਾਂਦਾ ਹੈ, ਅਜਿਹਾ ਕਰਦਿਆਂ ਅਕਸਰ ਕ੍ਰਿਆ ਜਾਂ ਕਿਸੇ ਤੀਸਰੇ ਬਿੰਬ ਦਾ ਸਹਾਰਾ ਲਿਆ ਜਾਂਦਾ ਹੈ ਇਸਨੂੰ ਸਮਦੇਸ਼ੀ-ਨਿਕਟਤਾ ( juxtaposition ) ਵਿੱਚ ਸਜਾ ਕੇ।


ਇਸਦੇ ਨਾਲ ਹੀ ਹਾਇਕੂ ਵਿੱਚ ਵਰਤੇ ਜਾ ਸਕਣ ਵਾਲੇ ਅਲੰਕਾਰ ਯਥਾਰਥ ਦੀਆਂ ਹੱਦਾਂ ਦੇ ਅੰਦਰੋਂ ਹੀ ਚੁਣੇ ਜਾਂਦੇ ਹਨ। ਬੁਲੰਦ ਸਮੁੰਦਰੀ ਲਹਿਰਾਂ ਜਦੋਂ ਸਾਹਿਲ ਵੱਲ ਨੂੰ ਆਉਂਦੀਆਂ ਹਨ ਤਾਂ ਮਨ ਵਿੱਚ ਭਬਕਾਂ ਮਾਰੇ ਸ਼ੇਰਾਂ ਦਾ ਤੱਟ ਵੱਲ ਨੂੰ ਧਾਉਂਦਿਆਂ ਲੱਗ ਸਕਣਾ ਗੈਰ-ਮੁਨਾਸਬ ਨਹੀਂ ਭਾਸਦਾ। ਨਾਲ ਹੀ ਇਹ ਵੀ ਹੈ ਕਿ ਸਾਗਰ ਵਿੱਚ ਸ਼ੇਰਾਂ ਦਾ ਉੱਛਲ-ਕੂਦ ਕਰਦਿਆਂ ਕਹਿਣਾ ਵੀ ਮੁਨਾਸਿਬ ਨਹੀਂ ਲੱਗਦਾ। ਪਰ ਸਮੁੰਦਰੀ ਲਹਿਰਾਂ ਤੋਂ ਉੱਠਦੀ ਪਾਣੀ ਦੀ ਫੁਹਾਰ ਵਿੱਚ ਉੱਡਦੇ ਸਮੁੰਦਰੀ-ਉਕਾਬ ਨੂੰ ਵੇਖ ਕੇ, "ਲਹਿਰਾਂ ਤੋਂ ਉੱਡੇ ਸਫੈਦ ਵਾਛੜ੍ਹ / ਸਮੁੰਦਰੀ-ਉਕਾਬ" ਜਿਹਾ ਕੁਝ ਕਹਿਣਾ ਹਾਇਕੂ-ਰੂਪ ਦੇ ਜ਼ਿਆਦਾ ਨੇੜੇ ਹੈ।


ਅਲੰਕਾਰਾਂ ਦੀ ਮੁੜ-ਵਰਤੋ ਲਈ ਕਵੀਆਂ ਨੂੰ ਉਤਸ਼ਾਹਿਤ ਕਰਨ ਤੋਂ ਮੇਰਾ ਇਹ ਭਾਵ ਹਰਗਿਜ਼ ਨਹੀਂ ਹੈ ਕਿ ਅਲੰਕਾਰਾਂ ਨੂੰ ਚੁਣ-ਚੁਣ ਕੇ ਉਂਝ ਹੀ ਇਸਤੇਮਾਲ ਕੀਤਾ ਜਾਵੇ ਜਿਵੇਂ  ਰਵਾਇਤੀ ਸਾਹਿਤ ਵਿੱਚ ਪ੍ਰੰਪਰਾ ਹੈ। ਹਾਇਕੂ ਦੇ ਹਰਮਨ ਪਿਆਰੇ ਹੋਣ ਦੇ ਕਾਰਨਾਂ ਅਤੇ ਹਾਇਕੂ-ਰਚਨਾਕਾਰੀ ਦੁਆਰਾ ਪ੍ਰਾਪਤ ਹੁੰਦੇ ਆਨੰਦ ਦਾ ਵੱਡਾ ਹਿੱਸਾ ਇਹੋ ਤਾਂ ਹੈ ਕਿ ਸਾਨੂੰ ਅਲੰਕਾਰਾਂ ਦੀ ਨਵੀਂ, ਅਤੇ ਪੱਛਮੀ ਲੇਖਕਾਂ ਲਈ ਖ਼ਾਸ ਤੌਰ 'ਤੇ, ਅਪਰੰਪਰਾਗਤ ਵਰਤੋ ਦੀ ਉਮੰਗ ਜੋ ਇਹ ਆਪਣੇ ਨਾਲ ਲੈ ਕੇ ਆਉਂਦਾ ਹੈ।


ਜੇ ਇਸ ਅਵਲੋਕਨ ਨੂੰ ਲਾਂਭੇ ਵੀ ਰੱਖ ਦੇਈਏ ਕਿ ਸਾਰੇ "ਸਿੱਧ-ਪਧਰੇ" ਹਾਇਕੂ ਕਿਸੇ ਛੁਪੇ ਅਲੰਕਾਰ ਤੋਂ ਰਹਿਤ, ਮਹਿਜ਼ ਇੱਕ ਨਜ਼ਰੀਆ/ਵਾਚਣ ਹੁੰਦੇ ਹਨ; ਇਹ ਵੀ ਧਿਆਨ ਵਿੱਚ ਆਇਆ ਹੈ ਕਿ ਜਿਨ੍ਹਾਂ ਹਾਇਕੂ ਵਿੱਚ ਕਿਸੇ ਅਲੰਕਾਰ ਨੂੰ "ਚੁੱਕ" ਲਿਆ ਜਾਂਦਾ ਹੈ ਉਹ ਅਕਸਰ ਇਸੇ ਵਿਚਾਰ ਦੀ ਜੁਗਾਲੀ ਕਰਦੇ ਜਾਪਦੇ ਹਨ ਕਿ ਕਾਵਿਕ ਦ੍ਰਿਸ਼ਟੀ ਨੂੰ ਸਥੂਲ ਯਥਾਰਿਥ ਵਜੋਂ ਪੇਸ਼ ਕੀਤਾ ਜਾਵੇ।


ਕਵੀ ਦਾ ਕਰਤਵ ਹੀ ਇਹੋ ਹੈ ਕਿ ਇਸ ਧਰਤ, ਇਸ ਜੀਵਨ ਨੂੰ ਅਨੁਭਵ ਕਰੇ ਅਤੇ ਇਸਦਾ ਬਿਆਨ ਆਪਣੇ ਸੰਗੀ ਬਾਸ਼ਿੰਦਿਆ ਪ੍ਰਤੀ ਇਸ ਪ੍ਰਕਾਰ ਕਰੇ ਕਿ ਉਸਦਾ ਸਰੋਤਾ/ਪਾਠਕ ਉਸਦੀ ਦ੍ਰਿਸ਼ਟੀ ਨੂੰ ਆਪ ਅਨੁਭਵ ਕਰ ਸਕੇ। ਕਵੀ ਰੂਹਾਨੀ ਜਗਤ ਦਾ ਪੱਤ੍ਰਕਾਰ ਹੈ। ਪਰ ਫਿਰ ਵੀ ਇਸ ਮਾਯਾਵਈ ਮੰਡਲ ਬਾਰੇ ਸਾਡਾ ਸ਼ਬਦ-ਭੰਡਾਰ ਉਤਨਾ ਹੀ ਧੁੰਦਲਾ ਅਤੇ ਅਨਿਸ਼ਚਿਤ ਹੈ ਜਿੰਨਾ ਇੱਕ ਆਮ ਇਨਸਾਨ ਦਾ ਇਸ ਪ੍ਰਤੀ ਤਜ਼ਰਬਾ। ਨਤੀਜਨ, ਭਾਵਨਾਵਾਂ, ਅਨੁਭੂਤੀਆਂ, ਦ੍ਰਿਸ਼ਟੀਆਂ, ਅੰਤ੍ਰਾਭੂਤੀਆਂ, ਸਮਾਨਾਂਤਰ ਜਗਤ ਦੇ ਅਨੁਭਵਾਂ, ਸਭ ਬਾਰੇ ਗੱਲ ਕਰਦਿਆਂ ਵੀ ਸਾਨੂੰ ਅਲੰਕਾਰਾਂ ਅਤੇ ਉਪਮਾਵਾਂ ਦੁਆਰਾ ਸਿਰਫ਼ ਸਥੂਲ ਬਿੰਬਾਂ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ।


ਅੱਜ ਕਲ ਮੈਂ ਵਿਲਿਯਮ ਏਵਰਸਨ ਦਾ "ਧਰਤੀ ਇੱਕ ਅਲੰਕਾਰ ਵਜੋਂ" ਪੜ੍ਹ ਰਹੀ ਹਾਂ ਜਿਸ ਵਿੱਚ ਉਹ ਇਸ ਬ੍ਰਹਿਮੰਡ ਦੇ ਸਭ ਭੂਤਾਂ ਨੂੰ ਕਿਸੇ ਮਹਾਨ, ਗਹਿਰੇ, ਅੰਦਰੂਨੀ ਸੱਚ ਦੇ ਅਰਥਾਂ ਵੱਲ ਇਸ਼ਾਰੇ ਵਜੋਂ ਦੇਖਦਾ ਹੈ। ਬਾਖ਼ ਪੁਹਪ ਉਪਚਾਰ ( The Bach Flower Remedies ) ਇਸੇ ਵਿਸ਼ਵਾਸ ਦਾ ਅਮਲੀ ਰੂਪ ਵਿੱਚ ਉਪਯੋਗ ਹੈ। ਇਸ ਵਿੱਚ ਕਿਸੇ ਫੁੱਲ ਦਾ ਅਤਰ ਕੱਢਿਆ ਜਾਂਦਾ ਹੈ, ਪਰ ਬੂਟੇ ਦੇ ਉਪਚਾਰਿਕ ਗੁਣਾਂ ਕਰਕੇ ਨਹੀਂ ਸਗੋਂ ਪਰਾ-ਜਗਤ ਦੀਆਂ ਜੋ ਭਾਵਨਾਵਾਂ ਇਸ ਦੁਆਰਾ ਪ੍ਰਗਟ ਹੁੰਦੀਆਂ ਹਨ ਉਸ ਕਾਰਣ।


ਮੇਰਾ ਵਿਸ਼ਵਾਸ ਹੈ ਕਿ ਸੋਚਣ ਦਾ ਇਹੋ ਤਰੀਕਾ ਸੀ ਜਿਸਨੇ ਬਾਸ਼ੋ ਨੂੰ ਇੱਕ ਮਹਾਨ ਕਵੀ ਬਣਾਇਆ। ਜਦੋਂ ਸਾਹਿਤ ਦੇ ਇਤਿਹਾਸਕਾਰ ਕਹਿੰਦੇ ਹਨ ਕਿ ਬਾਸ਼ੋ ਦੀ ਮ੍ਰਿਤੂ ਤੋਂ ਮਗਰੋਂ "ਹਾਇਕੂ ਨਿਘਾਰ" ਵਾਪਰਿਆ ਤਾਂ ਮੇਰੇ ਮਨ ਵਿੱਚ ਇਹ ਸੰਸਾ ਪੈਦਾ ਹੁੰਦਾ ਹੈ ਕਿ ਇਹ ਨਿਘਾਰ ਦਾ ਕਾਰਣ ਇਹੋ ਸੀ ਕਿ ਹਾਇਕੂ ਨੂੰ ਇਸਦੀ ਕਾਵਿਕਤਾ ਅਤੇ ਕਾਵਿਕ ਦ੍ਰਿਸ਼ਟੀ ਦੇ ਵਾਹਨ ਬਣਨ ਦੇ ਹੱਕ਼ ਤੋਂ ਵਿਰਵਾ ਕੀਤਾ ਗਿਆ। ਮੈਂ ਇਕ਼ਬਾਲ ਕਰਦੀ ਹਾਂ ਕਿ ਮੈਂ ਅਜਿਹੀਆਂ ਲਿਖਤਾਂ, ਜਾਪਾਨੀਆਂ ਜਾਂ ਜਾਪਾਨ ਤੋਂ ਬਾਹਰਲੇ ਲੇਖਕਾਂ ਦੀਆਂ, ਨੂੰ ਸਭਤੋਂ ਵੱਧ ਦਿਲਚਸਪ ਪਾਉਂਦੀ ਹਾਂ ਜਦੋਂ ਕਵੀਜਨ ਕਵਿਤਾ ਦੇ ਸਾਰੇ ਔਜ਼ਾਰਾਂ-ਅਦਾਵਾਂ ਦੀ ਵਰਤੋ ਕਰਨ ਦੀ ਖੁੱਲ੍ਹ ਲੈ ਕੇ ਰਚਨਾ ਕਰਦੇ ਹਨ ਅਤੇ ਜੋ ਅਨੇਕਾਂ ਸਭਿਆਚਾਰਾਂ ਦੇ ਕਵੀਆਂ ਦੀ ਕਾਵਿ-ਦ੍ਰਿਸ਼ਟੀ ਤੋਂ ਉਤਸ਼ਾਹ ਲੈਂਦੇ ਹੋਏ ਸਾਰੀਆਂ  ਹੀ ਪੁਰਾਤਨ ਕਾਵਿ-ਤਕਨੀਕਾਂ ਨੂੰ ਨਵੀਆਂ ਵਿਧਾਵਾਂ ਵਿੱਚ ਵਰਤਣ ਦੇ ਕ਼ਾਬਿਲ ਹੁੰਦੇ ਹਨ।

No comments:

Post a Comment