Monday, February 24, 2014

ਹਾਇਕੂ ਦੇ ਦਿਲ ਦੀ ਧੜਕਣ - ਕੀਗੋ



ਕੀਗੋ - ਹਾਇਕੂ ਦੇ ਦਿਲ ਦੀ ਧੜਕਣ
ਮੂਲ ਲੇਖਕ: ਰਾਬਰਟ ਡੀ. ਵਿਲਸਨ 
 
ਕੀਗੋ, ਹਾਇਕੂ ਦੇ ਦਿਲ ਦੀ ਧੜਕਣ ਹੈ, ਇਸਦਾ ਤੱਤ-ਸਾਰ ਹੈ।
ਜਾਪਾਨੀ
ਸਭਿਆਚਾਰਕ ਸਮ੍ਰਿਤੀ ਜ਼ੇਨ ਬੋਧੀ-ਮੱਤ, ਤਾਓਵਾਦ, ਸ਼ਿੰਟੋ ਧਰਮ, ਅਤੇ ਜਾਪਾਨੀ ਦੀਪ-ਸਮੂਹਾਂ ਦੇ ਆਦਿ-ਵਾਸੀ ਲੋਕਾਂ, ਆਏਨੂੰ, ਵਲੋਂ ਵਿਰਸੋਏ ਹੋਏ ਔਝਾ-ਰੀਤੀਆਂ ਵਾਲੇ ਜੜ੍ਹਵਾਦੀ ਸਨਾਤਨੀ-ਧਰਮ ਦੇ ਸੁਮਿਸ਼੍ਰਣ ਦੁਆਰਾ ਉਸਰੀ ਹੋਈ ਹੈ।
ਉਹ ਲੋਕ ਵੀ ਹਨ ਜਿਨ੍ਹਾਂ ਦਾ ਇਹ ਦਾਵਾ ਹੈ ਕਿ ਜਾਪਾਨ ਜ਼ੇਨ-ਬੋਧੀ ਧਰਮ ਵਾਲਾ ਦੇਸ਼ ਹੈ, ਪਰ ਤੱਥਾਂ ਤੇ ਆਧਾਰਿਤ ਕੀਤੀ ਬਾਰੀਕਬੀਨੀ ਇਸ ਬਲਿੱਥ-ਮੁਖੀ ਵਿਚਾਰ ਨੂੰ ਝੁਠਲਾ ਦਿੰਦੀ ਹੈ।

ਸ਼ਿੰਟੋ ਅਤੇ ਕਰਮ-ਕਾਂਡੀ ਰੀਤੀਆਂ ਵਾਲੇ ਆਦਿ-ਧਰਮ, ਦੋਵਾਂ ਲਈ ਹੀ ਜੜ੍ਹਵਾਦ ( ਕੁਦਰਤ ਦੀ ਹਰ ਵਸਤ ਦੀ ਇੱਕ ਰੂਹ ਹੈ - ਅਨੁ. ) ਇੱਕ ਸੱਤ ਹੈ, ਜਦੋਂਕਿ ਪੱਛਮ ਲਈ ਇਹ ਅਨਪੜ੍ਹ ਅਤੇ ਅਸਭਯ ਬੇਧਰਮੀਆਂ ਦਾ ਅੰਧ-ਵਿਸ਼ਵਾਸ ਹੈ।
ਜਰਮਨ
-ਆਧਾਰ ਵਾਲੀ ਵਿਦਿਅਕ-ਪ੍ਰਣਾਲੀ ਵਾਂਗ ਹੀ ਸਮੁੱਚੇ ਪੱਛਮੀ ਜਗਤ ਵਿੱਚ ਉਹ ਯਹੂਦੀ-ਈਸਾਈ ( ਸਾਮੀ ) ਵਿਚਾਰ ਪ੍ਰਧਾਨ ਹੋ ਚੁੱਕਾ ਹੈ ਜੋ ਮਨੁੱਖ ਨੂੰ ਕੁਦਰਤ ਤੋਂ ਉੱਪਰ ਠਹਿਰਾਉਂਦਾ ਹੈ।
ਇਸ
ਵਿਚਾਰ ਅਨੁਸਾਰ ਕੁਦਰਤ ਆਪਣੇ ਆਪ ਵਿੱਚ ਇੱਕ ਸ਼ਕਤੀ ਨਾ ਹੋ ਕੇ ਉਸ ਕਰਤਾ ਦੀ ਇੱਕ ਉਪਜ ਹੈ ਜੋ ਇਸਦੇ ਹਰ ਪ੍ਰਗਟਾਵੇ, ਹਰ ਅਭਿਵਿਅਕਤੀ, ਦਾ ਚਾਲਕ ਹੈ ਅਤੇ ਜਿਸਨੇ ਕੁਦਰਤ ਨੂੰ ਮਨੁੱਖ ਦੀ ਖ਼ਾਤਿਰ ਅਤੇ ਖ਼ਾਤਿਰ ਵਿੱਚ ਮਨੁੱਖ ਤੋਂ ਨਿਗੂਣਾ ਰਚਿਆ।

ਜਾਪਾਨੀ ਚਿੱਤ ਜ਼ਿੰਦਗੀ ਦੇ ਹਰ ਪਹਿਲੂ/ਵਸਤ ਨੂੰ ਆਪਣੇ ਹਾਣ ਦਾ ਗਿਣਦਾ ਹੈ।
ਕੁਦਰਤ
ਪ੍ਰਤੀਪਲ ਬਦਲਾਉ ਵਿੱਚ ਹੈ, ਇਸ ਵਿੱਚ ਕੁਝ ਵੀ ਖੜੋਤ ਵਿੱਚ ਨਹੀਂ ਹੈ। ਇਹ ਮਨੁੱਖ ਦੇ ਵਸ ਤੋਂ ਬਾਹਰ ਹੈ, ਅਤੇ ਇਸ ਬਾਰੇ ਕੋਈ ਪੂਰਵ-ਅਨੁਮਾਨ, ਕੋਈ ਕਿਆਸਆਰਾਈ ਨਹੀਂ ਕੀਤੀ ਜਾ ਸਕਦੀ। 
ਚਾਰੇ
ਰੁੱਤਾਂ ਅਤੇ ਇਹਨਾਂ ਦੇ ਕਾਰਣ ਵਾਪਰਦੀਆਂ ਤਬਦੀਲੀਆਂ ਹਨ ਜੀਵਨ ਦੇ ਪਨਪਣ ਦਾ ਆਧਾਰ, ਜੋ ਸਾਡੇ ਅੰਦਰ ਗਹਿਰੇ ਭਾਵ ਪੈਦਾ ਕਰਦੀਆਂ ਹਨ ਅਤੇ ਕਲਾਤਮਿਕ ਵਿਰੇਚਨ - ਕਥਾਰਸਿੱਸ - ਵੀ।
ਜਾਪਾਨੀ
ਕਲਾਵਾਂ ਦੀਆਂ ਸਾਰੀਆਂ ਵਿਧਾਵਾਂ ਦੇ ਜ਼ਰੀਏ ਹੀ ਇੱਕ ਸਾਊ ਜੀਵ ਨੂੰ ਇਹੋ ਸਿਖਾਇਆ ਜਾਂਦਾ ਹੈ -
ਉਸ
ਅਲੌਕਿਕ ਵੱਲ ਨੂੰ ਮੁੱਖ ਫੇਰ, ਇਸਦੀ ਮਧੁਰਤਾ ਅਤੇ ਸੁਹਜ ਨਾਲ ਪਹਿਚਾਣ ਸਥਾਪਤ ਕਰ,
ਇਸਦੀ ਲੈਅ ਨੂੰ ਅਪਣਾਉਣਾ।

ਸ਼ਿਨਕੇਈ (1406-1464) ਨੇ ਇਵਾਹਾਸੀ ਬਾਤਸੁਬੁਨ  ਦੀ ਪ੍ਰਸਤਾਵਨਾ ਵਿੱਚ ਲਿਖਿਆ:

"ਜੋ ਪ੍ਰਾਣੀ ( ਕਵਿਤਾ ਦੇ ) ਮਾਰਗ ਤੋਂ ਅਣਜਾਣ ਹੈ ਉਹ ਚਾਰਾਂ ਰੁੱਤਾਂ ਦੇ ਪ੍ਰੀਵਰਤਨ-ਚੱਕ੍ਰ ਪ੍ਰਤੀ ਅੰਨ੍ਹਾ ਹੈ, ਦਸ ਹਜ਼ਾਰ ਮੰਡਲਾਂ ਦੇ ਰੰਗਾਂ ਅਤੇ ਰੂਪਾਂ ਵਿੱਚ ਵਰਤ ਰਹੇ ਧੰਨਤਾਜੋਗ  ਧਰਮ  ਦੀ ਉਸਨੂੰ ਕੋਈ ਖ਼ਬਰ ਨਹੀਂ। ਉਹ ਬੁੱਚੀ ਦੀਵਾਰ ਦੇ ਸਾਹਮਣੇ ਸਿਰ ਉੱਪਰ ਦੀਂ ਬਾਲਟੀ ਲੈਕੇ ਬੈਠਾ ਹੀ ਆਪਣੀ ਆਰਜਾ ਖ਼ਰਚ ਦਿੰਦਾ ਹੈ।" ( ਪੰਨਾ 347 )

ਕੁਝ ਵੀ ਸਿਰਫ਼ ਉਤਨਾ ਹੀ ਨਹੀਂ ਹੈ ਜੋ ਪ੍ਰਤੱਖ ਵਿੱਚ ਨਜ਼ਰ ਆਉਂਦਾ ਹੈ। ਕੁਦਰਤ ਪੂਰਵ-ਅਨੁਮਾਨੀਯ ਨਹੀਂ - ਰਹੱਸਮਈ ਹੈ। ਇਹ ਨਾ ਤਾਂ ਸਥਿਲ/ਨਿੱਸਲ ਹੈ ਨਾ ਹੀ ਵਿਅਕਤੀਪ੍ਰਕ ਜਾਂ ਅੰਤਰਮੁਖਤਾ-ਮਈ। ਇਹ ਤਾਂ ਜ਼ੌਕਾ  ਹੈ, ਜਿਹਨੂੰ ਡੇਵਿਡ ਬਾਰਨਿੱਲ ਇਉਂ ਬਿਆਨਦਾ ਹੈ,

"
ਕੁਦਰਤ ਦੀ ਸਹਿਜ-ਭਾਵ ਹੀ ਖ਼ੂਬਸੂਰਤ ਰੂਪਾਂਤਰਣ ਜ਼ਾਹਿਰ ਕਰਨ ਦੀ ਸਿਰਜਨਾਤਮਿਕ ਸ਼ਕਤੀ। ਇਹ ਰੂਪਾਂਤਰਣ  ਅਲੱਗ-ਅਲੱਗ ਪੱਧਰਾਂ ਉੱਤੇ ਵਾਪਰਦਾ ਹੈ,
ਚਾਰ
ਰੁੱਤਾਂ ਵਿੱਚ ਤਬਦੀਲੀ ਜੇ ਇੱਕ ਪੱਧਰ ਹੈ, ਤਾਂ  
ਕਿਸੇ ਦ੍ਰਿਸ਼ ਵਿੱਚ ਪਲ-ਪਲ ਰਹੀ ਤਬਦੀਲੀ ਇਸੇ ਦਾ ਇੱਕ ਹੋਰ ਤਲ।"

ਕੁਦਰਤ
ਅਤੇ ਸਮੇਂ ਦੀ ਆਪਣੇ ਰੂਪਾਂਤਰਣ ਦੀ ਸ਼ਕਤੀ ਦਾ ਨਾਮ ਜ਼ੌਕਾ ਹੈ - ਇੱਕ ਅਜਿਹਾ ਕਲਾਕਾਰ ਜਿਸਦਾ ਬੁਰਸ਼ ਅਰੁੱਕ ਚਲਦਾ ਰਹਿੰਦਾ ਹੈ।

ਕੁਦਰਤ ਪ੍ਰਤੀਪਲ ਆਪਣੀ ਕਾਇਆ ਪਲਟਣ ਦੇ ਆਹਰੇ ਲੱਗੀ ਹੋਈ ਹੈ। ਇਹ ਕਵੀ ਦੇ ਆਪਣੇ ਵੱਸ ਵਿੱਚ ਹੈ ਕਿ ਉਹ ਕੁਦਰਤ ਦੀ ਤਰਜ਼ 'ਤੇ ਹੀ ਕ੍ਰਿਆਸ਼ੀਲ ਹੋਵੇ। ਸ੍ਰਿਜਨਾਤਮਿਕਤਾ ਦੇ ਤੱਤ ਤੋਂ ਵਾਕਿਫ਼ ਹੋਣ ਲਈ ਇਹ ਜ਼ਰੂਰੀ ਹੈ ਕਿ ਕੁਦਰਤ ਅਤੇ ਕੁਦਰਤ ਦੀ ਸ੍ਰਿਜਨਾਤਮਿਕ ਤਾਕ਼ਤ ( ਜ਼ੌਕਾ ) ਵਿਚਲੇ ਭੇਦ ਤੋਂ ਜਾਣੂੰ ਹੋਇਆ ਜਾਵੇ। ਇਸਨੂੰ ਕਿਸੇ ( ਬ੍ਰਹਮਾਦਿ ) ਅਧਿਆਤਮਿਕ ਦੇਵਤੇ ਨਾਲ ਮਿਲਾ ਕੇ ਨਾ ਦੇਖੋ। ਹਾਇਕੂ ਨੂੰ ਸਮਝਣ ਲਈ ਤੁਹਾਨੂੰ ਤਾਓਵਾਦ, ਜ਼ੇਨ-ਬੋਧੀਮੱਤ, ਸ਼ਿੰਟੋ, ਕਰਮਕਾਂਡੀ ਜੜ੍ਹਵਾਦ ਆਦਿ ਦੀ ਇੱਕ ਵਿਚਾਰਧਾਰਿਕ ਲੜ੍ਹੀਬੱਧਤਾ ਦੀ ਸੰਕਲਪਨਾਤਮਿਕ ਸਚਾਈ, ਜ਼ੌਕਾ
ਸਮਝਣਾ ਲਾਜ਼ਮੀ ਹੈ।  

ਇਹ ਇਨਸਾਨ ਦੇ ਵੱਸ ਦਾ ਨਹੀਂ ਹੈ ਕਿ ਉਹ ਜ਼ੌਕਾ ਦੀ ਵਿਆਖਿਆ ਕਰ ਸਕੇ, ਇਸਨੂੰ ਕਿਸੇ ਖ਼ਾਨੇ ਵਿੱਚ ਰੱਖ ਸਕੇ ਜਾਂ ਕਿ ਇਸ ਬਾਰੇ ਕੋਈ ਪੂਰਵ-ਅਨੁਮਾਨ ਲਗਾ ਸਕੇ।

ਕੀਗੋ ਦੀ ਹਾਇਕੂ ਵਿੱਚ ਕੀ ਮਹੱਤਤਾ ਹੈ, ਇਹ ਜਾਣਨ ਲਈ ਸਾਡਾ ਨਾ ਤਾਂ ਜਾਪਾਨੀ ਹੋਣਾ ਹੀ ਜ਼ਰੂਰੀ ਹੈ ਅਤੇ ਨਾ ਹੀ ਕਿਸੇ ਧਰਮ-ਵਿਸ਼ੇਸ਼ ਦੇ ਧਾਰਣੀ ਹੋਣਾ। ਇਹ ਹਾਇਕੂ ਦਾ ਸਾਰ-ਤੱਤ ਹੈ, ਅਣਕਹੇ ਨੂੰ ਕਹਿਣ ਦਾ  ਸਭ ਤੋਂ ਕਾਰਗਰ ਸਾਧਨ। ਕੁਦਰਤ ਦੀ ਸਿਰਜਨਾਤਮਿਕ ਸ਼ਕਤੀ ( ਜ਼ੌਕਾ ) ਹਾਇਕੂ ਵਿੱਚ ਕੀਗੋ ਰਾਹੀਂ ਰੂਪਮਾਨ ਹੁੰਦੀ ਹੈ। ਕੁਦਰਤ ਵਾਂਗ ਹੀ, ਕਲਾਕਾਰ ਦਾ ਚਿੱਤ ਵੀ, ਅਕੱਥ ਦਾ ਕਥਨ ਕਰਦਾ ਹੈ, ਬਾਹਰਮੁਖੀ ਨਿਰੰਤਰਤਾ ਦੀ ਚਿਤ੍ਰਕਾਰੀ ਕਰਦਾ ਹੈ ਜੋ ਕ੍ਰਿਆ/ਘਟਨਾ-ਮੁਖੀ  ਹੈ ਨਾਂਕਿ ਨਾਂਵ/ਵਸਤੂ-ਮੁਖੀ। ਇੱਕ ਖ਼ਾਲਸ ਹਾਇਕੂ ਦਾ ਕੇਂਦ੍ਰ ਕੋਈ ਵਸਤ ਨਹੀਂ ਹੁੰਦਾ। ਵਸਤਾਂ ਚਲਾਏਮਾਨ ਅਤੇ ਬਹਿਰੂਨੀ ਹਨ। ਵਰਤਾਰਾ, ਵਸਤ ਨਾਲੋਂ ਵੱਧ ਮਹੱਤਵ ਵਾਲਾ ਹੈ: ਅੰਦਰੂਨੀ ਅਦ੍ਰਿਸ਼ਟ ਅਤੇ ਅਣਸੁਣੇ ਦਾ ਜਦੋਂ ਬਹਿਰੂਨੀ ਨਾਲ ਯੋਗ ਹੁੰਦਾ ਹੈ ਤਾਂ ਉਹ ਕਵੀ ਨੂੰ ਉਸ ਤਰਲ ਸੰਸਾਰ ਵਿੱਚ ਲੈ ਜਾਂਦਾ ਹੈ ਜਿੱਥੇ ਉਸਤਾਦ ਹਨ ਸਹਿਜ-ਬੋਧ ਅਤੇ ਅੰਤਰਗਿਆਨ 

ਚੀਨੀ ਚਿਤ੍ਰਕਾਰ ਜ਼ਹੁ ਯਨਮਿੰਗ ਨੇ ਲਿਖਿਆ (1460-1526):

"ਇੱਕ ਤਾਂ, ਇਸ ਬ੍ਰਹਿਮੰਡ ਦੇ ਹਰ ਵਸਤ ਦਾ ਇੱਕ ਅੰਤਰ ਆਤਮਾ ਹੈ, ਅਤੇ ਦੂਜੇ -
ਉੱਤਪਤੀ ਦੇ ਰਹੱਸ ਨੂੰ, ਜੋ ਕਿਉਂਕਿ ਪ੍ਰਤੀਪਲ ਬਦਲਾਉ ਵਿੱਚ ਹੈ ਅਤੇ ਅਸਥਿਰ ਹੈ, ਰੂਪਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।"

ਹਾਇਕੂ ਕਵੀਆਂ ਵਜੋਂ ਸਾਨੂੰ, ਹਾਇਕੂ ਦੇ ਮੂਲ ਅਸੂਲਾਂ ਦੇ ਮੱਦ-ਏ-ਨਜ਼ਰ, ਛੋਟੀ/ਲੰਬੀ/ਛੋਟੀ ਸਤਰ ਦੇ ਮੀਟਰ ਅਤੇ ਕੀਗੋ ਦਾ ਇਸਤੇਮਾਲ ਕਰਦਿਆਂ ਹਾਇਕੂ ਲਿਖਣ ਵਿੱਚ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਅਸੀਂ ਕਿਉਂਕਿ ਇੱਕ ਅਜਿਹੀ ਵਿਧਾ ਵਿੱਚ ਲਿਖ ਰਹੇ ਹਾਂ ਜੋ ਸੰਖੇਪ ਹੋਣ ਕਾਰਣ ਲਿਖਣ ਵਿੱਚ ਜਿੰਨੀ ਆਸਾਨ ਹੈ ਚੰਗੀ ਲਿਖਣੀ ਉੰਨੀ ਹੀ ਮੁਸ਼ਕਲ ਤਾਂ ਕਵੀਆਂ ਵਜੋਂ ਸ਼ਬਦਾਂ ਦਾ ਸਰਫਾ ਕਰਦਿਆਂ, ਅਣਕਹੇ ਵਲ ਮਹਿਜ਼ ਇਸ਼ਾਰਾ ਕਰਦਿਆਂ ਇਸਨੂੰ ਜੀਵੰਤ ਕਰਨ ਲਈ ਸਾਨੂੰ, ਇੱਕ ਲੋੜ ਵਜੋਂ, ਜਾਪਾਨੀ ਸੁਹਜ-ਸ਼ਾਸਤਰ ਦੇ ਔਜ਼ਾਰਾਂ-ਅਦਾਵਾਂ ਨੂੰ ਅਤੇ ਉਹਨਾਂ ਦੇ ਇਸਤੇਮਾਲ ਦੀ ਕ਼ੀਮਤ-ਕ਼ਦ੍ਰ ਵੀ ਸਮਝਣੀ ਚਾਹੀਦੀ ਹੈ। ਕੀਗੋ ਅਨੁਸਾਰ ਕੁਦਰਤ ਇਉਂ ਹੈ ਜਿਵੇਂ ਲਗਾਮਾਂ ਤੋਂ ਬਿਨਾਂ ਘੋੜਾ - ਆਜ਼ਾਦ। ਅਸੀਂ ਉਸੇ ਤਰੀਕੇ ਨਾਲ ਹੀ ਕੁਦਰਤ ਤੋਂ ਸਿੱਖ ਸਕਦੇ ਹਾਂ ਜਿਵੇਂ ਆਪਣੇ ਹਾਇਕੂ ਲਿਖਣ ਲਈ ਬੂਸੋਂ ਨੇ ਸਿੱਖਿਆ: 

ਜ਼ੌਕਾ, ਕੁਦਰਤ ਦੀ ਕਥਨ ਵਿੱਚ ਨਾ ਲਿਆਂਦੀ ਜਾ ਸਕਣ ਵਾਲੀ ਉਹ ਤਾਕ਼ਤ ਜੋ ਹਰ ਚੀਜ਼ ਦਾ ਨਿਰਮਾਣ ਅਤੇ ਵਿਨਾਸ਼ ਕਰਦੀ ਹੈ, ਦਾ ਦੇਖਣਾ ਅਤੇ ਪੇਖਣਾ। ਜਦ ਇੱਕ ਬਾਰ ਇਹ ਗਲ ਸਮਝ ਵਿੱਚ ਬੈਠ ਜਾਵੇਗੀ ਤਾਂ ਕਿਸੇ ਵੀ ਕਵੀ ਦੇ ਹਾਇਕੂ ਵਿੱਚ ਨਵੀਂ ਗਹਿਰਾਈ ਆ ਜਾਂਦੀ ਹੈ।

ਹਾਇਜਿੰਕਸ IV:1 ( ਮਾਰਚ 2011 ) ਵਿੱਚ ਲੇਖਕ ਦੀ ਇਜਾਜ਼ਤ ਨਾਲ ਛਪੇ ਤੋਂ ਅਨੁਵਾਦ ਕੀਤਾ ਗਿਆ ਹੈ।


Friday, February 14, 2014

ਹਾਇਕੂ ਦੀ ਮ੍ਰਿਤੂ





ਹਾਇਕੂ
ਦੀ ਮ੍ਰਿਤੂ
ਹੋਂਦ ਅਤੇ ਅਣਹੋਂਦ  : ਰਾਹੋਂ ਭਟਕ ਚੁੱਕਾ ਇੱਕ ਤਜ਼ਰਬਾ
ਅੰਤਿਮ ਅਤੇ ਛੇਵਾਂ ਭਾਗ: ਹਾਇਕੂ ਦੇ ਸੁਹਜ ਬਾਰੇ ਨਿਬੰਧ
ਰਾਬਰਟ ਡੀ. ਵਿਲਸਨ 

ਅਨੁਵਾਦ: ਦਲਵੀਰ ਗਿੱਲ
**************************************************************************
"ਕੱਚ-ਘਰੜ ਅਤੇ ਸਿੱਧੜ ਲੋਕਾਂ ਦੇ ਹੱਥ ਆਉਣ ਤੋਂ ਬਾਅਦ ਹਾਇਕੂ ਦਿਨੋਂ-ਦਿਨ ਵਧ ਰਿਹਾ ਹੈ - ਗਿਣਤੀ ਵਿੱਚ ਵੀ ਅਤੇ ਤੁੱਛਤਾ ਤੇ ਟੁੱਚ-ਪੁਣੇ ਵਿੱਚ ਵੀ।"
 
- ਮਾਸਾਓਕਾ ਸ਼ੀਕੀ 
ਅਨੁ. ਜੇਨੀਨ ਬੀਖਮਨ : ਮਾਸਾਓਕਾ ਸ਼ੀਕੀ :  ਜੀਵਨ ਅਤੇ ਰਚਨਾ

ਗੰਜਾ ਨਸਲਵਾਦੀ
ਮੱਥੇ 'ਤੇ ਖੁਣੇ ਸ਼ਬਦ
ਮਾਂ ਚੁਦਵਾ
- ਜੈਕ ਗਲਮਿਤਜ਼ - ਨਿਊ ਯਾਰਕ, ਅਮਰੀਕਾ - ਸਪਾਟ, ਇਮਪ੍ਰੈੱਸ 2013
ਦਿਮਿਤ੍ਰ ਅਨਾਕਿਏਵ ਦੁਆਰਾ ਆਪਣੇ ਫੇਸਬੁੱਕ ਗਰੁੱਪ "ਹਾਇਕੂ ਮਾਸਟਰਕਲਾਸ" ਵਿੱਚ ਅਕਤੂਬਰ 12, 2013 ਨੂੰ ਪ੍ਰਕਾਸ਼ਿਤ ਕੀਤਾ ਗਿਆ। 

ਮੇਰਾ ਬਾਪੂ,
ਮੂੰਹ ਅਤੇ ਗੁਦਾ ਦੋਵੇਂ ਖੁੱਲੇ -
ਇੱਕ ਚਮਕਦਾ ਬੱਦਲ
-
ਬਨ'ਯਾ ਨਾਤਸ਼ੁਇਸ਼ੀ, ਜਾਪਾਨ 

ਫਟੇ ਕੋਟ ਦੇ ਸੁਰਾਖਾਂ 'ਤੇ
ਟਾਕੀਆਂ ਲਗਾਉਂਦਾ - ਇੰਝ ਬਣਿਆ ਮੈਂ
ਮਾਰਕਸਵਾਦੀ
- ਦਿਮਿਤ੍ਰ ਅਨਾਕਿਏਵ, ਸਲੋਵੇਨੀਆ

ਮੱਛੀਆਂ ਦਾ ਨਵਾਂ ਤਾਲਾਬ -
ਬਿੱਲੀ ਨੇਂ ਸਿਖਿਆ
ਤੈਰਨਾ
- ਲੋਰਿਨ ਫੋਰਡ, ਆਸਟ੍ਰੇਲੀਆ 
ਮਸ਼ਹੂਰ "ਸ਼ੀਕੀ ਕੁਕਾਈ" ਮੁਕਾਬਲੇ ( ਜੂਨ, 2005 ) ਵਿੱਚ ਨੌਵਾਂ ਸਥਾਨ 

ਬੇਧਿਆਨੇ ਜਗਤ ਮੂਹਰੇ ਵਾਲਰਸ ਦੇ ਬੁੱਲ੍ਹਾਂ ' ਵਾਜਾ
- ਮਾਰਲੀਨ ਮਾਉਨਟੈਨ, ਅਮਰੀਕਾ - ਹਾਇਕੂ 21; 2011  

ਕੋਹਰਾ ਜੰਮੀ ਖਿੜਕੀ
ਹਮਾਮ ਵਿੱਚ ਸ਼ਾਮਿਲ ਕੀਤੀ ਮੈਂ
ਰਬੜ ਦੀ ਬੱਤਖ
- ਰਾਬਰਟਾ ਬਿਐਰੀ - ਵਾਸ਼ਿੰਗਟਨ ਡੀ. ਸੀ., ਅਮਰੀਕਾ  
ਕਿਯੋਸ਼ੀ ਅਤੇ ਕੀਯੋਕੋ ਤੋਕੁਤੋਮੀ ਯਾਦਗਾਰੀ ਹਾਇਕੂ ਮੁਕਾਬਲੇ 2012 ਦਾ ਜੇਤੂ

ਬਨਸਪਤੀ-ਵਿਗਿਆਨ ਦਾ ਬਾਗ
ਪਲਾਸਟਕੀ ਫੁੱਲ ਝੂਮੇ
ਮਹਿਲਾ ਦੇ ਟੋਪ ਚੋਂ
- ਅਰਨੈਸਟ ਬੈਰੀ, ਨਿਊ ਜ਼ੀਲੈਂਡ
23ਵੇਂ ਇਤੋ ਏਨ ਓਈ ਓਚਾ ਨਵੀਨ ਹਾਇਕੂ ਮੁਕਾਬਲੇ, 2013, ਵਿੱਚ ਸਨਮਾਨਿਤ ਦਾਖਲਾ

ਨਿਰਸੰਦੇਹ ਪੱਤਝੜ ਦੇ ਰੰਗ
- ਕ੍ਰਿਸਟੋਫਰ ਪੈਛਲ, ਅਮਰੀਕਾ 
ਤੀਸਰਾ ਸਥਾਨ , ਪਹਿਲੇ ਸਲਾਨਾ ਪੈੱਗੀ ਵਿੱਲਿਸ ਲਾਏਲਸ ਹਾਇਕੂ ਇਨਾਮਾਤ 2013


ਖਚਾਖੱਚਭਰੀਲਿਫਟਵਿੱਚਸਾਰੀਆਂਮੰਜ਼ਿਲਾਂਦੇਬਟਨਦੱਬੇਹੋਏ   
ਜਾਹਨ ਸਟੀਵਨਸਨ - ਨਿਊ ਯਾਰਕ, ਅਮਰੀਕਾ; ਅੰਗ੍ਰੇਜ਼ੀ ਹਾਇਕੂ 2013  

, ਪਰ-ਨਾਰ !
ਚੁੱਕੀ ਜਾਵੇਂ ਆਈਸ-ਸਕੇਟ
ਗਿੱਲੇ ਜੋ ਹਾਲੀ
- ਤਾਕਾਹਾ ਸ਼ੁਗਯੋ
ਅਨੁ.: ਹੋਸ਼ਿਨੋ ਸੂਨੇਹੀਕੋ ਅਤੇ ਏਡ੍ਰੀਅਨ ਜੇ. ਪਿਨਿੰਗਟਨ 
ਅੰਤਰਰਾਸ਼ਟਰੀ ਹਾਇਕੂ ਸੰਸਥਾ, ਜਾਪਾਨ 

ਮੈਂ ਬਚ ਨਿਕਲਾਂਗਾ
ਜੇਨ ਨੂੰ ਬਗਲ ਦਬਾਏ
ਟਾਰਜ਼ਨ ਵਾਂਗ
- ਯੋਸ਼ੀਤੋਮੋ ਅਬੇ
ਅਨੁ.: ਬਨ'ਯਾ ਨਾਤਸ਼ੁਇਸ਼ੀ ਅਤੇ ਡੇਵਿਡ ਜੀ. ਲੇਨਊ
ਨਿਗਾਤਾ ਪ੍ਰੀਫੈਕਟਰ, ਜਾਪਾਨ 
ਗਿਨਯੂ ਨੰਬਰ 21

ਜਦ ਤੱਕ ਉਹ ਖ਼ੁਦ ਮੈਨੂੰ ਪਿਆਰ ਨਾ ਕਰੇ ਮੈਂ ਪੀਵਾਂ ਵਿਹਸਕੀ
- ਜਿਮ ਕੇਚੀਅਨ, ਅਮਰੀਕਾ 


ਨੀਲੀਆਂਨੀਲੀਆਂਘੰਟੀਆਂਚਿੱਟੀਆਂਨੀਲੀਆਂਘੰਟੀਆਂਨੀਲੀਆਂਸਾਰੀਆਂਘੰਟੀਆਂ  
ਹੇਲੇਨ ਬਕਿੰਘਮ - ਬ੍ਰਿਸਲ, ਇੰਗਲੈਂਡ 
ਅੰਡਰ ਬਾਸ਼ੋ, ਪੱਤਝੜ 2013


ਕਾਗਜ਼-ਮੋੜਨ ਦੀ ਕਲਾ
ਤਿੰਨ ਮੋੜ ਪਹਿਲਾਂ ਸੀ . . .
ਜਦ ਮੈਂ ਕੰਮ ਗਾਲਿਆ!
- ਮਾਈਕ ਰੇਹਲਿੰਗ, ਅਮਰੀਕਾ 
ਅੰਡਰ ਬਾਸ਼ੋ, ਪੱਤਝੜ 2013

ਮਿਆਊਂ ਮਿਆਊਂ ਵੱਜੇ ਸਾਰੰਗੀ / ਚੰਦ ਨੂੰ ਲੱਤਾਂ ਮਾਰੇ / ਓਹ ਗਿਆ ਮੂ
- ਤੋਸ਼ੀਓ ਕੀਮੂਰਾ, ਅਮਰੀਕਣ ਹਾਇਕੂ ਸੰਸਥਾ ਦਾ ਪ੍ਰਧਾਨਗੀ ਭਾਸ਼ਣ

ਕੁਝ ਕਿਹਾ ਜਾਵੇ ਜਾਂ ਨਾ ਕਿਹਾ ਜਾਵੇ, ਉਹਨਾਂ ਲੋਕਾਂ ਦੀ ਸੇਵਾ ਵਿੱਚ ਜੋ ਮੂੰਗਫਲੀ ਚੱਬਦੇ, ਸੈਂਡਵਿਚਾਂ ਨਾਲ ਅੰਨ-ਸਾੜ ਕਰਦੇ ਗਲ ਤੱਕ ਢਿੱਡ ਭਰੀ ਬੈਠੇ ਬੇਸਬਾਲ ਦੇ ਮੈਚ ਦੇਖਦੇ ਉਹਨਾਂ ਹੋਮ-ਰਨ ਨੂੰ ਉਡੀਕ ਰਹੇ ਹਨ ਜੋ ਕਦੇ ਨਹੀਂ ਵੱਜਦੇ, ਸਮੁੰਦਰੀ ਲਹਿਰਾਂ ਵਾਂਗ ਇੱਕ ਤੋਂ ਮਗਰੋਂ ਇੱਕ ਆਪਣੀ ਵਾਰੀ ਉਡੀਕਦੇ ਸ਼ਰੀਰਾਂ ਦੀ ਤਾਲ ਮਿਲਾ ਕੇ ... ਸਾਗਰੀ ਬਾਜ਼ ਦੀ ਚੀਖ਼, ਪਾਣੀ ਭਿੱਜੇ ਹੱਥਾਂ ਦੀ ਦਿਲਦਾਰੀ ਖੁਸਰ-ਫੁਸਰ ਜੋ ਬੱਚਿਆਂ ਦੇ ਸੁਫਨਿਆਂ ਵਿੱਚ ਰੇਤ ਦੇ ਘਰ ਉਸਾਰਨ ਲਈ ਤਰਲੋ-ਮੱਛੀ ਹੁੰਦੀ ਹੈ, ਭਲਕ ਵਾਲੀ ਤੋਂ ਪਹਿਲਾਂ ਵਾਲੀ ਰਾਤ, ਹੰਪਟੀ-ਡੰਪਟੀ ਦੀ ਮਣਾਂ-ਮੂੰਹ ਖੁਣੀ ਹੋਈ ਬਾਂਹ ਤੋ ਤ੍ਰਿਪਕਦੀ 'ਹੁਣ' ਦੇ ਜਨੇਪੇ ਦੀ ਜੇਰ, ਉਸੇ ਨਰਸਰੀ ਗੀਤ ਵਾਲੇ ਰਾਜੇ ਦਾ ਸਾਰਾ ਅਮਲਾ ਫੈਲਾ ਇੱਕ ਖੂੰਜੇ ਖੜ੍ਹਾ ਸਿਗਰਟਾਂ ਫੂਕਦਾ, ਬੀਅਰਾਂ ਡੱਫਦਾ, ਆਪਣੇ ਪਤਾਲੂ ਖ਼ੁਰਕਦਾ ਉਹਨਾਂ ਸ਼ੀਸ਼ਿਆਂ ਤੇ ਟੇਕ ਬੰਨ ਨੀਝ ਨਾਲ ਤੱਕ ਰਿਹਾ ਹੈ ਜੋ ਉਹਨਾਂ ਝੋਨੇ ਦੇ ਖੇਤਾਂ ਵਿਚੋਂ ਇਕੱਤਰ ਕੀਤੇ ਸਨ ਜਿਹੜੇ ਵੰਡਰਲੈਂਡ ( ਅਜਬ-ਨਗਰੀ ) ਨੇ ਏਲਿਸ ਨਾਲ ਪੀਚੋ-ਬੱਕਰੀ ਖੇਡ ਕੇ ਪਿੱਛੇ ਛੱਡੇ ਸਨ ਅਤੇ  ... ਅਕਲ ਹਰਨ ਹੋ ਗਈ, ਲਤਾਂ ਵਿਚਾਲੇ ਪੂੰਛ ਦੱਬ ਕੇ।

ਬਾਸ਼ੋ ਮਹਾਸ਼ਾ ਜੀਓ, ਮੈਨੂੰ ਮੇਰੇ ਹਾਲ 'ਤੇ ਛੱਡ ਦਿਓ ! ਮੈਂ ਨਾਂਹ ਤਾਂ ਗਾਲੀਆਥ ਵਿੱਚ ਰਾਜੇ ਡੇਵਿਡ ਵਾਂਗ ਆਪਣੇ ਗੁਲੇਲੇ ਚੋਂ ਪੱਥਰ ਵ੍ਰਾਹੁਣੇ ਚਾਹੁੰਦਾ ਹਾਂ ਨਾਂਹ ਨਿਊ ਯਾਰਕ ਯੈੰਕੀਆਂ ਦਾ ਆਲ-ਸਟਾਰ ਗੇਂਦਬਾਜ਼, ਤੀਜੇ ਬੇਸ 'ਤੇ ਮੇਰੀ ਰੂਹ ਉਸਲਵੱਟੇ ਲੈਂਦੀ, ਉਡੀਕਦੀ ਕਿ ਕਦ ਪ੍ਰੇਤ ਨੱਸ ਉੱਡਣ ਉਹਨਾਂ ਘਸਮੈਲੇ ਜਿਹੇ ਬੱਦਲਾਂ ਵੱਲ ਜੋ ਕਿਸੇ ਛੁਣਛੁਣੇ ਵਾਲੇ ਸੱਪ ਵਾਂਗ ਫੁੰਕਾਰੇ ਮਾਰਦੇ ਹਨ। 

ਮੈਂ ਕਰਾਂ ਤਾਂ ਫਿਰ ਕਰਾਂ ਕੀਹ ? ਹੋੱਕੁ ਅਤੇ ਵਾਕਾ ਨਾਲ ਮੈਨੂੰ ਇਸ਼ਕ਼ ਹੈ, ਨਿੱਕ-ਆਕਾਰੀ ਜਾਪਾਨੀ ਕਵਿਤਾ ਨਾਲ ਮੇਰਾ ਮੋਹ ਦਾ ਰਿਸ਼ਤਾ ਹੈ, ਆਹ! ਦੇ ਤਾਣੇ-ਪੇਟੇ ਤੇ ਕਵਿਤਾ ਦਾ ਪੜ੍ਹਨਾ ਤੇ ਲਿਖਣਾ, ਖੋਜ-ਕਾਰਜ ਵਿੱਚ ਡੁੱਬ ਜਾਣਾ, ਪੂਰਵ-ਵਿਕਲਪਾਂ ਤੋਂ ਮਨ ਨੂੰ ਖ਼ਾਲੀ ਕਰਨਾ, ਜ਼ੌਕਾ ( ਹੁਕੁਮ ) ਦਾ ਭਾਣਾ ਸੱਤ ਕਰ ਮੰਨ ਉਸਦੇ ਪਿੱਛ-ਲੱਗ ਬਣ ਉਹਨਾ ਥਾਵਾਂ ਵਰਤਾਰਿਆਂ ਨੂੰ ਜਾਚਣਾ-ਵਾਚਣਾ ਜੋ ਹਨ ਵੀ ਤੇ ਨਹੀਂ ਵੀ - ਜੋ ਸੱਤ ਵੀ ਹਨ ਅਤੇ ਮਾਯਾ ਵੀ, ਕਿਸੇ ਘੁਮੱਕਡ ਵਾਂਗ ਕਦੇ ਵੀ ਨਿਚਲਾ ਨਹੀਂ, ਸ਼ਬਦਾਂ ਦੇ ਤਲ ਤੋਂ ਗਹਿਰਾ ਮਹਿਸੂਸ ਕਰਨਾ, ਮੇਰੇ ਗਿਆਨ-ਇੰਦ੍ਰੇ ਮਨ ਦੀ ਰਫਤਾਰ ਤੋਂ ਵੀ ਤੇਜ਼, ਆਕਾਸ਼-ਗੰਗਾ ਦੀਆਂ ਲਹਿਰਾਂ ਨਾਲ ਦੌੜ ਦਾ ਮੁਕਾਬਲਾ ਜਿਉਂ, ਹਰ ਸਿਤਾਰਾ, ਚਿੱਤ-ਰੰਜਨ ਪਾਰਕ ਦੀ ਕੋਈ ਸਵਾਰੀ, ਸੁਬਹ-ਸਵੇਰੇ ਅਜੇ ਬਗਲੇ ਜਦੋਂ ਸੁਫ਼ਨੇ ਹੀ ਲੈ ਰਹੇ ਹੁੰਦੇ ਹਨ ਤਾਂ ਉਸ ਵੇਲੇ ਖ਼ੁਦ ਦਾ ਮੁੜ-ਸ੍ਰਿਜਣ।

ਪਿੱਥ-ਭੂਮੀ ਦੇ ਹਨੇਰੇ ਵਿੱਚ ਖੜ੍ਹ ਮੈਂ ਬਥੇਰੀ ਇੰਤਜ਼ਾਰ ਕੀਤੀ ਕੀ ਕੋਈ ਫਰਿਸ਼ਤੇ ਆਉਣਗੇ ਅਤੇ ਆ ਕੇ ਜਾਪਾਨ ਦੇ ਇਸ ਲਘੂ ਕਾਵਿ ਨੂੰ ਚਿੱਕੜ ਦੀ ਉਸ ਦਲਦਲ 'ਚੋਂ ਕੱਢਣਗੇ ਜਿਸ ਵਿੱਚ ਇਸਨੂੰ ਧਸੋ ਦਿੱਤਾ ਗਿਆ ਹੈ, ਭੁੱਲਣ ਦੀ ਬਿਮਾਰੀ ਦਾ ਮਾਰਿਆ ਇੱਕ ਬੁੱਢਾ, ਦਿਸ਼ਾਹੀਣ ਜੋ ਗੋਲ ਚੱਕਰਾਂ ਵਿੱਚ ਹੀ ਘੁੰਮੀ ਜਾ ਰਿਹੈ, ਬੀਤੇ ਦੇ ਸ਼ਾਨਾਮੱਤੇ ਸਰੂਪ ਦਾ ਇੱਕ ਕਾਰਟੂਨ, ਇੱਕ ਅਜਿਹੇ ਬਿਰਖ ਦੇ ਹੇਠਾਂ ਵੜਿਆ ਜਿਸਤੇ ਕਈ ਸਾਉਣ ਲੰਘੇ ਪਰ ਭਾਰ ਨਾ ਆਈ, ਓਪੇਰਾ ਵਾਲੀ ਯਤੀਮ ਐਨੀ ਵਰਗੀਆਂ ਅੱਖਾਂ ਵਾਲਾ, ਤੇ ਨਿਓਨ ਬਲਬਾਂ ਦੀ ਚੁੰਧਿਆਹਟ ਜਗ ਰਹੀ ਬੁਝ ਰਹੀ, ਜਗ ਰਹੀ ਬੁਝ ਰਹੀ, ਜਗ ਰਹੀ ਬੁਝ ਰਹੀ, ਅਤੇ ਤੇਰਾ ਚਿੱਤ ਪਿਆਰੇ ਬਾਸ਼ੋ ਸ਼੍ਰੀਮਾਨ ਆਪੂੰ-ਮਹਾਨ-ਬਣੀ ਸੋਸਾਇਟੀ ਆਵ ਅਮੇਰਿਕਾ ਦੀ ਚਕੂੰਢੀ ਲਾ ਕੇ ਸੁੱਕਣੇ ਪਾਇਆ ਹੋਇਆ ਲੀੜੇ ਸੁਕਾਉਣ ਵਾਲੀ ਤਾਰ 'ਤੇ ਜਿਸ ਉੱਪਰ ਲੇਬਲ ਵੀ ਪੋਤਿਆ ਹੋਇਆ ਹੈ "ਮੇਡ ਇਨ ਜਾਪਾਨ" ਦਾ। 

ਅਜਬ-ਨਗਰੀ ਦੇ ਇਸ ਮੋਜ-ਮੇਲੇ ਵਾਲੇ ਪਿੜ੍ਹ ਵਿੱਚ ਮੈਂ ਵੀ ਇੱਕ ਚੰਡੋਲ 'ਤੇ ਸੀਟ ਮੱਲ੍ਹਣ ਲਈ ਅਹੁਲਦਾ ਹਾਂ, ਓਹ ! ਤੁਹਾਡਾ ਭਲਾ ਹੋ ਜੇ, ਆਹ ਕੀ ਨੌਬਤ, ਮੇਰੇ ਅੰਦਰ ਵੀ ਦੌਨ ਕਿਓਹੋਤੇ ਬੈਠਾ ਹੈ, ਮੇਰੀ ਵੱਖੀ ਵਿਚ ਕੂਹਣੀਆਂ ਮਾਰ-ਮਾਰ ਕੇ ਕਹਿ ਰਿਹਾ ਹੈ ਕਿ ਹੋ ਜਾ ਦੋ-ਚਾਰ ਪਵਨ-ਚੱਕੀ ਨਾਲ, ਕਿ ਰਾਮ ਤਾਂ ਭਲੀ ਹੀ ਕਰਨਗੇ ਤੂੰ ਸੂਲੀ ਚੜ੍ਹ ਸਹੀ, ਜੇ ਲੋੜ ਮਹਿਸੂਸਦਾ ਹੈਂ, ਅੱਗ ਲੱਗੀ ਹੈ ਮਸ਼ਕਾਂ ਦਾ ਭਾਅ ਪੁੱਛਦੈਂ, ਦਰਪਣਾਂ ਨੂੰ ਝਕਾਨੀ ਦੇ, ਵਿਧਰਮੀ ਜਾਂਚ ਸੰਘ ਦੇ ਸਿਪਾਹੀ ਮੇਰੇ ਵੱਲ ਨਿਸ਼ਾਨਾਂ ਕਸਦੇ ਹਨ, ਨਿਰਸੰਦੇਹ ਮੈਂ ਡਗਮਗਾਵਾਂਗਾ, ਥਿੜਕਾਂਗਾ, ਜਾਂ ਫਿਰ ਅੰਗੀਕਾਰ ਕਰਾਂਗਾ ਉਸ ਪਰਮ-ਆਨੰਦ ਨੂੰ ਜੋ ਉਸ ਖ਼ਾਲੀ ਸੀਟ 'ਤੇ ਸ਼ੁਸ਼ੋਭਿਤ ਹੈ ਜਿਸਨੂੰ ਨਾਇਕ ਸੰਬੋਧਿਤ ਹੋਇਆ ਸੀ ਪਿਛਲੇ ਸਾਲ ਜਦੋਂ ਸਮੂਹ ਸਰੋਤਾ ਜਨ ਦੀ ਮੌਤ ਹੋਈ ਸੀ, ਅੱਧੀ ਰਾਤ ਤੋਂ ਠੀਕ ਇੱਕ ਮਿੰਟ ਬਾਅਦ, ਉਸਦੀ ਤਕਰੀਰ ਦੇ ਆਖ਼ਰੀ ਸ਼ਬਦ ਦਾ ਆਖ਼ਰੀ ਹਿੱਜਾ ਸਿੰਡਰੈਲਾ ਨੇਂ ਮੌਜੇ ਵਾਂਗ ਮਰੋੜ੍ਹ ਕੇ ਜੁੱਤੀ ਵਿੱਚ ਰੱਖ ਕੇ ਉਸ ਕੁਰਸੀ ਦੇ ਨਾਲ ਵਾਲੀ ਕੁਰਸੀ 'ਤੇ ਰੱਖ ਦਿਤਾ ਸੀ ਜਿਸ ਉੱਪਰ 'ਰਾਜਕੁਮਾਰ' ਦਾ ਈਧਨ ਨਾਲ ਨੱਕੋ-ਨੱਕ ਭਰਿਆ ਪ੍ਰਛਾਵਾਂ ਬੈਠਾ ਸੀ . . . ਓਏ ਵਜੰਤਰੀਆ ਛੱਡ ਖਾਂ ਢੋਲਕ ਦੀ ਗਲ੍ਹ 'ਤੇ ਤੋੜਾ, ਹੋ ਜੇ ਇਕੇਰਾਂ ਡ੍ਰਮ-ਰੋਲ ਫਿਰ .....

ਹਾਇਕੂ ਕੋਈ ਵਿਧਾ ਨਹੀਂ ਹੈ ਆਹ ਚੁੱਕੋ, ਆਖ ਦਿੱਤਾ ਮੈਂ। ਆਪਣੇ ਕਹੇ ਸ਼ਬਦ ਵਾਪਿਸ ਲੈ ਸਕਾਂ ਇਸ ਲਈ ਬਹੁਤ ਦੇਰ ਹੋ ਚੁੱਕੀ ਹੈ ਉਹ ਮੌਕਾ ਖੁੰਝ ਚੁੱਕਾ ਹੈ: ਹਾਇਕੂ ਕੋਈ ਵਿਧਾ ਨਹੀਂ ਹੈ, ਹੋੱਕੁ ਦਾ ਪੁਨਰ-ਸਰੰਚਨ ਕਹੋ ਜਾਂ ਪੁਨਰ-ਰੂਪਾਂਤਰਣ, ਪਰ ਕੁਝ ਅਜਿਹਾ ਜੋ ਪ੍ਰੀਭਾਸ਼ਿਤ ਨਹੀਂ ਕੀਤਾ ਜਾ ਸਕਦਾ / ਨਹੀਂ ਹੋ ਸਕਿਆ।

ਮੇਰੀਅਮ ਵੈਬਸਟਰ ਸ਼ਬਦਕੋਸ਼ 'ਵਿਧਾ' ਨੂੰ ਇਹ ਪ੍ਰੀਭਾਸ਼ਿਤ ਕਰਦਾ ਹੈ, "ਕਲਾ, ਸੰਗੀਤ ਜਾਂ ਸਾਹਿਤ ਦੀ ਵੰਨਗੀ ਜਿਸਦੇ ਲੱਛਣ ਆਪਣੀ ਸ਼ੈਲੀ, ਰੂਪ, ਜਾਂ ਵਸਤੂ ਕਾਰਣ ਨਿਆਰੇ  ਹੁੰਦੇ ਹਨ।"

ਇੱਕ ਵਿਧਾ ਅਖਵਾਉਣ ਲਈ ਹਾਇਕੂ ਦੀ ਵਿਆਖਿਆ ਹੋ ਸਕੇ, ਇਹ ਇੱਕ ਸ਼ਰਤ ਵਾਂਗ ਆਇਦ ਹੈ। ਜਾਪਾਨ ਵਿੱਚ ਅਤੇ ਜਾਪਾਨ ਤੋਂ ਬਾਹਰ, ਹਾਇਕੂ ਦੀ ਕੋਈ ਐਸੀ ਪਰਿਭਾਸ਼ਾ ਨਹੀਂ ਮਿਲਦੀ ਜਿਸ ਉੱਪਰ ਸਰਬ-ਸੰਮਤੀ ਜਾਂ ਬਹੁ-ਸੰਮਤੀ ਹੀ ਹੋਵੇ। ਇਸ ਮਾਮਲੇ ਵਿੱਚ ਕੋਈ ਪੂਰਬ ਤੇ ਪੱਛਮ ਵੀ ਨਹੀਂ ਹੈ। ਜਾਪਾਨੀ ਅਤੇ ਪੱਛਮੀ ਹਾਇਕੂ ਇੱਕ ਹੀ ਵਸਤੂ ਹਨ, ਸਮਰੂਪ ਹਨ, ਇੱਕ ਹੀ ਮਾਲਾ ਦੇ ਮੋਤੀ ਹਨ, ਇੱਕ ਹੀ ਥੈਲੀ ਦੇ ਚੱਟੇ ਅਤੇ ਵੱਟੇ ਹਨ, ਇੱਕੋ ਲੜ੍ਹੀ ਦੀਆਂ ਕੜੀਆਂ ਹਨ, ਇਹ ਕੜੀਆਂ ਬਣਾਉਣ ਲਈ ਵਰਤਿਆ ਗਿਆ ਸੀਦ੍ਹਾ ਦੋਵਾਂ ਵਿੱਚ ਇੱਕੋ ਹੈ ਭਾਵ ਨਿੱਕ ਇਸਦਾ ਅਤੇ ਸੁੱਕ ਉਸਦਾ, ਸਗੋਂ ਸੁੱਕ ਘੱਟ ਤੇ ਨਿੱਕ ਬਹੁਤਾ, ਪਰਤਾਵੇ ਉਤੇ ਹੱਸਦਾ ਪ੍ਰਛਾਵਾਂ।

ਇੱਕ ਝਾਤੀ ਤਾਂ ਮਾਰੋ ਹਾਇਕੂ ਦੀਆਂ ਉਹਨਾਂ ਪ੍ਰੀਭਾਸ਼ਾਵਾਂ ਉੱਤੇ ਜੋ ਕਿਸੇ ਮਾਡਲ ਕੁੜੀ ਵਾਂਗ ਆਪਣੇ ਪਾਸੇ ਮੱਟਕਾਉਂਦੇ ਹੋਏ ਕਾਨਫਰੰਸ ਹਾਲਾਂ, ਕੁਈਨ ਮੇਰੀ ਦੇ ਵਿਤੋਂ-ਬਾਹਰੇ ਡੈੱਕਾਂ, ਵਿਸ਼ਵਵਿਦਿਆਲਆਂ ਦੇ ਗਲਿਆਰਿਆਂ, ਬੁਧੀਜੀਵੀਆਂ ਦੇ ਕਾਹਵਾ-ਘਰਾਂ, ਉੱਤਰੀ ਅਮਰੀਕਾ ਦੇ ਪਬਲਿਕ ਸਕੂਲਾਂ, ਸ਼ਬਦਕੋਸ਼ਾਂ, ਔਨ-ਲਾਈਨ ਰਸਾਲਿਆਂ, ਛੱਪੇ ਹੋਏ ਸੰਗ੍ਰਿਹਾਂ ਅਤੇ ਉਹਨਾਂ ਕਿਤਾਬਾਂ ਵਿੱਚ ਮਿਲਦੇ ਹਨ ਜੋ ਉਹ ਸਭ ਪੇਸ਼ ਕਰਨ ਦਾ ਦਾਵਾ ਕਰਦੀਆਂ ਹਨ ਜਿਹੜਾ ਕਿ ਹਾਇਕੂ ਉੱਪਰ ਉਸਤੋਂ ਪਹਿਲਾਂ ਪ੍ਰਕਾਸ਼ਿਤ ਹੋਈਆਂ ਕਿਤਾਬਾ ਪੇਸ਼ ਕਰਨ ਦੇ ਅਸਮਰੱਥ ਰਹੀਆਂ। ਜੀ ਹਾਂ, ਤੁਸੀਂ ਆਪ ਦੇਖ-ਪਰਖ਼ ਕੇ ਤਸੱਲੀ ਕਰੋ। ਆਪਣੇ ਜੀਵਨ ਕਾਲ ਦੌਰਾਨ ਮਾਤਸੁਓ ਬਾਸ਼ੋ ਨੇ ਜਾਪਾਨ ਦਾ ਜਿਸ ਵਸਤ ਨਾਲ ਤੁਆਰਫ਼ ਕਰਵਾਇਆ ਸੀ ਉਹ ਅਤੇ ਇਹ, ਜੋ ਤੁਸੀਂ " ਉੱਪਰ " ਤੋਂ ਆਉਂਦਾ ਦੇਖਦੇ, ਸੁਣਦੇ ਅਤੇ ਪੜ੍ਹਦੇ ਹੋ, ਏਕ ਹੀ ਨ੍ਯੀਆ ਕੇ ਖਵੱਈਆ ਨਹੀਂ ਹਨ।

ਟਾਕਰਾ ਕਰੋ ਉਦੋਂ ਅਤੇ ਹੁਣ ਦਾ

ਗਹਿਰਾਉਂਦਾ ਸਾਗਰ . . .
ਜੰਗਲੀ ਮੁਰਗਾਬੀ ਦੀ ਕੂਕ
ਮੱਧਮ ਜਿਹੀ ਸਫ਼ੈਦ
- ਮਾਤਸੁਓ ਬਾਸ਼ੋ ( ਮੂਲ ਤੋਂ ਮਾਕੋਤੋ ਉਏਡਾ ਦੇ ਅਨੁਵਾਦ ਤੋਂ ਉਧਰਿਤ )

ਇਹ ਹੋੱਕੁ ਕਿਸੇ ਮੁਰਗਾਬੀ ( ਵਸਤੂ ) ਉੱਪਰ ਕੇਂਦਰਿਤ ਨਹੀਂ ਹੈ।  ਇਹ ਕਵਿਤਾ ਆਪਣੀ ਸੁਹਜ-ਸ਼ੈਲੀ, ਯੁਗੇਨ ( yugen = ਗਹਿਰਾਈ ਅਤੇ ਰਹੱਸ ), ਅਤੇ ਟਾਕਰੇ ਕਾਰਨ ਬਹੁ-ਪਰਤੀ ਅਰਥਾਂ ਦਾ ਸੰਚਾਰ ਕਰਦੀ ਹੈ। ਕੁਦਰਤ ਇੱਕ ਕਦੇ ਨਾਂਹ ਖ਼ਤਮ ਹੋਣ ਵਾਲੀ ਫ਼ਿਲਮ ਹੈ, ਪ੍ਰਗਟਾਵਾਂ ਦਾ ਇੱਕ ਅਮੁੱਕ ਵਹਿਣ। ਬਾਸ਼ੋ ਨੂੰ ਮੁਰਗਾਬੀ ਦਿਖਾਈ ਨਹੀਂ, ਸਿਰਫ਼ ਸੁਣਾਈ ਹੀ ਦੇ ਸਕਦੀ ਸੀ। ਮੱਧਮ ਜਿਹੀ ਸਫ਼ੈਦ, ਇੱਕ ਜੰਗਲੀ ਮੁਰਗਾਬੀ ਦੀ ਆਵਾਜ਼ ? ਆਵਾਜ਼ਾਂ ਤਾਂ ਰੰਗਹੀਣ ਹੁੰਦੀਆਂ ਹਨ। ਸੂਰਜ-ਛਪਾਉ ਮਗਰੋਂ ਦਾ ਸਮੁੰਦਰ, ਨਿਰਸੰਦੇਹ, ਭੂਤੀਆ ਜਿਹਾ, ਪੜ-ਯਥਾਰਥਿਕ, ਤੇ ਇਥੋਂ ਤੱਕ ਕਿ ਰਹੱਸ ਨਾਲ ਭਰਿਆ ਲੱਗਦਾ ਹੈ ਖ਼ਾਸ ਕਰ ਜੇ ਮੌਸਮ ਸਰਦ ਜਾਂ/ਅਤੇ ਤੂਫ਼ਾਨੀ ਹੋਵੇ।  ਇਵਾਤਾ ਕੂਰੋ ਬਾਸ਼ੋ ਉੱਪਰ ਲਿਖੀ ਆਪਣੀ ਕਿਤਾਬ "ਸ਼ੋਚੂ ਹਯੋਸ਼ਾਕੂ ਬਾਸ਼ੋ ਹਾਇਕੂ ਤਾਇਸੇਈ" ( ਬਾਸ਼ੋ ਦੀਆਂ ਹਾਇਕੂ ਵਿਧੀਆਂ ਦੇ ਵੱਖਰੇ-ਵੱਖਰੇ ਧਰਾਤਲ ) ਵਿੱਚ ਟਿੱਪਣੀ ਕਰਦਾ ਹੈ : 

 "ਧੁੰਦਲਕੇ ਵਾਲੀ ਸਫੈਦੀ ਅੱਖ ਨਾਲ ਵੇਖੀ ਗਈ ਅਤੇ ਆਵਾਜ਼ ਕੰਨ ਨਾਲ ਸੁਣੀ ਗਈ, ਪਰ ਉਸ ( ਬਾਸ਼ੋ ) ਨੂੰ ਜਾਪਿਆ ਜਿਵੇਂ ਉਸਨੇ ਉਹੋ ਵੇਖ ਵੀ ਲਿਆ ਜੋ ਉਸਦੇ ਕੰਨਾਂ ਨੇਂ ਸੁਣਿਆ, ਅਤੇ ਇਸ ਨਾਜ਼ੁਕ ਅਹਿਸਾਸ ਨੂੰ ਉਸਨੇ ਆਪਣੀ ਕਵਿਤਾ ਵਿੱਚ ਢਾਲ ਦਿੱਤਾ।"
(ਜਾਪਾਨੀ ਤੋਂ ਅੰਗ੍ਰੇਜ਼ੀ ਅਨੁਵਾਦ ਮਾਕੋਤੋ ਉਏਡਾ )


ਜਗਤ  ਦਾ ਆਖਿਰ
ਮੈਂ ਫੂਕ ਮਾਰ ਖਿੰਡਾਇਆ
ਕੁੱਕਰੋਂਧੇ ਦਾ ਫੁੱਲ
ਗੈਰੀ ਗੇ, ਸੈਂਟਾ ਰੋਜ਼ਾ, ਕੈਲੀਫੋਰਨੀਆ
2013 ਵਿੱਚ ਹੋਏ ਹੈਰੋਂ' ਨੈਸਟ ( The Heron's Nest ) ਪਹਿਲੇ ਸਲਾਨਾ ਪੈੱਗੀ ਵਿੱਲਿਸ ਲਾਇਲਸ ਹਾਇਕੂ ਪ੍ਰਤੀਯੋਗਤਾ ਵਿੱਚ ਪ੍ਰਥਮ ਇਨਾਮ ਜੇਤੂ 
ਗੇ ਦੀ ਇਸ ਕਵਿਤਾ ਵਿੱਚ ਵਿਆਖਿਆ ਕਰਨ ਲਈ ਕੁਝ ਬਾਕੀ ਛੱਡਿਆ ਹੀ ਨਹੀਂ ਗਿਆ। ਕੁੱਕਰੋਂਧੇ ਦੇ ਫੁੱਲ ਦੀਆਂ ਪੰਖੜੀਆਂ ਨੂੰ ਫੂਕ ਮਾਰ ਕੇ ਉਡਾਉਂਦਿਆਂ ਕਵੀ ਨੂੰ ਝਟ ਦੇ ਖਾਤਮੇ ਦਾ ਖ਼ਿਆਲ ਆਉਂਦਾ ਹੈ, ਇੱਕ ਅੰਤਰ-ਮੁਖੀ ਵਿਚਾਰ।

ਕੋਇਲ ਦਾ ਗੀਤ . . .
ਵਿਸ਼ਾਲ ਬਾਂਸਾਂ ਦੇ ਜੰਗਲ ਵਿਚੀਂ
ਝਰ ਰਹੀ ਚੰਨ-ਚਾਨਣੀ
- ਮਾਤਸੁਓ ਬਾਸ਼ੋ ( ਮੂਲ ਤੋਂ ਮਾਕੋਤੋ ਉਏਡਾ ਦੇ ਅਨੁਵਾਦ ਤੋਂ ਉਧਰਿਤ )

ਬਾਸ਼ੋ ਦੀ ਕਵਿਤਾ ਇੱਕ ਕ੍ਰਿਆ-ਮੁਖੀ-ਝੁਕਾਉ ਵਾਲਾ ਹੋੱਕੁ ਹੈ। ਬਾਂਸਾਂ ਦਾ ਜੰਗਲ, ਕੋਇਲ ਜਾਂ ਚੰਨ ਦੀ ਰੋਸ਼ਨੀ ਵਿੱਚੋ ਕੁਝ ਵੀ ਇਸ ਕਵਿਤਾ ਦੇ ਕੇਂਦਰ-ਬਿੰਦੂ ਉੱਪਰ ਨਹੀਂ ਹੈ। ਇਹ ਕਵਿਤਾ ਹੈ ਕੇਂਦ੍ਰਿਤ ਕਹੇ ਅਤੇ ਅਣਕਹੇ ਦੀ ਸ੍ਰਿਜਣਾਤਮਿਕ ਪੈਦਾਇਸ਼ ਉੱਪਰ, ਜੋ ਕਿਹਾ ਹੈ ਅਤੇ ਜਿਸ ਤਰਫ਼ ਸਿਰਫ ਇਸ਼ਾਰਾ ਮਾਤ੍ਰ ਹੀ ਕੀਤਾ ਹੈ।  ਕੋਇਲ ਦੇ ਗੀਤ ਨੂੰ ਇੱਕ ਵਿਸ਼ਾਲ ਬਾਂਸਾਂ ਦੇ ਜੰਗਲ ਵਿਚੀਂ ਚਾਨਣੀ ਝਰਨ ਨਾਲ ਸਮਦੇਸ਼ੀ-ਨਿਕਟਤਾ ( juxtaposition ) ਬਖਸ਼ੀ ਹੈ। ਵਿਆਖਿਆ ਅਤੇ ਅਨੁਵਾਦ ਦੇ ਪਾਰ ਇਸ ਗੀਤ ਨੂੰ ਇਸੇ ਦੁਆਰਾ ਮਹਿਸੂਸ ਕੀਤਾ ਗਿਆ ਹੈ। ਇਸਦੀ ਇੱਕ ਖਾਮੋਸ਼ ਗੂੰਜ ਹੈ, ਅਤੇ ਇਹ ਚੰਨ ਦੇ ਚਾਨਣ ਨਾਲ ਧੀਮੇ-ਧੀਮੇ ਝਰ ਰਿਹਾ ਹੈ, ਜਿਸਨੂੰ ਇਸ ਸੰਘਣੇ ਜੰਗਲ ਦੇ ਬਾਂਸਾਂ ਦੇ ਪਰਛਾਵੇਂ ਅਤੇ ਉਹਨਾਂ ਵਿਚਕਾਰਲਾ ਰਿਕਤ-ਸਥਾਨ ਆਕਾਰ ਪ੍ਰਦਾਨ ਕਰ ਰਹੇ ਹਨ। ਚੁੱਪ ਦੇ ਅਹਿਸਾਸ ਦਾ ਰਾਜ ਹੈ। ਕੁਦਰਤ ਦਾ ਕੋਈ ਵੀ ਅੰਸ਼, ਕੋਈ ਵੀ ਅੰਗ, ਗਤੀਹੀਣ ਨਹੀਂ, ਕਿਸੇ ਵੀ ਸ਼ੈਅ ਬਾਰੇ ਕੋਈ ਪੂਰਵ-ਅਨੁਮਾਨ ਨਹੀਂ ਲਗਾਇਆ ਜਾ ਸਕਦਾ ਕੋਈ ਕਿਆਸ-ਅਰਾਈ ਨਹੀਂ ਕੀਤੀ ਜਾ ਸਕਦੀ। ਸਭ ਚਲ ਵੀ ਰਿਹਾ ਹੈ ਅਤੇ ਚਲਾਏਮਾਨ ਵੀ ਹੈ। ਬਾਸ਼ੋ ਕੁਦਰਤ ਦੀ ਇਸ ਬ੍ਰਹਮੀ ਤਾਕ਼ਤ, ਜ਼ੌਕਾ, ਦਾ ਦ੍ਰਸ਼ਟਾ ਸੀ, ਅਪਲਕ ਨਿਹਾਰਨ ਵਾਲਾ। ਇਹੋ ਉਸਦਾ ਉਸਤਾਦ ਸੀ। ਅਜਿਹਾ ਬਹੁਤ ਕੁਝ ਹੈ ਜੋ ਇਸ ਚੇਤਨਾ ਅਤੇ ਚੇਤੰਨਤਾ ਤੋਂ ਇੱਕ ਕਵੀ ਸਿਖ ਸਕਦਾ ਹੈ ਅਤੇ ਪ੍ਰਗਟਾ ਸਕਦਾ ਹੈ। ਜ਼ੌਕਾ ( ਜ਼ੂਅਕਾ ) ਹੀ ਉਹ ਧਾਗਾ ਹੈ ਜੋ ਸਾਡਾ ਹੋੱਕੁ ਉਣਦਾ ਹੈ। ਅਜੋਕੇ ਸਮੇਂ ਦੇ ਜਗਤ ਵਿੱਚ ਮਨੁੱਖਾ ਗਤੀਵਿਧੀਆਂ ਅਤੇ ਹਉਮੇ-ਮੁਖੀ ਸਮਝ 'ਤੇ ਆਧਾਰਿਤ ਬਹੁਤ ਕੁਝ ਉਣਿਆ-ਬੁਣਿਆ ਜਾ ਰਿਹਾ ਹੈ। ਅਸੀਂ ਕੁਦਰਤ ਤੋਂ ਉੱਪਰ ਨਹੀਂ ਹਾਂ। ਅਸੀਂ ਕੁਦਰਤ ਦਾ ਇੱਕ ਛੋਟਾ ਜਿਹਾ ਹਿੱਸਾ ਹਾਂ।

ਕੇਨਕਿਚੀ ਯਾਮਾਮੋਤੋ ਆਪਣੀ ਕਿਤਾਬ "ਬਾਸ਼ੋ : ਉਸਦੀ ਰਚਨਾ ਦੀ ਸਰਾਹਨਾ ਅਤੇ ਸਮਾਲੋਚਨਾ" ਵਿੱਚ ਟਿੱਪਣੀ ਕਰਦਾ ਹੈ:

"ਚੰਨ ਦੀਆਂ ਰਿਸ਼ਮਾ ਦਾ ਝਿੜੀ ਥਾਣੀਂ ਛਣ ਕੇ ਆਉਣਾ ਅਤੇ ਦੂਰ ਦੁਮੇਲ ਵੱਲ ਉਡਾਰੀ-ਗਤ ਕੋਇਲ ਦੀ ਆਵਾਜ਼ ਦਾ ਸੁਮੇਲ ਇੱਕ ਅਜਿਹਾ ਸੰਸਾਰ ਸਿਰਜਦਾ ਹੈ ਜਿਸਦੀ ਰਹੱਸਾਤਮਿਕਤਾ ਦੀ ਸੰਘਨਤਾ ਖੌਫ਼ਜ਼ਦਾ ਕਰਨ ਦੀ ਹੱਦ ਤੱਕ ਹੈ।"

(ਜਾਪਾਨੀ ਤੋਂ ਅੰਗ੍ਰੇਜ਼ੀ ਅਨੁਵਾਦ ਮਾਕੋਤੋ ਉਏਡਾ )

ਛੁੱਟੀ 'ਤੇ ਮੁੜਿਆ
ਦੁਕਾਨ ਦੇ ਨਾਸ਼ਤੇ ਵਾਲੇ ਗਲਿਆਰੇ ਵਿੱਚ ਉਹ
ਛਿਪ-ਛੁਪ ਲੰਘਦਾ, ਚੱਕਵੇਂ ਪੈਰੀਂ
- ਹਾਰਵੇ ਜੇਨਕਿੰਸ
ਪ੍ਰਥਮ ਪੁਰਸਕਾਰ ਦਾ ਸਹਿ-ਵਿਜੇਤਾ, 2013
ਕਲੋਸਟਾਰ ਇਵਾਨਿਕ ਦੀ 10ਵੀਂ ਅੰਗ੍ਰੇਜ਼ੀ ਵਿੱਚ ਹਾਇਕੂ ਸਲਾਨਾ ਪ੍ਰਤੀਯੋਗਤਾ

ਜੇਨਕਿੰਸ ਦੀ ਕਵਿਤਾ ਵਿਆਖਿਆ ਲਈ ਕੁਝ ਵੀ ਅਣਕਿਹਾ ਨਹੀਂ ਛੱਡਦੀ।  ਇੱਕ ਨਾਂਵ, ਨਾਵਾਂ ਦੀ ਵਰਤੋ ਕਰਦਾ ਹੋਇਆ ਨਾਵਾਂ ਨਾਲ ਹੀ ਦੋ ਚਾਰ ਹੋ ਰਿਹਾ ਹੈ। ਇਹ ਹਾਇਕੂ ਦੇ ਨਾਮ ਥੱਲੇ ਸੂਚੀਬੱਧ ਹੋਇਆ ਇੱਕ ਸੇਨ੍ਰ੍ਯੂ ਹੈ। ਇਹ ਵਸਤ(ਨਾਂਵ)-ਮੁਖੀ-ਉਲਾਰ ਵਾਲੀ ਕਵਿਤਾ  ਹੈ, ਅਤੇ, ਜਿਵੇਂ ਲਿਖੀ ਹੈ, ਇਸਦਾ ਕੁਦਰਤ ਦੀ ਉਸ ਸ੍ਰਿਜਨਾਤਮਿਕ ਸ਼ਕਤੀ, ਜ਼ੌਕਾ, ਨਾਲ ਕੋਈ ਤੁਅੱਲਕ ਨਹੀਂ ਜਿਸਨੂੰ ਮਾਤਸੁਓ ਬਾਸ਼ੋ ਨੇ  ਹੋੱਕੁ ਦਾ ਆਧਾਰਭੂਤ ਤੱਤ ਕਿਹਾ ਸੀ। ਇਹ ਇੱਕ ਵਾਕ-ਮਾਤ੍ਰ ਹੈ, ਕੋਈ ਕਵਿਤਾ ਨਹੀਂ। ਛੁੱਟੀ 'ਤੇ ਮੁੜਿਆ ਇੱਕ ਫ਼ੌਜੀ ਨਾਸ਼ਤੇ ਵਾਲੇ ਸੀਰੀਅਲ ਦੇ ਡੱਬਿਆਂ ਨੂੰ ਇੱਕ ਵਾਰ ਫਿਰ ਤੋਂ ਦੇਖਣ  ਦੀ ਉਤਸੁੱਕਤਾ ਨਾਲ ਭਰਿਆ ਹੋਇਆ ਹੈ। ਇਸ ਵਾਕ ਦੀ ਕਵਿਤਾ ਵਜੋਂ ਸਾਖ ਬਣਾਉਣ ਨਾਲ ਹੋਰਾਂ ਨੂੰ ਵੀ ਉਤਸ਼ਾਹ ਮਿਲਦਾ ਹੈ ਕਿ ਉਹ ਵਾਕ ਰਚਨ ਅਤੇ ਇਸਨੂੰ ਹਾਇਕੂ ਸੱਦਣ ਅਤੇ ਸਦਵਾਉਣ। 

ਸਿਆਲੂ ਧੁੱਪ --
ਘੋੜੇ ਉਤੇ ਮੁਜੰਮਦ, 
ਮੇਰਾ ਪ੍ਰਛਾਵਾਂ

- ਮਾਤਸੁਓ ਬਾਸ਼ੋ ( ਮੂਲ ਤੋਂ ਮਾਕੋਤੋ ਉਏਡਾ ਦੇ ਅਨੁਵਾਦ ਤੋਂ ਉਧਰਿਤ )

ਘੋੜੇ 'ਤੇ ਸਵਾਰ ਕਿਸੇ ਵਿਅਕਤੀ ਦਾ ਪ੍ਰਛਾਵਾਂ ਜੰਮ ਸਕਦਾ ਹੈ ? ਬਾਸ਼ੋ ਅਰਥਾਂ ਦੀਆਂ ਹੋਰ ਪਰਤਾਂ ਜੋੜਨ ਲਈ ਸੁਹਜ ਦੀ ਪਟਾਰੀ ਦਾ ਇੱਕ ਸੰਦ, ਯੁਗੇਨ ( ਯੁਗੇਂ = yugen ), ਵਰਤੋ ਵਿੱਚ ਲਿਆ ਰਿਹਾ ਹੈ। ਇਹ ਇੱਕ ਅਤਿ ਸਰਦ ਦਿਨ ਹੈ, ਜਿਸ ਵਿੱਚ ਸਿਆਲ ਦੇ ਸੂਰਜ ਦੀ ਧੁੱਪ ਦਾ ਕੋਈ ਨਿੱਘ ਨਹੀਂ ਮਹਿਸੂਸ ਹੁੰਦਾ। ਸਿਆਲੂ-ਧੁੱਪ ਅਤੇ ਘੋੜੇ ਉੱਤੇ ਜੰਮਿਆ ਹੋਇਆ ਇੱਕ ਪ੍ਰਛਾਵਾਂ-ਮਾਤ੍ਰ ਸਵਾਰ ਵਿੱਚ ਸਮਦੇਸ਼ੀ-ਕ਼ੁਰਬਤ (juxtaposition) ਅਣਕਹੇ ਨੂੰ ਜ਼ੁਬਾਨ ਬਖਸ਼ਦੀ ਹੈ; ਸਰਦੀਆਂ ਦਾ ਕਿਸੇ ਦੇ ਚੁਗਿਰਦੇ ਉੱਪਰ ਜੋ ਅਸਰ ਹੁੰਦਾ ਹੈ ਉਸਦੇ ਅਨਵੇਸ਼ਨ, ਉਸਦੀ ਖ਼ੋਜ ਲਈ ਪ੍ਰਤੋਸਾਹਿਤ ਕਰਦੀ ਹੈ। ਮੌਸਮ ਅਪੂਰਵ-ਅਨੁਮਾਨਿਯ ਹੈ, ਜੋ ਬਿਨਾ ਕਿਸੇ ਬਣੀ-ਬਣਾਈ ਲੀਹ, ਬਿਨਾਂ ਕਿਸੇ ਪੈਟਰਨ ਦੇ ਪ੍ਰਤਿਪਲ ਸਿਰਜ ਰਿਹਾ ਹੈ, ਚਿਤ੍ਰਿਤ ਕਰ ਰਿਹਾ ਹੈ, ਇਸ ਚਿਤ੍ਰ ਵਿੱਚ ਰੰਗ ਭਰ ਰਿਹਾ ਹੈ। ਪ੍ਰਛਾਵਾਂ ਜੰਮਿਆ ਹੋਇਆ ਹੈ, ਕਿ ਨਹੀਂ ਜੰਮਿਆ ਹੋਇਆ ? ਕੁਝ ਵੀ ਥਿਰ ਜਾਂ ਸਥਿੱਲ ਨਹੀਂ, ਸਭ ਬਦਲ ਰਿਹਾ ਹੈ, ਪਰ ਨੰਗੀ ਅੱਖ ਦੀ ਸੀਮਾ ਦ੍ਰਿਸ਼ਟੀ ਦਾ ਘੇਰਾ ਅਤੇ ਅੰਤਰਮੁਖੀ ਵਿਆਖਿਆ ਤੱਕ ਹੀ ਹੈ। ਬਾਸ਼ੋ ਦੇ ਹਾਇਕੂ ਦਾ ਝੁਕਾਵ ਕ੍ਰਿਆ-ਮੁੱਖਤਾ ਹੈ ਜੋ ਕੀ ਕੋਤੋ (Koto = ਥੀਵਣ ਦੀ ਕ੍ਰਿਆ ) 'ਤੇ ਕੇਂਦ੍ਰਿਤ ਹੈ। ਜੋ ਪ੍ਰਤੀਤ ਹੁੰਦਾ ਹੈ ਅਤੇ ਜੋ ਦਰਅਸਲ ਹੈ ਦੇ ਟਕਰਾਉ ਤੋਂ ਜੋ ਸਹਿਜੀਵਕਤਾ ਪੈਦਾ ਹੁੰਦੀ ਹੈ ਉਹ ਮਹਿਜ਼ ਇੱਕ ਸ਼ਬਦ-ਚਿਤ੍ਰ ਤੋ ਕਿਤੇ ਵਧੀਕ ਹੈ। "ਮੁਜੰਮਦ" ਅਤੇ "ਸਿਆਲੂ-ਸੂਰਜ" ਦੀ ਸਮਦੇਸ਼ੀ-ਨਿਕਟਤਾ ਅਰਥਾਂ ਦੀਆਂ ਵਾਫਰ ਪਰਤਾਂ ਪੈਦਾ ਕਰਦੀ ਹੈ।

ਚੁੱਪ-ਚਾਪ ਛਿਪਾ ਰਹੀ
ਉਮਰ ਭਰ ਦੀਆਂ ਯਾਦਾਂ
ਝੁਰੜਾਏ ਚਿਹਰੇ ਵਿੱਚ
- ਰਾਜ ਕ. ਬੋਸ; ਹਵਾਈ, ਅਮਰੀਕਾ
5ਵੇਂ ਯਾਮਾਡੇਰਾ ਬਾਸ਼ੋ ਯਾਦਗਾਰੀ ਮਿਊਜ਼ੀਅਮ ਅੰਗ੍ਰੇਜ਼ੀ ਹਾਇਕੂ ਪ੍ਰਤੀਯੋਗਤਾ, 2013 ਦੇ ਜਾਪਾਨੋਂ-ਬਾਹਰੀ ਸ਼੍ਰੇਣੀ ਦਾ ਗਰੈਂਡ ਇਨਾਮ ਜੇਤੂ

ਇੱਕ ਔਰਤ ਆਪਣੇ ਚਿਹਰੇ ਦੀਆਂ ਝੁਰੜੀਆਂ ਵਿੱਚ ਉਮਰ ਭਰ ਦੀਆਂ ਯਾਦਾਂ ਚੁੱਪ-ਚਾਪ ਛੁਪੀਆਂ ਹੋਈਆਂ ਹਨ।  ਇਹ ਇੱਕ ਮੋਨੋ ( Mono = ਅੰਤਰਮੁਖੀ ), ਮਨੁੱਖਾ ਜੀਵਨ 'ਤੇ ਕੇਂਦ੍ਰਿਤ ਹਾਇਕੂ ਹੈ ਜਿਸਦਾ ਕੁਦਰਤ ਜਾਂ/ਅਤੇ ਉਸਦੇ ਰੁੱਤਾਂ-ਮੌਸਮਾਂ ਨਾਲ ਕੋਈ ਵੀ ਸਹਿ-ਸੰਬੰਧਿਤ ਜਾਂ ਵਿਖਾਵੇ ਮਾਤ੍ਰ ਦਾ ਵੀ ਸੰਬੰਧ ਨਹੀਂ ਹੈ। ਪਾਠਕ ਲਈ ਇਸਦੀ ਵਿਆਖਿਆ ਕਰਨ ਜੋਗਾ ਕੁਝ ਵੀ ਨਹੀਂ ਹੈ।  ਇਹ ਇੱਕ ਸੇਨ੍ਰ੍ਯੁ ਹੈ ਜੋ ਇੱਕ ਔਰਤ ਉੱਪਰ ਵੱਧਦੀ ਉਮਰ ਦੇ ਅਸਰ ਨਤੀਜਿਆਂ 'ਤੇ ਕੇਂਦ੍ਰਿਤ ਹੁੰਦਾ ਹੈ।

ਅੱਜ ਅਤੇ ਉਦੋਂ - ਇਹ ਦੋਵੇਂ ਬੇਹੱਦ ਭਿਨ-ਭਿੰਨ ਰੋਗ ਹਨ।  ਅੱਜ - ਕੀ ਇਹ ਵਿਕਾਸ, ਉਦਭੇਦ ( ਕ੍ਰਮਿਕ ਵਿਕਾਸ = evolution ), ਸਾਹਿਤ ਦੇ ਵਿਸਥਾਰ ਦਾ ਫਲ ਹੈ ਜਾਂ ਫਿਰ ਜਾਪਾਨ ਦੇ ਕਾਵਿਕ ਪ੍ਰਗਟਾਉ ਅਤੇ ਸੁਹਜ-ਸ਼ਾਸਤਰ ਵਿੱਚ ਮਾਰੀਆਂ ਮੱਲਾਂ ਨਾਲੋਂ ਮੁਕੰਮਲ ਤੋੜ ਵਿਛੋੜਾ ਹੈ ? ਬਾਸ਼ੋ ਦੇ ਹੋੱਕੁ ਅਤੇ ਉੱਪਰ ਵਾਲੇ ਹਾਇਕੂ ਦੇ ਧਿਆਨ ਦੇ ਕੇਂਦ੍ਰ-ਬਿੰਦੂ ਅਸਲੋਂ ਅਲੱਗ-ਅਲੱਗ ਹਨ। ਕੀ ਬਾਸ਼ੋ ਦੀਆਂ ਕਵਿਤਾਵਾਂ ਬੀਤੇ ਦੀ ਗੱਲ ਹਨ  ਜੋ ਸਾਡੇ ਅੱਜ ਨਾਲ ਸੁਰ-ਤਾਲ ਨਹੀਂ ਮਿਲਾ ਸਕਦੀਆਂ ਅਤੇ ਆਪਣੀ ਸੰਧਰਵਤਾ ਗੁਆ ਚੁੱਕੀਆਂ ਹਨ ? ਕੀ ਅੱਜ ਆਧੁਨਿਕ ਸੰਸਾਰ ਦੀ ਅਨੁਰੂਪਕਿਤਾ ਹੈ, ਅਤੇ ਉਦੋਂ ਕੁਝ ਇਹੋ ਜਿਹਾ ਜਿਸਨੂੰ ਤਿਆਗਣਾ ਹੀ ਪਵੇਗਾ ? ਸਦੀਆਂ ਪਹਿਲਾਂ ਲਿਖੇ ਬਾਸ਼ੋ ਦਾ ਹਾਇਕੂ ਅਤੇ ਆਧੁਨਿਕ ਹਾਇਕੂ ਦਾ ਤੁਲਨਾਤਮਿਕ ਅਧਿਐਨ ਕਰਦਿਆਂ ਹੋਇਆਂ ਮੈਂ ਕੋਈ ਬੇਲੋੜਾ ਕੰਮ ਕਰ ਰਿਹਾ ਹਾਂ ? ਇਹਨਾਂ ਵਿੱਚੋਂ ਕਿਹੜਿਆਂ ਵਿੱਚ ਗਹਿਨਤਾ ਹੈ ? ਕਿਹੜੇ ਚੇਤਿਆਂ ਵਿੱਚ ਸਮੋ ਜਾਣ ਵਾਲੇ, ਯਾਦ ਰਹਿਣ ਯੋਗ ਹਨ ?  ਦੋਵਾਂ ਵਿਚੋਂ ਕਿਹੜੇ ਪਾਠਕ ਨੂੰ ਅੰਤਰਮੁਖੀ ਵਿਆਖਿਆ ਦੀ ਖੁੱਲ ਦਿੰਦੇ ਹਨ ? ਕਿਹੜੇ ਕੁਦਰਤ  ਦੇ ਵਿਗਸਣ ਦੀ ਪ੍ਰਕ੍ਰਿਆ ਨਾਲ ਸਹਿਜੀਵਕ ਤੌਰ 'ਤੇ ਇੱਕਸੁਰ ਹਨ ? ਕਿਹੜੇ ਅੱਜ ਤੋ ਸੌ ਸਾਲ ਬਾਅਦ ਵੀ ਯਾਦ ਕੀਤੇ ਜਾਣਗੇ, ਅਤੇ ਕਿਉਂ ?  

ਇਹ ਸੰਸਾਰ ਹਾਇਕੂ ਨੂੰ ਕਿਵੇਂ ਪਰਿਭਾਸ਼ਿਤ ਕਰਦਾ ਹੈ ? ਇਸ ਬਾਰੇ ਕੋਈ ਸਰਬ-ਪ੍ਰਵਾਨਿਤ ਫੈਸਲਾ ਕਿਉਂ ਨਹੀਂ ਹੈ ? ਕੀ ਹਾਇਕੂ ਹੋੱਕੁ ਦਾ ਹੀ ਰੂਪ-ਪਰਿਵਰਤਨ ਜਾਂ ਸੁਧਾਰ ਹੈ ? ਕੀ ਹਾਇਕੂ ਜਾਪਾਨੀ ਕਵਿਤਾ ਦੀ ਹੀ ਇੱਕ ਆਵਾਜ਼ ਹੈ ? ਕੀ ਹਾਇਕੂ ਇੱਕ, ਦੋ, ਤਿੰਨ ਜਾਂ ਸਗੋਂ ਕਈ ਬਾਰ ਚਾਰ ਲਾਈਨਾਂ ਵਿੱਚ ਲਿਖੇ ਸ਼ਬਦ ਸਮੂਹ ਦਾ ਹੀ ਨਾਮ ਹੈ ? ਕੀ ਇੱਕ-ਸ਼ਬਦਾ-ਹਾਇਕੂ ਨਾਮ ਦੀ ਵੀ ਕੋਈ ਵਸਤੂ ਹੈ ? ਇਵੇਂ ਦੋ-ਸ਼ਬਦਾ-ਹਾਇਕੂ ?

ਜਾਂ ਫਿਰ, ਜਿਵੇਂ ਕਿ ਮੈਂ ਇਸ ਨਿਬੰਧ ਵਿੱਚ ਸਿੱਟਾ ਕੱਢਾਂਗਾ, ਹਾਇਕੂ ਇੱਕ ਅਜਿਹੀ "ਸਭ ਚਲਦਾ" ਚੀਜ਼ ਬਣ ਚੁੱਕਾ ਹੈ ਜਿਸਦੇ ਨਾਂ ਤਾਂ ਕੋਈ ਬੱਝਵੇਂ ਅਸੂਲ ਹਨ ਤੇ ਨਾਹ ਹੀ ਕੋਈ ਰੂਪ-ਵਿਧਾਨ, ਮਹਿਜ਼ ਇੱਕ ਜ਼ਹਿਨੀ-ਜ਼ੁਲਕ ਇੱਕ ਦਿਮਾਗੀ ਹੱਥ-ਰਸੀ ਦੀ ਪ੍ਰੀਕਿਰਿਆ। 

ਯੂਨਾਈਟਡ ਹਾਇਕੂ ਅਤੇ ਤਾਂਕਾ ਸੋਸਾਇਟੀ ਵਲੋਂ ਹਾਇਕੂ ਦੀ ਪ੍ਰੀਭਾਸ਼ਾ ਇਉਂ ਦਿੱਤੀ ਗਈ ਹੈ:

ਗਾਗਰ ਵਿੱਚ ਸਾਗਰ ਵਰਗੀ ਹਾਇਕੂ ਕਵਿਤਾ ਸੰਖੇਪ ਪਰ ਸਾਰਗ੍ਰਭਿਤ ਤਿੰਨ ਵਾਕਾਂ ਦੇ ਸਮ-ਵਜ਼ਨੀ ਹੁੰਦੀ ਹੈ ( ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਇਹ ਵਜ਼ਨ 1, 2, ਜਾਂ 3 ਸਤਰਾਂ ਵਿੱਚ ਸੰਜੋਇਆ ਜਾਵੇ ), ਪਰ ਜਿਸ ਗੱਲ ਨਾਲ ਫ਼ਰਕ ਪੈਂਦਾ ਹੈ ਉਹ ਇਹ ਸ਼ਰਤਾਂ ਹਨ: ਇਹ ਗਿਆਨ-ਇੰਦ੍ਰਿਆਂ ਦੁਆਰਾ ਗ੍ਰਿਹਣ ਕੀਤੇ ਇੱਕ ਪਲ ਨੂੰ ਫੜਦੀ ਹੈ, ਅਤੇ ਇਸ ਵਿੱਚ ਕੀਗੋ ( ਰੁੱਤ ਸ਼ਬਦ ) ਹੁੰਦਾ ਹੈ ਜੋ ਜਾਂ ਤਾਂ ਸਿੱਧਾ ਹੀ ਰੁੱਤ ਦਾ ਜ਼ਿਕਰ ਕਰਦਾ ਹੈ ਜਾਂ ਫਿਰ ਫਿਰ ਕੁਝ ਦੂਸਰੇ ਸ਼ਬਦਾਂ ਨਾਲ ਅਸਿੱਧੇ ਤੌਰ 'ਤੇ ਉਸ ਕੁਦਰਤੀ ਜਗਤ ਦਾ ਅਹਿਸਾਸ ਪੈਦਾ ਕਰਦਾ ਹੈ ਜਿਸ ਵਿੱਚ ਅਸੀਂ ਜੀਵਨ ਬਸਰ ਕਰਦੇ ਹਾਂ। ਇਸ ਵਿੱਚ ਦੋ ਵਿਸ਼੍ਰਾਮ ( ਝਟਕਿਆਂ ਵਾਲੀ ) ਸਮਦੇਸ਼ੀ-ਨਿਕਟਤਾ ਹੁੰਦੀ ਹੈ ਜੋ ਕੀਰੇਜੀ ( ਕੱਟਣ ਵਾਲਾ ਸ਼ਬਦ ) ਦਾ ਕੰਮ ਕਰਦੀ ਹੈ ਜਿਸ ਦੁਆਰਾ ਚੇਤਨ ਵਿਸ਼੍ਰਾਮ ਲਗਾਇਆ ਜਾਂਦਾ ਹੈ। ਹਾਇਕੂ ਨੂੰ ਉੱਪਰ ਸਦਾ ਹੀ 5-7-5 ਧੁਨੀ-ਅੰਸ਼ਾਂ ਵਾਲੀ ਸ਼ਰਤ ਆਇਦ ਨਹੀਂ ਹੁੰਦੀ, ਸਗੋਂ, ਇਹ ਛੋਟੀ-ਲੰਬੀ-ਛੋਟੀ ਸਤਰ ਵਾਲੀ ਧੁਨ ਨੂੰ ਅਪਣਾਉਣ ਦੇ ਨਜ਼ਦੀਕ ਜ਼ਰੂਰ ਹੋਵੇ। ਸਹੀ ਤਰੀਕੇ ਨਾਲ ਲਿਖੇ ਹਾਇਕੂ ਵਿੱਚ ਸਥਾਨ ( ਦੀ ਜੜ੍ਹਤ ), ਵਿਸ਼ਾ, ਕਿਰਿਆ ਅਤੇ ਇੱਕ "ਅਹਾ!" ਖਿਣ ਹੁੰਦਾ ਹੈ ਜਿਸਨੂੰ ਪਹਿਲੇ ਦਾਣੇ ਦੀ "ਪਟਾਕ" ਵਾਲੀ ਉਸ ਆਵਾਜ਼ ਨਾਲ ਮੇਲਿਆ ਜਾ ਸਕਦਾ ਹੈ ਜੋ ਅਸੀਂ ਪੌਪ-ਕਾਰਨ ਬਣਾਉਣ ਸਮੇਂ ਸੁਣਦੇ ਹਾਂ।"

ਜਾਪਾਨ ਦੇ ਓਗੀਵਾਰਾ ਸੇਇਸੇਨਸੁਈ ਨੇਂ ਲਿਖਿਆ ਸੀ:
"ਰੁੱਤ, ਜ਼ਿੰਦਾ ਮਾਸ 'ਤੇ ਬੰਨ੍ਹੀ ਇੱਕ ਮੁਰਦਾ ਬੇੜੀ ਹੈ।"

'ਹਾਇਕੂ ਦੀ ਪਰਿਭਾਸ਼ਾ ਵੱਲ' ਨਾਮੀ ਆਪਨੇ ਲੇਖ ਵਿੱਚ ਜਾਰਜ ਸਵੀਡ ਨੇਂ 2000 ਵਿੱਚ ਲਿਖਿਆ:

"ਕੁਦਰਤ ਦਾ ਕੋਈ ਨਾ ਕੋਈ ਪੱਖ ਆਪਨੇ ਵਿੱਚ ਸਮੇਟੇ ਤੋਂ ਬਿਨਾਂ ਕੋਈ ਕਵਿਤਾ ਹਾਇਕੂ ਨਹੀਂ ਅਖਵਾ ਸਕਦੀ।  ਭਾਵੇਂ ਮਨੁੱਖਾ-ਸੁਭਾਵ ਹਾਇਕੂ ਦਾ ਹਿੱਸਾ ਹੋ ਸਕਦਾ ਹੈ ਪਰ ਇਹ ਵੀ ਕਿਸੇ ਨਾ ਕਿਸੇ ਤਰਾਂ ਬਾਹਰੀ ਜਗਤ ਨਾਲ ਮੇਲ ਕੇ ਹੀ ਪੇਸ਼ ਕੀਤਾ ਜਾਵੇ ਨਹੀਂ ਤਾਂ ਇਹ ਸੇਨ੍ਰ੍ਯੁ ਬਣ ਜਾਂਦੀ ਹੈ।"

ਜਾਪਾਨੀ ਬਨ'ਯਾ ਨਾਤਸ਼ੁਇਸ਼ੀ ਕਹਿੰਦਾ ਹੈ:

"ਮੇਰਾ ਵਿਸ਼ਵਾਸ ਹੈ ਕਿ ਹਾਇਕੂ ਕਵਿਤਾ ਬਿਨਾਂ ਰੁੱਤ-ਸੰਕੇਤਿਕ-ਸ਼ਬਦ ਦੇ, ਬਿਨਾਂ 5-7-5 ਦੇ ਖੁੱਲ੍ਹੀ-ਕਵਿਤਾ ਵਾਂਗ ਵੀ ਚੱਜ ਨਾਲ ਲਿਖੀ ਜਾ ਸਕਦੀ ਹੈ।"

ਆਪਣੇ ਵਿਦਿਆਰਥੀ ਚੇਲਿਆਂ ਨੂੰ ਇਹ ਸਿਖਾਉਂਦਾ ਹੋਇਆ ਬਾਸ਼ੋ ਕੀ ਉੱਕਾ ਹੀ ਗਲਤ ਸੀ:

ਸੈਗ੍ਯੋ ਦਾ ਵਾਕਾ, ਸੋਗੀ ਦਾ ਰੇਂਗਾ, ਸੇਸਸ਼ੁ ਦੀ ਚਿਤ੍ਰਕਾਰੀ ਰਿਕ੍ਯੁ ਦਾ ਚਾਹ-ਸਮਾਗਮ - ਇਹ ਸਭ ਕਲਾ ਮਾਰਗ ਇੱਕੋ ਸੂਤਰ ਵਿਚ ਪਰੋਏ ਹੋਏ ਹਨ। ਅਤੇ ਇਹਨਾ ਦੇ ਸੁਹਜ ਦੀ ਰੂਹ ਇੱਕੋ ਹੈ - ਸ੍ਰਿਜਣਾਤਮਿਕ ( ਜ਼ੌਕਾ ) ਦੇ ਅਨੁਆਈ ਹੋਣਾ, ਚੌਹਾਂ ਰੁਤਾਂ ਦੇ ਪਲਟਣ ਦੇ ਸਾਕਸ਼ੀ ਹੋਣਾ, ਗਵਾਹ ਮਾਤ੍ਰ। ਅਜਿਹਾ ਕੁਝ ਵੀ ਨਹੀਂ ਹੈ ਜੋ ਫੁੱਲ ਨਹੀਂ ਹੈ, ਐਸਾ ਕੁਝ ਵੀ ਤਸੱਵਰ ਨਹੀਂ ਕੀਤਾ ਜਾ ਸਕਦਾ ਜੋ ਚੰਦ੍ਰਮਾ ਨਹੀਂ। ਜੇ ਹਰ ਦੇਖੀ ਸ਼ੈਅ ਫੁੱਲ ਨਹੀਂ ਤਾਂ ਉਹ ਵਿਅਕਤੀ ਇੱਕ ਜਾਂਗਲੀ ਹੈ, ਜੇ ਹਰ ਤਸੱਵਰ ਕੀਤੀ ਸ਼ੈਅ ਚੰਨ ਨਹੀਂ ਤਾਂ ਐਸਾ ਵਿਅਕਤੀ ਅਸਲ ਖ਼ਰ ਹੈ। ਇਸ ਜਾਂਗਲੀਪੁਣੇ ਤੋ ਵਿਦਾ ਲਵੋ, ਇਸ ਪਸ਼ੂ ਨਾਲੋਂ ਨਾਤਾ ਤੋੜ੍ਹ ਲਵੋ, ਇਸ ਸ੍ਰਿਜਣਾਤਮਿਕ ( ਜ਼ੌਕਾ ) ਦੇ ਅਨੁਆਈ ਹੋਵੋ, ਇਸ ਸ੍ਰਿਜਣਾਤਮਿਕ ( ਜ਼ੌਕਾ ) ਵਲ ਪਰਤ ਆਵੋ।
- ਮਾਤਸੁਓ ਬਾਸ਼ੋ
ਨੈਪਸੈਕ ਨੋਟਬੁੱਕ, ਅਨੁ. ਡੇਵਿਡ ਲੈਂਡਿਸ ਬਾਰਨਿੱਲ

ਮੇਰੇ ਨਿਬੰਧ ਕੀਗੋ ਹਾਂ ਕਿ ਕੀਗੋ ਨਾਂਹ ਦਾ ਹਵਾਲਾ ਇਹ ਦੇਖਣ ਲਈ ਲਿਆ ਜਾ ਸਕਦਾ ਹੈ ਕੀ ਹੋੱਕੁ ਵਿੱਚ ਕੁਦਰਤ ਦਾ ਕੀ ਯੋਗ ਹੈ ਅਤੇ ਕਿਵੇਂ ਇਸ ਵਿਸ਼ੇ ਉੱਪਰ ਲਿਖੇ ਲੇਖਾਂ ਦੀ ਘਾਟ ਕਾਰਨ ਇਸ ਸੰਕਲਪ ਨੂੰ ਸਮਝਣ ਵਿੱਚ ਅਸੀਂ ਅਸਮਰਥ ਰਹੇ ਹਾਂ।
http://haikureality.webs.com/esejeng102.htm

ਹਾਇਕੂ ਸੋਸਾਇਟੀ ਆਵ ਅਮੇਰਿਕਾ ਦੁਆਰਾ ਹਾਇਕੂ ਦੀ ਪ੍ਰੀਭਾਸ਼ਾ:

"ਸੰਖੇਪ ਕਾਵਿ ਰੂਪ ਹਾਇਕੂ ਕਿਸੇ ਅਜਿਹੇ ਕੁਦਰਤੀ ਜਾਂ ਮੌਸਮੀ ਅਨੁਭਵ ਦੇ ਸਾਰ ਨੂੰ ਬਿੰਬਾਤਮਿਕ ਭਾਸ਼ਾ ਦੁਆਰਾ ਪ੍ਰਗਟਾਉਂਦਾ ਹੈ ਜੋ ਸਹਿਜ-ਗਿਆਨ ਵਸ ਮਨੁੱਖਾ ਪ੍ਰਸਥਿਤੀਆਂ ਨਾਲ ਜੁੜਿਆ ਹੁੰਦਾ ਹੈ।"

ਕੁਝ ਨੋਟ: ਅੰਗ੍ਰੇਜ਼ੀ ਵਿੱਚ ਲਿਖੇ ਜਾ ਰਹੇ ਹਾਇਕੂ ਜ਼ਿਆਦਾਤਰ ਤੁਕਾਂਤ-ਮੇਲ ਮੁਕਤ ਸਤਾਰਾਂ ਜਾਂ ਘੱਟ ਸਿਲੇਬਲ ਦੀਆਂ ਤਿੰਨ ਸਤਰਾਂ ਵਿੱਚ ਲਿਖੇ ਜਾਂਦੇ ਹਨ, ਜਿਨ੍ਹਾਂ ਵਿਚੋਂ ਵਿਚਕਾਰਲੀ ਸਤਰ ਲੰਬੀ ਹੁੰਦੀ ਹੈ, ਹਾਲਾਂਕਿ ਅੱਜ ਦੇ ਕਵੀ ਵਿਭਿੰਨ ਕਿਸਮ ਦੀਆਂ ਸਤਰ ਲੰਬਾਈਆਂ ਅਤੇ ਬਣਤਰਾਂ ਵਰਤ ਰਹੇ ਹਨ। ਆਦਰਸ਼ ਰੂਪ ਵਿੱਚ ਜਾਪਾਨੀ ਦੇ ਹਾਇਕੂ ਵਿੱਚ ਪੰਜ-ਸੱਤ-ਪੰਜ ਦੇ ਕ੍ਰਮ ਪ੍ਰਬੰਧ ਵਿੱਚ ਸਤਾਰਾਂ ਧੁਨੀ-ਖੰਡ ਹੁੰਦੇ ਹਨ, ਜਿਨ੍ਹਾਂ ਨੂੰ 'ਔਨ' ਕਿਹਾ ਜਾਂਦਾ ਹੈ। ( ਜਾਪਾਨੀ ਕਵਿਤਾ ਦੇ ਕੁਝ ਅਨੁਵਾਦਕਾਂ ਨੇ ਇਹ ਨੋਟ ਕੀਤਾ ਹੈ ਕਿ ਅੰਗ੍ਰੇਜ਼ੀ ਦੇ ਬਾਰਾਂ ਸਿਲੇਬਲ ਜਾਪਾਨੀ ਦੇ ਸਤਾਰਾਂ ਔਨ ਜਿੰਨੇ ਵਕਫੇ ਵਿੱਚ ਹੀ ਬੋਲੇ ਜਾਂਦੇ ਹਨ। ) ਪ੍ਰੰਪਰਾਗਤ ਜਾਪਾਨੀ ਹਾਇਕੂ ਵਿੱਚ ਇੱਕ 'ਰੁੱਤ ਸ਼ਬਦ' ( ਕੀਗੋ ), ਕੋਈ ਸ਼ਬਦ ਜਾਂ ਵਾਕੰਸ਼ ਜਿਸਤੋਂ ਹਾਇਕੂ ਵਿਚਲੇ ਅਨੁਭਵ ਸਮੇਂ ਦੀ ਰੁੱਤ ਦਾ ਪਤਾ ਲੱਗਦਾ ਹੈ, ਅਤੇ ਇੱਕ 'ਕੱਟਣ ਵਾਲਾ ਸ਼ਬਦ' ( ਕੀਰੇਜੀ ),  ਇੱਕ ਪ੍ਰਕਾਰ ਦਾ ਮੌਖਿਕ ਵਿਸ਼੍ਰਾਮ ਚਿੰਨ੍ਹ ਜੋ ਵਿਸ਼੍ਰਾਮ ਦੇ ਸਥਾਨ ਦੀ ਨਿਸ਼ਾਨਦੇਹੀ ਕਰਦਾ ਹੈ ਜਾਂ ਕਵਿਤਾ ਦੇ ਇੱਕ ਅੰਸ਼ ਨੂੰ ਬਲ ਬਖਸ਼ਦਾ ਹੈ, ਹੁੰਦੇ ਹਨ। ਅੰਗ੍ਰੇਜ਼ੀ ਵਿੱਚ ਰੁੱਤ-ਸ਼ਬਦ ਕਈ ਵਾਰ ਛੱਡ ਦਿੱਤੇ ਜਾਂਦੇ ਹਨ, ਪਰ ਸਪਸ਼ਟ ਬਿੰਬਾਂ ਦੁਆਰਾ ਪਕੜਿਆ ਅਨੁਭਵ ਉੱਪਰਲਾ ਮੌਲਿਕ ਇਕਾਗਰਤਾ ਜਾਰੀ ਰੱਖੀ ਗਈ ਹੈ। ਸਭਤੋਂ ਵੱਧ ਵਰਤੀ ਜਾਂਦੀ ਤਕਨੀਕ਼ ਦੋ ਬਿੰਬਾਂ ਜਾਂ ਵਿਚਾਰਾਂ ਦੀ ਸਮਦੇਸ਼ੀ-ਨਿਕਟਤਾ ( juxtaposition ) ਜਿਸਨੂੰ ਜਾਪਾਨੀ ਵਿੱਚ ਰੇਂਸੂ  (rensô) ਕਿਹਾ ਜਾਂਦਾ ਹੈ।  ਵਿਸ਼੍ਰਾਮ, ਅੰਤਰਾਲ, ਰਿਕਤ-ਸਥਾਨ, ਫਿਰ ਵਿਆਕਰਣਾਤਮਿਕ ਵਿਭਾਜਨ ਨੂੰ ਕੱਟਣ-ਵਾਲੇ-ਸ਼ਬਦ ਦੇ ਬਦਲ ਵਜੋਂ ਵਰਤਿਆ ਜਾ ਸਕਦਾ ਹੈ।  ਜ਼ਿਆਦਾਤਰ ਹਾਇਕੂ ਬਿਨਾਂ ਸਿਰਲੇਖ ਦੇ ਹੁੰਦੇ ਹਨ ਅਤੇ  ਅਲੰਕਾਰਾਂ ਅਤੇ ਤਸ਼ਬੀਹਾਂ ਤੋਂ ਵੀ ਅਕਸਰ ਬਚਿਆ ਹੀ ਜਾਂਦਾ ਹੈ। ( ਹਾਇਕੂ ਕਦੇ ਕਦੇ ਪ੍ਰਾਰੰਭਿਕ ਨੋਟਾਂ ਨਾਲ ਵੀ ਲਿਖੇ ਜਾਂਦੇ ਹਨ ਜੋ ਅਕਸਰ ਇਸਦੀ ਸੈੱਟਿੰਗ ਜਾਂ ਇਹੋ ਜਿਹੇ ਹੀ ਤੱਥ ਦਰਸਾਉਂਦੇ ਹਨ: ਅਲੰਕਾਰ ਅਤੇ ਤਸ਼ਬੀਹਾਂ ਵੀ ਕਦੇ ਕਦੇ ਆਪਣੇ ਸਾਧਾਰਣ ਪਦ-ਅਰਥਾਂ ਵਿੱਚ ਮਿਲਦੇ ਹਨ, ਪਰ ਬਹੁਤਾਤ ਵਿੱਚ ਨਹੀਂ। ) ਹਾਇਕੂ ਵਿੱਚ 'ਗਹਿਰਾ ਅਲੰਕਾਰ' ਜਾਂ ਚਿੰਨ੍ਹ੍ਵਾਦ ਕਿਸਨੂੰ ਕਿਹਾ ਜਾਵੇ - ਇਹ ਚਰਚਾ ਪ੍ਰੀਭਾਸ਼ਾ ਦੀਆਂ ਹੱਦਾਂ ਤੋਂ ਬਾਹਰ ਦੀ ਗੱਲ ਹੈ।"

ਮੇਰੀਅਮ ਵੈਬਸਟਰ ਡਿਕਸ਼ਨਰੀ:

ਹਾਇਕੂ "ਜਾਪਾਨ 'ਚ ਜਨਮੀ ਇੱਕ ਤੁਕਾਂਤ-ਮੇਲ ਮੁਕਤ 5-7-5 ਸਿਲਾਬਲ ਦੇ ਕ੍ਰਮ ਵਿੱਚ ਤਿੰਨ ਸਤਰਾਂ ਵਿੱਚ ਲਿਖੀ ਜਾਂਦੀ ਕਵਿਤਾ ਹੈ: ਨਾਲ ਹੀ: ਇਸ ਰੂਪ ਵਿੱਚ ਲਿਖੀ ਕਵਿਤਾ ਜਿਸ ਵਿੱਚ ਰੁੱਤ ਪ੍ਰਤੀ ਹਵਾਲਾ ਹੋਵੇ।"

ਏਨੀ'ਆ, ਕੈਟੇਲ ਦੀ ਸੰਪਾਦਿਕਾ ਨੇ ਲਿਖਿਆ:

"ਮੇਰੀਆਂ 'ਸੰਪਾਦਕ ਦੀ ਚੋਣ' ਵਿੱਚ ਚੁਣੀਦਾ ਰਚਨਾਵਾਂ ਸਤਰਾਂ/ਹਿੱਜਿਆਂ ਉੱਪਰ ਆਧਾਰਿਤ ਨਹੀਂ ਹੁੰਦੀਆਂ ਕਿਉਂਕਿ ਮੇਰੇ ਲਈ ਰੂਪ ਦਾ ਵਸਤੂ ਮੂਹਰੇ ਕੋਈ ਅਰਥ ਨਹੀਂ, ਅਤੇ ਨਾਂ ਹੀ ਮੈਨੂੰ ਕੀਗੋ ਹਾਇਕੂ ਲਈ ਕੋਈ ਜ਼ਰੂਰੀ ਸ਼ਰਤ ਲੱਗਦੀ ਹੈ, ਹਾਲਾਂਕਿ ਮੈਨੂੰ ਲੱਗਦਾ ਹੈ ਕਿ ਕੁਦਰਤੀ-ਜਗਤ ਦਾ ਕੋਈ ਨਾ ਕੋਈ 'ਅਹਿਸਾਸ' ਜ਼ਰੂਰੀ ਹੈ, ਸਮੇਤ ਸੈੱਟਿੰਗ, ਵਿਸ਼ਾ, ਕ੍ਰਿਆ, ਤੇ ਆਹਾ ਪਲ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਇਹ ਕਿਸ ਕ੍ਰਮ ਵਿੱਚ ਪ੍ਰਗਟ ਹੁੰਦੇ ਹਨ। ਬਦਕਿਸਮਤੀ ਨਾਲ, ਅੱਜ ਅਜਿਹੇ ਲੋਕਾਂ ਦੀ ਵੀ ਕੋਈ ਕਮੀ ਨਹੀਂ ਜੋ ਹਾਇਕੂ ਦੇ ਮਖੌਟੇ ਹੇਠ ਸਭ ਪ੍ਰਕਾਰ ਦੀ 'ਮਿੰਨੀ ਕਵਿਤਾਵਾਂ' ਪ੍ਰਕਾਸ਼ਿਤ ਕਰਵਾ ਰਹੇ ਹਨ। ਇਹ ਮੁੱਖ-ਧਾਰਾ ਦੇ ਕਾਵਿ ਲਈ ਤਾਂ ਭਾਵੇਂ ਠੀਕ ਹੋਵੇ, ਪਰ ਮੇਰੇ ਖ਼ਿਆਲ ਅਨੁਸਾਰ, ਜਦੋਂ ਇਹ ਜਾਪਾਨੀ ਅਤੇ ਪੂਰਵੀ ਸੁਹਜ ਦੇ ਸੰਧਰਵ ਵਿੱਚ ਹੈ ਤਾਂ ਕਹਾਣੀ ਬਿਲਕੁਲ ਵੱਖਰੀ ਹੈ।

ਰ. ਹ. ਬਲਿਥ ਆਪਣੀ ਕਿਤਾਬ, ਹਾਇਕੂ ਦਾ ਇਤਿਹਾਸ - ਭਾਗ ਪਹਿਲਾ, ਵਿੱਚ ਲਿਖਦਾ ਹੈ:

"ਹਾਇਕੂ ਚੂੰਕਿ ਸੰਵੇਦਨਾਵਾਂ ਦਾ ਕਾਵਿ ਹੈ, ਆਦਰਸ਼ ਰੂਪ ਵਿੱਚ ਆਖਿਆਂ ਜੋ ਹੁੰਦਾ ਹੈ ਉਹ ਇੰਝ ਹੈ. ਅਸੀਂ ਇੱਕ ਸੰਵੇਦਨਾ ਗ੍ਰਹਿਣ ਜਾਂ ਪੈਦਾ ਕਰਦੇ ਹਾਂ, ਮਹਿਜ਼ ਇੱਕ ਸੰਵੇਦਨਾ, ਕਰੀਬ-ਕਰੀਬ ਮੁਕੰਮਲ ਰੂਪ ਵਿੱਚ ਭੌਤਕੀ ਅਤੇ ਯਾਂਤ੍ਰਿਕ। ਤਦ ਇਸਦਾ ਮਾਨਵੀ-ਕਰਨ ਹੁੰਦਾ ਹੈ, ਅਤੇ ਇਹ ਉਹ ਪੜਾਉ ਹੈ ਜਿਸਨੂੰ ਜ਼ੇਨ ਲੋਕ ਆਖਦੇ ਹਨ - ਦਾਈ-ਇਚੀ ਨੇਨ। ( ਮੈਨੂੰ ਕਾਫ਼ੀ ਭਾਲਣ 'ਤੇ ਭੀ ਇਸਦੇ ਅਰਥ ਨਹੀਂ ਮਿਲੇ। ਸ਼ਾਇਦ ਬੁੱਧ ਦੇ ਬਚਨ "ਜੈਸਾ ਹੈ ਤੈਸਾ ਹੀ ਹੈ" ਵਲ ਇਸ਼ਾਰਾ ਹੈ। - ਅਨੁ. ) ਹਾਇਕੂ ਦਾਈ-ਇਚੀ ਨੇਨ ਹੈ, ਪਰ ਫਿਰ ਵੀ ਇਹ ਮਹਿਜ਼ ਬਿਆਨਕਾਰੀ ਜਾਂ ਫ਼ੋਟੋਗ੍ਰਾਫੀ ਮਾਤ੍ਰ ਨਹੀਂ। ਜਗਤ ਦੀਆਂ ਸਭ ਤੋਂ ਭੱਦੀਆਂ ਚੀਜ਼ਾਂ ਵਿਚੋਂ ਇੱਕ ਹੈ ਵਿਚਾਰ ਅਤੇ ਭਾਵਨਾਵਾਂ ਧੂੜ ਕੇ ਪਰੋਸੀ ਹੋਈ ਸੰਵੇਦਨਾ.........।"

ਹਾਮਿਸ਼ ਆਇਰਨਸਾਈਡ ਆਪਣੇ ਇੱਕ ਲੇਖ "ਨੀਚ ਝੂਠਾਂ ਦੇ ਖ਼ਿਲਾਫ਼: ਹਾਇਕੂ ਵਿੱਚ ਸਤਯਵਰਤਾ", ਜੋ ਕਿ 'ਅ ਹੰਡਰਡ ਗੌਰਡ' ਦੇ ਸਤੰਬਰ 2013 ਦੇ ਅੰਕ ਵਿੱਚ ਛੱਪਿਆ ਸੀ, ਵਿੱਚ ਲਿਖਦੀ ਹੈ:

"ਸੰਖੇਪਤਾ ਹਾਇਕੂ ਦੀ ਮੁਢਲੀ ਸ਼ਰਤ ਹੈ। ਭਾਵੇਂ ਹਾਇਕੂ ਨਾਲ ਜੋੜੀਆਂ ਜਾਂਦੀਆਂ ਸਾਰੀਆਂ ਸ਼ਰਤਾਂ ਦੀ ਪੂਰਤੀ ਹੁੰਦੀ ਹੋਵੇ ਪਰ ਇੱਕ ਖ਼ਾਸ ਆਕਾਰ ਤੋਂ ਲੰਬਾ ਲਿਖਿਆਂ ਇਹ ਹਾਇਕੂ ਨਹੀਂ ਰਹਿ ਜਾਂਦਾ; ਇਹ ਤਾਂਕਾ ਹੋ ਸਕਦਾ ਹੈ ਜਾਂ ਕੁਝ ਵੀ ਅਸਲੋਂ ਹੀ ਹੋਰ ਸ਼ੈਅ।"

ਹਾਇਕੂ ਕੈਨੇਡਾ ਰਿਵਿਊ (ਅਕਤੂਬਰ 2008) ਵਿੱਚ ਮਾਇਕਲ ਡਿਲਨ ਵੈਲਸ਼ ਨੇਂ ਲਿਖਿਆ:

"ਹਰ ਹਾਇਕੂ 'ਹੁਣ' ਬਾਰੇ ਇੱਕ ਕਵਿਤਾ ਹੈ, ਪਰ ਇਹ ਗਲ ਇਸ ਨਾਲੋਂ ਭਿੰਨ ਹੈ ਕਿ ਸਿਰਫ਼ 'ਹੁਣ' ਹੀ ਹੈ ਜੋ ਹਾਇਕੂ ਲਈ ਪ੍ਰੇਰਣਾ ਦਾ ਸਰੋਤ ਬਣ ਸਕਦਾ ਹੈ। ਸਾਧਾਰਣ ਸ਼ਬਦਾਂ ਵਿੱਚ ਕਵਿਤਾ ਦਾ 'ਹੁਣ' ਉਸ ਪਲ ਦਾ ਹੀ 'ਹੁਣ' ਹੋਣਾ ਜਦੋਂ ਕਵਿਤਾ ਲਿਖੀ ਗਈ ਸੀ, ਕੋਈ ਜ਼ਰੂਰੀ ਨਹੀਂ।"

ਨੋਟ: ਬਾਸ਼ੋ, ਬੁਸੋਂ, ਦੋਹੋ, ਇੱਸਾ ਨੇ ਕਦੇ ਵੀ ਆਪਣੇ ਅਨੁਆਈਆਂ ਨੂੰ ਕਿਸੇ ਆਹਾ ਖਿਣ ਉੱਪਰ ਕੇਂਦ੍ਰਿਤ ਹੋੱਕੁ ਲਿਖਣ ਦੀ ਸਲਾਹ/ਸਿੱਖਿਆ ਨਹੀਂ ਸੀ ਦਿੱਤੀ। ਇਹ "ਆਹਾ ਖਿਣ" ਰ. ਹ. ਬਲਿਥ ਅਤੇ ਕੇੱਨੇਥ ਯਾਸੁਦਾ ਦੀ ਹੀ ਕਾਢ ਹੈ ਜਿਸਦਾ ਆਧਾਰ ਉਹਨਾਂ ਦੀ ਇਹ ਗ਼ਲਤ ਧਰਨਾ ਸੀ ਕਿ ਹਾਇਕੂ ਜ਼ੇਨ ਬੋਧੀਆਂ ਦੀ ਕਾਵਿ ਵਿਧਾ ਹੈ। ਅੱਜ ਦੇ ਵਿਦਵਾਨ ਭਲੀਭਾਂਤ ਜਾਣੂੰ ਹਨ ਕਿ ਮਾਤਸੁਓ ਬਾਸ਼ੋ ਸਨਾਤਨੀ ਕੁਦਰਤਵਾਦ, ਤਾਓਵਾਦ,ਅਤੇ ਚੁਆਂਗ-ਜ਼ੀ ਤੋਂ ਗਹਿਨ ਰੂਪ ਵਿੱਚ ਪ੍ਰਭਾਵਿਤ ਸੀ; ਕਿ ਉਸਦੇ ਚਿੱਤ ਦਾ ਸਵਰੂਪ  ਉਸਦੇ ਧਾਰਮਿਕ ਅਤੇ ਸਮਾਜਿਕ ਵਿਸ਼ਵਾਸਾਂ ਦੀ ਲੜ੍ਹੀ ਦਾ ਸਿੱਟਾ ਸੀ ਜੋ ਉਸਦੇ ਆਪਣੇ ਅਨੁਭਵ ਦੀ ਗਹਿਰਾਈ ਅਤੇ ਸਭਿਆਚਾਰਿਕ ਸਮ੍ਰਿਤੀ ਕਾਰਨ ਘੜਿਆ ਗਿਆ, ਜ਼ੇਨ-ਬੁੱਧ ਧਰਮ ਵੀ ਇਸ ਲੜ੍ਹੀ ਦਾ ਇੱਕ ਹਿੱਸਾ  ਜ਼ਰੂਰ ਸੀ ਨਾਂਕਿ ਸਿਰਫ਼ ਇੱਕੋ ਇੱਕ ਨਿਰਣਾਇਕ ਪਹਿਲੂ।

ਅ. ਵ. ਕੋਸ਼ਯ, ਇਛਾਮੋਤੀ ਰਿਵਿਊ ( ਸਾਲ I ਅੰਕ I 2013 ) ਵਿੱਚ ਲਿਖਦਾ ਹੈ:

“ਹਾਇਕੂ ਕਿਵੇਂ ਲਿਖੀਏ
ਹਾਇਕੂ ਲਿਖਣਾ ਤਾਂ ਅੱਜਕਲ ਬਹੁਤ ਹੀ ਆਸਾਨ ਕੰਮ ਹੋ ਗਿਆ ਹੈ। ਕੀਗੋ, ਰੁੱਤਾਂ, ਕੀਰੇਜੀ ਆਦਿ ਉਹ ਅਸੂਲ ਜਿਨ੍ਹਾਂ ਤਹਿਤ ਹਾਇਕੂ ਰਚਿਆ ਜਾਂਦਾ ਸੀ ਸਾਰੇ ਮਿਟ-ਖੁਰ ਚੁੱਕੇ ਹਨ, ਜੇ ਕੁਝ ਬਚਿਆ ਹੈ ਤਾਂ 5-7-5 ਅਤੇ ਟਕਰਾਉ ਅਤੇ ਸਮਦੇਸ਼ੀ-ਨਿਕਟਤਾ ( juxtaposition ) ਵਾਲੀ, ਜਿਸਦਾ  ਉਘੜਵਾਂ/ਸਪਸ਼ਟ ਹੋਣਾ ਵੀ ਜ਼ਰੂਰੀ ਨਹੀਂ, ਫੋਟੋ-ਨੁਮਾ ਕਵਿਤਾ। ਦੋ ਹਰਫਾਂ ਵਿੱਚ ਕਹਿਣਾ ਹੋਵੇ ਤਾਂ ਕਹਿ ਸਕਦੇ ਹਾਂ ਕਿ ਹਾਇਕੂ ਦਿਨੋਂ-ਦਿਨ ਸੇਨ੍ਰ੍ਯੁ ਵਰਗਾ ਹੁੰਦਾ ਜਾ ਰਿਹਾ ਹੈ, ਅੱਜਕਲ।

ਬਿੱਲੀ ਵਿਲਸਨ ( ਲੇਖਕ ਦਾ ਸੰਬੰਧੀ ਨਹੀਂ ) ਵ. ਵ. ਨੋਰਟਣ ਦੁਆਰਾ ਪ੍ਰਕਾਸ਼ਿਤ; ਜਿਮ ਕੇਚੀਅਨ, ਐਲਨ ਬਰਨਜ਼ ਅਤੇ ਫਿਲਿਪ ਰੌਊਲੈਂਡ ਦੁਆਰਾ ਸੰਗ੍ਰਿਹਤ ਕੀਤੀ, ਮਾਡਰਨ ਇੰਗਲਿਸ਼ ਹਾਇਕੂ: ਪਹਿਲੇ ਸੌ ਸਾਲ  ਦੀ ਜਾਣ-ਪਹਿਚਾਣ ਵਿੱਚ ਲਿਖਦਾ ਹੈ:

"ਸਰਬੋਤਮ ਹਾਇਕੂ ਵਿੱਚ ਕਵੀ ਦੇ ਧਿਆਨ ਦੀ ਸਿਖਰ ਅਤੇ ਕਵਿਤਾ ਦੇ ਸ਼ਬਦਾ ਵਿੱਚ ਪਕੜਿਆ ਗਿਆ ਸਮੇਂ ਦਾ ਇੱਕ ਖਿਣ ਹੁੰਦਾ ਹੈ। ਸਾਧਾਰਨ ਪ੍ਰੇਖਣ ਨੂੰ 'ਇਥੇ-ਅਤੇ-ਹੁਣ' ਵਿੱਚ ਪੇਸ਼ ਕਰਕੇ ਪਾਠਕ ਨੂੰ ਚਕਿਤ ਕਰਨ ਨੂੰ ਪੂਰੀ ਤਰਾਂ ਸਮਰਪਿਤ ਇਹ ਹੀ ਕਵਿਤਾ ਦੀ ਇੱਕੋ ਇੱਕ ਵੰਨਗੀ ਹੈ।"

ਵਿਲਸਨ ਦੁਆਰਾ ਸੁਝਾਈ ਇਸ ਉਕਤੀ ਦੀ ਮਾਤਸੁਓ ਬਾਸ਼ੋ ਦੀ ਕਿਸੇ ਵੀ ਸਿਖਿਆ ਨੇ ਕਦੇ ਵੀ ਅਜਿਹੀ ਉਦਘੋਸ਼ਨਾ ਨਹੀਂ ਕੀਤੀ। ਬਸ਼ੋ ਸਦਾ ਹੀ ਆਪਣੀਆਂ ਕਵਿਤਾਵਾਂ 'ਤੇ ਮੁੜ-ਮੁੜ ਕੇ ਕੰਮ ਕਰਦਾ ਸੀ, ਖ਼ਾਸ ਕਰ ਜਦੋਂ ਉਹ ਆਪਣੇ ਕਿਤੇ ਮਗਰੋਂ ਜਾ ਕੇ ਲਿਖੇ ਹੋਏ ਹਾਇਬਨ ਜਾਂ ਸਫ਼ਰਨਾਮੇ ਵਿੱਚ ਆਪਣੀ ਪਹਿਲਾਂ ਦੀ ਲਿਖੀ ਕਵਿਤਾ ਦਾ ਇਸਤੇਮਾਲ ਕਰਦਾ ਸੀ। ਹੋੱਕੁ ਲਿਖਣ ਲਈ ਉਹ ਅਕਸਰ ਆਪਣੀ ਯਾਦ-ਸ਼ਕਤੀ ਦਾ ਸਹਾਰਾ ਲਿਆ ਕਰਦਾ ਸੀ। ਆਪਨੇ ਪਿਤਾ ਜੀ ਤੋਂ ਸਿਖੀ ਇੱਕ ਕਹਾਵਤ ਮੇਰੇ ਜ਼ਿਹਨ ਵਿੱਚ ਆ ਰਹੀ ਹੈ:

ਕਿਸੇ ਵੀ ਪੜ੍ਹੀ ਸੁਣੀ 'ਤੇ ਅੱਖਾਂ ਮਿਚ ਕੇ ਯਕੀਨ ਨਾ ਕਰੀ। ਚੀਜ਼ਾਂ ਦੀ ਨਿਰਖ਼-ਪਰਖ਼ ਆਪ ਕਰੀਂ।

ਅੰਤਿਮ ਨਿਰਣੇ ਪੇਸ਼ ਕਰਨ ਦਾ ਦਾਵਾ ਕਰਦੀ ਕਿਤਾਬ ਵਿੱਚ ਲਿਖੀ ਹਰ ਗੱਲ ਹੀ ਸੱਚਮੁਚ ਹੀ ਠੀਕ ਹੋਵੇ ਐਸਾ ਕੋਈ ਜਰੂਰੀ ਨਹੀਂ। ਕੋਈ ਵੀ ਆਪਣੇ ਕਪੋਲ 'ਚ ਸਿਰਜੀਆਂ ਕਾਲਪਨਿਕ ਥਿਓਰੀਆਂ ਦੇ ਲਾਗੂ ਕਰਨ ਲਈ ਪ੍ਰਚਾਰ ਕਰਦੀ ਕਿਤਾਬ ਲਿਖ ਸਕਦਾ ਹੈ, ਤੇ ਅਜਿਹਾ ਕਰ ਵੀ ਸਕਦਾ ਹੈ ਕਾਇਲ ਕਰ ਲੈਣ ਵਾਲੀ ਨਿਪੁੰਨਤਾ ਨਾਲ।

ਕਿਤਾਬ ਮਾਡਰਨ ਇੰਗਲਿਸ਼ ਹਾਇਕੂ: ਪਹਿਲੇ ਸੌ ਵਰ੍ਹੇ, ਕੇਚੀਅਨ ਮੁਤਾਬਕ,"ਅੰਗ੍ਰੇਜ਼ੀ-ਭਾਸ਼ਾਈ ਹਾਇਕੂ ਨੂੰ ਪੜ੍ਹਨ ਅਤੇ ਸਮਝਣ ਲਈ ਇੱਕ ਨਵਾਂ ਮਾਪਦੰਡ" ਸਾਬਤ ਹੋਏਗੀ।" 230 ਤੋਂ ਵਧੀਕ ਕਵੀਆਂ ਦੀਆਂ ਕ੍ਰਿਤਾਂ ਦਾ ਪ੍ਰਦਰਸ਼ਨ ਕਰਦੀ 400 ਪੰਨਿਆਂ ਦੀ ਇਸ ਕਿਤਾਬ ਵਿੱਚ ਉਸ ਵਿਧਾ ਦੀ 74 ਪੰਨਿਆਂ ਦੀ ਸਮੀਖਿਆ ਹੈ ਜੋ ਵਿਧਾ ਹੀ ਨਹੀਂ ਹੈ। ਕੇਚੀਅਨ ਦਾ ਹਾਇਕੂ ਦਾ ਸੰਕਲਪ ਉਹਨਾਂ ਉਸਤਾਦ ਕਵੀਆਂ ਤੋ ਬੇਹੱਦ ਭਿੰਨ ਹੈ ਜਿਨ੍ਹਾਂ ਨੇਂ ਜਗਤ ਨੂੰ ਹੋੱਕੁ ਦਿੱਤਾ ਸੀ। ਕੁਝ ਅਜਿਹੇ ਹਾਇਕੂ ਵੀ ਇਸ ਕਿਤਾਬ ਵਿੱਚ ਪੇਸ਼ ਕੀਤੇ ਹਨ ਜੋ ਅਜਿਹੇ ਬਿੰਬ-ਸਿਰਜਿਕ ( Imagist ) ਕਵੀਆਂ ਦੁਆਰਾ ਲਿਖੇ ਗਏ ਜਿਨ੍ਹਾਂ ਨੇਂ ਕਦੇ ਵੀ ਹਾਇਕੂ-ਕਵੀ ਹੋਣ ਦਾ ਦਵਾ ਨਹੀਂ ਕੀਤਾ।

 ਛਿਦਰੀ ਹਵਾ! ਮਨ ਗਾਇਬ ਮੇਰਾ
ਆਈਵਰ ਵਿੰਟਰਜ਼ 


I(a
Ie
af
fa
II
s)
 ( ਇਸਦਾ ਕੋਈ ਕੀ ਅਨੁਵਾਦ ਕਰੇ? - ਅਨੁ. )

ਅਹਂਮ ( ਗਿ

ਰਿ
ਹਾ

ਪੱ
ਤਾ )

one                     ਇੱਕ
li                          ਲਾ
ness                    ਪਣ
- ਈ. ਈ. ਕੂਮਿੰਗਜ਼ 

ਰਾਤੀਂ ਮੀਂਹ ਵਰ੍ਹਿਆ ਸੀ। 
ਹੁਣ, ਉੱਜੜੇ ਜਿਹੇ ਪਹੁ-ਫੁਟਾਲੇ 'ਚ 
ਨੀਲਕੰਠਾਂ ਦੀਆਂ ਕੂਕਾਂ 

- ਏਮੀ ਲੋਵੇੱਲ

ਭੀੜ ‘ਚ ਪ੍ਰਛਾਵੇਂ . . .
ਸਿਲ੍ਹੇ ਕਾਲੇ ਬੈਂਚ ‘ਤੇ
ਪੰਖੁੜੀਆਂ

- ਇਜ਼ਰਾ ਪੌਉਂਡ

ਨੋਟ: ਪੌਂਉਡ ਨੇਂ ਇਸ ਕਵਿਤਾ ਨੂੰ "ਹਾਇਕੂ-ਵਰਗੀ ਕਵਿਤਾ" ਕਿਹਾ ਸੀ। ਉਸਨੇ ਕਦੇ ਵੀ ਇਸ ਉੱਪਰ ਹਾਇਕੂ ਦਾ ਲੇਬਲ ਨਹੀਂ ਸੀ ਲਾਇਆ ਜਿਵੇਂ ਕਿ ਜਿਮ ਕੇਚੀਅਨ ਨੇਂ ਨੀਮ-ਅਧਿਕਾਰ ਜਿਹੇ ਨਾਲ ਇਸ ਸੰਗ੍ਰਿਹ, ਆਧੁਨਿਕ ਅੰਗ੍ਰੇਜ਼ੀ ਹਾਇਕੂ: ਪਹਿਲੇ ਸੌ ਵਰ੍ਹੇ, ਵਿੱਚ ਲਗਾ ਦਿੱਤਾ ਹੈ।

ਹਾਇਕੂ ਦੇ ਲੇਬਲ ਵਾਲੀਆਂ ਇਸ ਕਿਤਾਬ ਦੀਆਂ ਕੁਝ ਕਵਿਤਾਵਾਂ ਬੀਟ ਕਵੀਆਂ, ਜਿਹਨਾਂ ਨੇਂ ਰ. ਹ. ਬਲਿਥ ਅਤੇ ਕੇੱਨੇਥ ਯਾਸੁਦਾ ਦੀਆਂ ਕਿਤਾਬਾਂ ਕਿਸੇ ਕਾਹਲ ਜਿਹੀ ਵਿੱਚ ਪੜ੍ਹੀਆਂ ਸਨ, ਦੀ ਕਲਮ 'ਚੋਂ ਗੈਰੀ ਸਨਾਈਡਰ ਦੇ ਬਰਕਲੇ ਕੈਲੀਫੋਰਨੀਆ ਵਾਲੇ ਘਰ ਉਦੋਂ ਨਿਕਲੀਆਂ ਹਨ ਜਦੋਂ ਉਹ ਸ਼ਰਾਬ ਤੇ ਹੋਰ ਨਸ਼ਿਆਂ ਨਾਲ ਧੁੱਤ ਸਨ।

ਇਸ ਸਵੇਰ:
ਪਾਣੀ ਦੀ ਬਾਲਟੀ 'ਚ ਤਿਰ ਰਿਹਾ ਮੂਧੇ ਮੂੰਹ
ਇੱਕ ਡੁੱਬਿਆ ਚੂਹਾ

- ਗੈਰੀ ਸਨਾਈਡਰ

ਪਾਣੀ ਦੀ ਬਾਲਟੀ 'ਚ ਡੁੱਬ ਕੇ ਮਰਿਆ ਮੂੱਧੇ ਮੂੰਹ ਤਿਰ ਰਿਹਾ ਇੱਕ ਚੂਹਾ ਨਾਂਹ ਤਾਂ ਇਲਹਾਮੀ ਝਲਕਾਰਾ ਹੈ ਤੇ ਨਾ ਹੀ ਸਾਨੂੰ ਕੁਦਰਤ ਬਾਰੇ ਕੋਈ ਅਜਿਹਾ ਚਾਨਣਾ ਹੀ ਪਾਉਂਦਾ ਹੈ ਜੋ ਅਸੀਂ ਪਹਿਲਾਂ ਤੋਂ ਹੀ ਨਹੀਂ ਜਾਣਦੇ। ਇਹ ਇੱਕ ਪ੍ਰੇਖਿਕ ਬਿਆਨ ਹੈ, ਇਸਤੋਂ ਵੱਧ ਕੁਝ ਵੀ ਨਹੀਂ।

ਕੀ ਫ਼ਰਕ ਹੈ ਇਸ ਅੱਗੇ ਵਾਲੇ ਵਿੱਚ ਵੀ ?

ਕਮਰੇ 'ਚ ਮਖ਼ਮਲੀ ਗਲੀਚੇ 'ਤੇ ਸੁੱਤਾ ਪਿਆ 
ਇੱਕ ਥੱਕਿਆ ਨੰਨ੍ਹਾ-ਮੁੰਨਾ
---
ਇੱਕ ਦੀਵਾਨਾ
ਚਲਚਿਤ੍ਰ ਚੋਂ ਪ੍ਰਗਟ ਹੋਇਆ:
ਲੰਚ-ਬ੍ਰੇਕ ਸਮੇਂ ਸੜਕ

- ਐਲਨ ਗਿੰਸਬਰਗ

ਇੱਕ ਪਗਲਾਇਆ ਆਦਮੀ ( ਗਿੰਸਬਰਗ ਦੀ Howl ਦੀ ਯਾਦ ਦਵਾਉਂਦਾ ) ਸਿਨੇਮਾ-ਘਰ ਚੋਂ ਨਿਕਲ, ਗਲੀ ਦੀ ਜ਼ਿੰਦਗੀ ਵਿੱਚ ਆ ਜਾਂਦਾ ਹੈ। ਇਸਤੋਂ ਸਾਨੂੰ ਜ਼ੌਕਾ ਅਤੇ ਕੁਦਰਤ ਵਿੱਚ ਉਸਦੇ ਪ੍ਰਭਾਵਾਂ ਬਾਰੇ ਕੀ ਖ਼ਬਰ ਮਿਲਦੀ ਹੈ ? ਇਹ ਸੇਨ੍ਰ੍ਯੁ ਕਿਵੇਂ ਨਹੀਂ ਹੈ ? ਗਿੰਸਬਰਗ ਦੀ ਹੀ ਕਿਸੇ ਲੰਬੀ ਕਵਿਤਾ ਵਿੱਚੋਂ ਇੱਕ ਹਿੱਸੇ ਵਾਂਗ ਲੱਗਦਾ ਹੈ।

ਖੁੰਝ ਗਈ ਲੱਤ
ਫ੍ਰਿਜ ਦੇ ਦਰਵਾਜ਼ੇ ਨੂੰ ਮਾਰੀ
ਉਹ ਉਂਝ ਹੀ ਬੰਦ ਹੋ ਗਿਆ

- ਜੈਕ ਕੇਰੂਆਕ

ਕੇਰੂਆਕ ਨੇਂ ਫ੍ਰਿਜ ਬੰਦ ਕਰਨ ਲਈ ਲੱਤ ਵਰ੍ਹਾਈ ਪਰ ਨਿਸ਼ਾਨਾ ਖੁੰਝ ਗਿਆ। ਉਹ ਚਲੋ ਆਪੇ ਹੀ ਬੰਦ ਹੋ ਗਿਆ। ਇਹ ਪੇਖਣਾ ਨੂੰ ਕਵਿਤਾ ਕਿਵੇਂ ਕਹਿ ਦੇਈਏ ? ਇਸਨੂੰ ਹੋੱਕੁ ਦਾ ਪੁਨਰ-ਉਧਾਰਣ, ਜੋ ਹੋਣ ਦਾ ਹਾਇਕੂ ਦਾਵਾ ਕਰਦਾ ਹੈ, ਕਿਵੇਂ ਮੰਨ ਲਈਏ ? ਇਸਤੋਂ ਕੀ ਪਤਾ ਲੱਗਦਾ ਹੈ ਕੁਦਰਤ ਬਾਰੇ ਜਾਂ ਮਨੁੱਖਾ ਸਭਾਉ ਬਾਰੇ ? ਇਥੇ ਕੀ ਅਜਿਹਾ ਹੈ ਜਿਸਦੀ ਵਿਆਖਿਆ ਹੋ ਸਕੇ ? ਕਿੱਥੇ ਹਨ ਉਹ ਪਰਤਾਂ, ਉਹ ਸੁਹਜ ਦੇ ਸੰਦ, ਉਹ ਅਰਥਾਂ ਦੀ ਬਹੁਲਤਾ ਜਿਸਦੀ ਬਾਸ਼ੋ ਵਰਗਿਆਂ ਨੇਂ ਵਰਤੋ ਕਰ ਅਜਿਹਾ ਸਾਹਿਤ ਰਚਿਆ ਜੋ ਸਦੀ ਬੀਤਣ 'ਤੇ ਵੀ ਹਰਮਨ ਭਾਉਂਦਾ ਹੈ ?

ਹਾਇਕੂ ਦਰਅਸਲ, ਜਿਵੇਂ ਕਿ ਮੈਂ ਇਸੇ ਲੜ੍ਹੀ ਦੇ ਪਹਿਲੇ ਨਿਬੰਧਾਂ ਵਿੱਚ ਕਿਹਾ ਹੈ, ਜਰਮਨੀ-ਆਧਾਰਿਤ ਵਿਸ਼ਵਵਿਦਿਆਲਯ-ਪ੍ਰਭਾਵਿਤ ਆਵਾਜ਼ ਹੈ ਜਿਸਨੂੰ ਸ਼ੀਕੀ ਨੇਂ ਜਗਤ ਅੱਗੇ ਪਰੋਸਿਆ ਅਤੇ ਉਹ ਆਪ ਭਾਰੀ ਤਰਾਂ ਪੱਛਮੀ ਪ੍ਰਭਾਵਾਂ ਨੂੰ ਗ੍ਰਿਹਣ ਕਰਦਾ ਹੈ।

ਇਹ ਕਿਤਾਬ ਆਧੁਨਿਕ ਅੰਗ੍ਰੇਜ਼ੀ ਹਾਇਕੂ  ਰ. ਹ. ਬਲਿਥ ਅਤੇ ਉਹਨਾਂ ਜਾਪਾਨੀ ਕਵੀਆਂ ਅਤੇ ਆਲੋਚਕਾਂ ਤੋਂ ਬੁਰੀ ਤਰਾਂ ਨਾਲ ਪ੍ਰਭਾਵਿਤ ਹੈ ਜਿਹਨਾਂ ਦੇ ਮਨ ਦਾ ਸੰਚਾ ਉਸ ਸ਼ਬਦਾਵਲੀ ਦੀਆਂ ਪ੍ਰੀਭਾਸ਼ਾਵਾਂ ਨੇਂ ਢਾਲਿਆ ਜੋ ਸਿਰਫ਼ ਅਤੇ ਸਿਰਫ਼ ਪੱਛਮੀ ਵਿਚਾਰਧਾਰਾ ਦਾ ਹੀ ਖ਼ਾਸਾ ਹੈ। ਇਸ ਵਿੱਚ ਪੇਸ਼ ਕੀਤੀਆਂ ਕਵਿਤਾਵਾਂ ਤੋਂ ਦੇਖਿਆ ਜਾ ਸਕਦਾ ਹੈ ਕਿ ਪ੍ਰਾਚੀਨ ਉਸਤਾਦ ਕਵੀਆਂ ਦਾ ਪ੍ਰਭਾਵ ਰੀਣ ਮਾਤਰ ਵੀ ਨਹੀਂ ਹੈ। ਇਸ ਸੰਗ੍ਰਿਹ ਬਾਰੇ ਸਭਤੋਂ ਵੱਧ ਧਿਆਨ ਖਿੱਚਣ ਵਾਲੀ ਗੱਲ ਇਹ ਹੈ ਕਿ ਇਸ ਵਿੱਚ ਸੰਸਾਰ ਦੇ ਮੁਹਰਲੀਆਂ ਸਫ਼ਾਂ ਦੇ ਹੋੱਕੂ ਕਵੀ ਅਸਲੋਂ ਹੀ ਨਾਦਾਰਦ ਹਨ। ਸਾਰੇ ਨਾਮ ਜਾਣੇ-ਪਛਾਣੇ ਹਨ ਜਿਵੇਂ ਕਿ ਸੰਪਾਦਕਾਂ ਅਤੇ ਸਰੋਤਾਂ ਵਾਂਗ ਹੀ। ਸਰ-ਤੱਤ, ਕਿਤਾਬ ਦੁਆਰਾ ਪ੍ਰਗਟਾਈ ਹਾਇਕੂ ਦੀ ਸਥਿਤੀ,, ਇਤਿਹਾਸ ਅਤੇ ਪ੍ਰੀਭਾਸ਼ਾ ਉਹੀ ਪੁਰਾਣੇ ਲਿਖੇ ਦਾ ਦਹੁਰਾਓ ਹੀ ਹੈ - ਪੁਰਾਣੀ ਬੋਤਲ ਵਿੱਚ ਪੁਰਾਣੀ ਸ਼ਰਾਬ।

ਇਸ ਵਿੱਚ ਹਵਾਲੇ ਦੇ ਕੇ ਕੀਤੀ ਵਿਦਵਤਾਪੂਰਣ ਅਧਿਕਾਰ ਵਾਲੀ ਗੱਲ ਦੀ ਕਮੀ ਹੈ, ਬੱਸ ਉਹੀ ਪੁਰਾਣੀਆਂ ਗਲਾਂ, ਉਹਨਾ ਦਾ ਹੀ ਸਿੱਧੜਾਂ ਵਾਲਾ ਦਹੁਰਾਉ।  'ਆਧੁਨਿਕ ਅੰਗ੍ਰੇਜ਼ੀ ਹਾਇਕੂ', "ਅੰਗ੍ਰੇਜ਼ੀ-ਭਾਸ਼ਾਈ ਹਾਇਕੂ ਨੂੰ ਪੜ੍ਹਨ ਅਤੇ ਸਮਝਣ ਲਈ ਇੱਕ ਨਵਾਂ ਮਾਪਦੰਡ" ਸਥਾਪਤ ਕਰਨ ਦੇ ਦਾਵੇ ਦੀ ਪੂਰਤੀ ਵਿੱਚ ਅਸਫਲ ਹੈ।

ਅੰਡਰ ਦ ਬਾਸ਼ੋ ਦੇ ਪੱਤਝੜ੍ਹ 2013 ਅੰਕ ਵਿੱਚ ਡੌਨ ਬੇਅਰਡ ਲਿਖਦਾ ਹੈ:

"ਜ਼ੌਕਾ ਤਹਿਤ ਖਿਣਭੰਗੁਰਤਾ ਅਤੇ ਚਲਾਇਮਾਨਤਾ ਦਾ ਅਹਿਸਾਸ ਸਪਸ਼ਟ ਰੂਪ ਵਿੱਚ ਬਾਸ਼ੋ ਦੇ ਹਾਇਕੂ/ਹੋੱਕੂ-ਸੁਹਜ ਦੇ ਅਤਿਰਿਕਤ ( ਵਾਫ਼ਰ ) ਪਹਿਲੂ ਹਨ। ਇਹ ਜ਼ੌਕਾ ਦੀ ਬੁਹਾਰਨ ਵਾਲੇ ਜਵਾਰ ਵਿੱਚ ਇੱਕ ਵਿਸ਼ੇਸ਼ ਰੂਪ ਵਿੱਚ ਬੁਣੇ ਹੋਏ ਹਨ। ਇਸ ਪੱਖ ਤੋਂ ਦੇਖਿਆਂ ਹਾਇਕੂ ਅਤੇ ਜ਼ੌਕਾ 'ਦਰਮਿਆਨ' ਜੋੜਨ ਵਾਲੀ ਕਿਸੇ ਕੜੀ ਦੀ ਕੋਈ ਲੋੜ ਨਹੀਂ ਕਿਉਂਕਿ ਇਹ ਇਕਮਿਕ ਹਨ, ਇੱਕੋ ਹਨ।"

ਬਾਸ਼ੋ ਦਾ ਹਾਇਕੂ/ਹੋੱਕੂ ਸੁਹਜ ? ਹੋੱਕੂ ਅਤੇ ਹਾਇਕੂ ਇੱਕੋ ਨਹੀਂ ਹਨ। ਅਜਿਹਾ ਦਾਵਾ ਕਰਨਾ ਇਤਿਹਾਸਿਕ ਅਤੇ ਵਿਆਖਿਆ-ਵਿਧਾਨ ਦੇ ਵਿਗਿਆਨ ( ਪ੍ਰਣਾਲੀ ) ਨੂੰ ਸ਼ਰੇਆਮ ਨਜ਼ਰ-ਅੰਦਾਜ਼ ਕਰਨਾ ਹੈ।

ਇਸ ਰਸਾਲੇ ਵਿੱਚੋਂ ਕੁਝ ਨਮੂਨੇ ਟੂਕ ਮਾਤ੍ਰ ਵਾਚਦੇ ਹਾਂ:

ਰਾਤ ਵਾਲੀ ਰੇਲ
ਮੇਰਾ ਸਵਰਗਵਾਸੀ ਤਾਇਆ ਕੱਟੇ ਟਿੱਕਟਾਂ
ਮੇਰੇ ਸੁਫਨਿਆਂ ਦੀ ਮੰਜ਼ਿਲ ਲਈ
- ਪ੍ਰਿਸ ਕੈਂਪਬੈੱਲ

ਰਾਤ ਚਾਨਣੀ ਇੰਨਾਂ ਸ਼ਰਾਬੀ ਕਿ ਮੂਤਣ ਲਈ ਬਿਸਤਰ ਚੋਂ ਨਿਕਲਾਂ
- ਜੀਨ ਮੁਰਥਾ

ਅੱਧੀ ਰਾਤ ਚੁਰਟ ਕਾਰ ਮਾਰੇ ਪਟਾਕੇ
- ਜੋਹੈਨਸ ਸ. ਹ. ਬਰਗ

ਇਕਤ੍ਰ ਕੀਤੇ—
ਸਕੂਲ ਦੇ ਕੂੜਾਦਾਨ
ਰੁੜਣ ਰੁੜ 'ਣ ਰੁਕਣ।  ਰੁ ' ੜ ' ਣ
ਰ ' ਉ ' ੜ ਰਹੇ ਹਵਾ ਨਾਲ।
- ਐਨਥਨੀ ਰੁਟਲੈੱਜ

ਹਾਇਕੂ ਅਤੇ ਹੋੱਕੂ ਕੀ ਇੱਕੋ ਨਸਲ ਲਈ ਦੋ ਨਾਮ ਹਨ ? ਬਾਸ਼ੋ, ਬੁਸੋਂ ਦੋਹੋ, ਇੱਸਾ, ਚਿਯੋ-ਨੀ ਨੇਂ ਹੋੱਕੂ ਰਚੇ। ਉਹਨਾਂ ਦੀ ਕਵਿਤਾ ਨੂੰ ਅੰਡਰ ਦ ਬਾਸ਼ੋ ਦੇ ਉੱਪਰ ਜ਼ਿਕ੍ਰ ਕੀਤੇ ਨਮੂਨਿਆਂ ਨਾਲ ਮਿਲਾ ਕੇ ਦੇਖੋ। 

ਅੰਡਰ ਦ ਬਾਸ਼ੋ ਦੇ ਪੱਤਝੜ੍ਹ 2013 ਅੰਕ ਦੇ ਸੰਪਾਦਕੀ ਲੇਖ ਵਿੱਚ ਬੇਅਰਡ ਵਿੱਚ ਕਹਿੰਦਾ ਹੈ:

"ਇਹ ਉਹ ਰਸਾਲਾ ਹੈ ਜੋ ਬਾਸ਼ੋ ਕਾਵਿ ਦੇ ਸ਼ਾਸ਼ਤਰ ਅਤੇ ਸੁਹਜ ਦੀਆਂ ਕਦਰਾਂ ਦੀ ਕਦਰ ਕਰਦਾ ਹੈ ਅਤੇ ਨਾਲ ਹੀ ਆਧੁਨਿਕ ਚਿੰਤਕ ਅਤੇ ਉਹਨਾਂ ਦੇ ਕਾਵਿ ਉਪਰਾਲਿਆਂ ਲਈ ਖ਼ਾਬ-ਸਤਾਨ ਮੁਹਈਆ ਕਰਨ ਦੇ ਖ਼ਿਆਲ ਨਾਲ ਵੀ ਬਗਲਗੀਰ ਹੁੰਦਾ ਹੈ।"

ਬਾਸ਼ੋ ਦੇ ਕਾਵਿ-ਵਿਧਾਨ ਅਤੇ ਸੁਹਜ-ਸ਼ਾਸ਼ਤਰ ਦੀ ਕਦ੍ਰ ਕਰਨ ਲਈ ਉਹਨਾਂ ਨੂੰ ਸਮਝਨਾ ਵੀ ਜਰੂਰੀ ਹੈ। ਬਾਸ਼ੋ ਨੇ ਜੋ ਸਿਖਾਇਆ ਅਤੇ ਹੰਢਾਇਆ, ਅੰਡਰ ਦ ਬਾਸ਼ੋ ਦੇ ਪੱਤਝੜ੍ਹ 2013 ਅੰਕ ਦੀਆਂ ਜ਼ਿਆਦਾਤਰ ਕਵਿਤਾਵਾਂ ਉਸਦਾ ਵਿਲੋਮ ਹਨ, ਵਿਪ੍ਰ੍ਯ੍ਯ ਹਨ, antithesis ਹਨ ।

ਹਾਇਕੂ ਦੇ ਕੁਝ ਹੋਰ ਸੰਕਲਪ:

ਫੇਰਿਸ ਗਿੱਲੀ ਨੇ ਨਿਊ ਜ਼ੀਲੈਂਡ ਪੋਇਟਰੀ ਸੋਸਾਇਟੀ ਲਈ ਲਿਖੇ ਆਪਣੇ ਲੇਖ, ਸੀਜ਼ਨਿੰਗ ਯੂਅਰ ਹਾਇਕੂ ( Seasoning ਦੇ ਅਰਥ ਇੱਕੋ ਸਮੇਂ ਰੁੱਤ ਪ੍ਰਵੇਸ਼ ਵਜੋਂ ਅਤੇ ਮਸਾਲਾ ਲਾਉਣ ਵਜੋਂ ਕੀਤੇ ਜਾ ਸਕਦੇ ਹਨ। - ਅਨੁ. ), ਵਿੱਚ ਲਿਖਿਆ:

"ਹਾਇਕੂ ਦੀ ਜਿਸ ਪ੍ਰੀਭਾਸ਼ਾ ਦੇ ਮੈਂ ਹੱਕ਼ ਵਿੱਚ ਹਾਂ ਉਸਦੀ ਮਨੌਤ ਇਹੋ ਹੈ ਕਿ ਹੋਰਾਂ ਗੱਲਾਂ ਦੇ ਨਾਲ-ਨਾਲ, ਪ੍ਰੰਪਰਾਵਾਦੀ ਹਾਇਕੂ ਅਤਿ ਲਘੂ ਕਵਿਤਾ ਹੈ ਜੋ ਕੁਦਰਤ ਅਤੇ/ਜਾਂ ਕੁਦਰਤ ਨਾਲ ਮਨੁੱਖਾ ਸੰਬੰਧਾਂ ਬਾਰੇ ਹੈ ( ਅਕਸਰ ਬੇਹੱਦ ਸੂਖਮਤਾਈ ਨਾਲ ਮਨੁੱਖਾ-ਸਭਾਉ ਬਾਰੇ ਕੁਝ ਪ੍ਰਗਟ ਕੁਝ ਜ਼ਾਹਿਰ ਕਰਦੀ ਹੋਈ ), ਆਦਰਸ਼ ਰੂਪ ਵਿੱਚ ਇਸ ਵਿੱਚ ਕੀਗੋ ਹਾਜ਼ਰ ਹੁੰਦੀ ਹੈ। ( ਮਨੁੱਖ ਵੀ ਕੁਦਰਤ ਦਾ ਹਿੱਸਾ ਹਨ, ਭਾਵੇਂ ਕਿ ਕੁਝ ਕੁ ਕਿੰਨੇ ਵੀ ਗੈਰਕੁਦਰਤੀ, ਵਿਪਥਗਾਮੀ, ਅਸਲ ਤੋਂ ਭਟਕੇ ਹੋਏ ਕਿਉਂ ਨਾਂਹ ਦਿਸਣ। ਫਿਰ ਵੀ, ਆਦਰਸ਼ ਰੂਪ ਵਿੱਚ, ਮਨੁੱਖਾ ਹਵਾਲਾ/ਇਸ਼ਾਰਾ ਕਦੇ ਵੀ ਹਾਇਕੂ 'ਤੇ ਭਾਰੀ ਨਾ ਹੋਵੇ। )"

ਜਾਪਾਨੀ ਕਵਿਤ੍ਰੀ ਓਨੀਸ਼ੀ ਯਾਸਾਯੋ ਨੇ ਰਿਚਰਡ ਗਿਲਬਰਟਨ ( "ਅੰਤਰਆਤਮਾ ਦੀਆਂ ਕਵਿਤਾਵਾਂ" ਵਾਲਾ )  ਨਾਲ 5 ਅਗਸਤ, 2007 ਨੂੰ ਹੋਏ ਇੱਕ ਰੂਹ-ਬ-ਰੂਹ ਦੌਰਾਨ ਆਖਿਆ:
"ਅੱਜ ਦਾ ਹਾਇਕੂ ਸੇਨ੍ਰ੍ਯੁ ਦੇ ਖਿੱਤੇ ਵਿੱਚ ਖਹਿੰਦਾ ਹੈ ਅਤੇ ਸੇਨ੍ਰ੍ਯੁ ਹਾਇਕੂ ਦੇ ਇਲਾਕੇ ਵਿੱਚ ਘੁਸਪੈਠ ਕਰਦਾ ਹੈ।"

ਉਸਨੇ ਇਹ ਵੀ ਕਿਹਾ:

"ਜਦੋਂ ਪਾਠਕਾਂ ਅਤੇ ਲੇਖਕਾਂ ਦੀਆਂ ਇਹ ਦੇਸ਼ਾਂਤਰ ਅਤੇ ਅਕਸ਼ਾਂਸ਼ ਰੇਖਾਵਾਂ ਸਹਿਮਤੀ ਵਿੱਚ ਮਿਲਦੀਆਂ ਹਨ ਤਾਂ ਅਸੀਂ  ਹਾਂ, "ਇਹ ਹਾਇਕੂ ਹੈ" ਅਤੇ "ਇਹ ਸੇਨ੍ਰ੍ਯੁ ਹੈ।" ਪਰ, ਜਿਉਂ ਹੀ ਅਸੀਂ ਇਸੇ ਆਮ ਰਾਏ ਨੂੰ ਹਾਇਕੂ ਅਤੇ ਸੇਨ੍ਰ੍ਯੁ ਵਿਚਲੀ ਭਿੰਨਤਾ ਪ੍ਰੀਭਾਸ਼ਿਤ ਕਰਨ ਲਈ ਵਰਤਦੇ ਹਾਂ ਤਾਂ ਰਚਣਹਾਰੇ ਕਵੀਆਂ ਅਤੇ ਲੋਕਾਈ ਦੀ ਸਮਝ ਦਰਮਿਆਨ ਵਿਖਰੇਵੇਂ ਦੀ ਇੱਕ ਖਾਈ ਪੁੱਟੀ ਜਾਂਦੀ ਹੈ।"

ਸੇਨ੍ਰ੍ਯੁ ਅਤੇ ਹਾਇਕੂ ਦਾ , ਆਮ ਤੌਰ 'ਤੇ, ਇੱਕ ਹੀ ਵਿਧਾ ਵਜੋਂ ਮਿਲਗੋਭਾ ਬਣ ਚੁੱਕਾ ਹੈ, ਹਾਇਕੂ ਅਤੇ ਸੇਨ੍ਰ੍ਯੁ ਨੂੰ ਪ੍ਰੀਭਾਸ਼ਿਤ ਕਰਦੀ ਸੀਮਾਬੰਦੀ ਦੀ ਰੇਖਾ ਇੱਕ ਅਜਿਹਾ ਧੁੰਦਲਾ ਖਿੱਤਾ ਹੈ ਜਿਸਦੀ ਲਕੀਰ ਨੂੰ ਸਿਧਾਂਤਕ ਅਤੇ ਵਿਦਿਅਕ ਅਧਿਕਾਰਸੰਪੰਨਤਾ ਨਾਲ ਸਪਸ਼ਟ ਤੇ ਗਾੜ੍ਹੀ ਕਰਨ ਦੀ ਫ਼ਿਕਰ ਥੋੜ੍ਹੇ ਜਿਹੇ ਹੀ ਵਿਅਕਤੀਆਂ ਨੂੰ ਹੈ। ਕੁਝ ਸੋਚਦੇ ਹਨ ਕਿ ਸੇਨ੍ਰ੍ਯੁ ਕਿਸੇ ਮਸਖਰੇ ਦੀ ਮਨਬਚਨੀ ਵਾਂਗ ਕਿਹਾ ਗਿਆ ਇੱਕ ਮਖੌਲੀਆ ਕਾਵਿ ਹੈ। ਕੁਝ ਕੁ ਦੀ ਸਮਝ ਹੈ ਕਿ ਇਹ ਮਨੁੱਖਾ-ਕੇਂਦ੍ਰਿਤ ਹੈ ਜਦੋਂ ਕਿ ਹਾਇਕੂ ਕੁਦਰਤ-ਕੇਂਦ੍ਰਿਤ। ਸਮੱਸਿਆ ਹੋਰ ਵੀ ਡੂੰਘੀ ਹੋ ਜਾਂਦੀ ਹੈ ਜਦੋਂ ਕੋਈ ਮਨੁੱਖੀ ਜੀਵਨ ਨੂੰ ਵੀ ਕੁਦਰਤ ਦਾ ਹੀ ਇੱਕ ਹਿੱਸਾ ਗਿਣਦਾ ਹੈ। ਆਨ-ਲਾਈਨ ਅਤੇ ਛਪਣ ਵਾਲੇ ਜ਼ਿਆਦਾਤਰ ਰਸਾਲਿਆਂ ਵਿੱਚ ਹਾਇਕੂ ਅਤੇ ਸੇਨ੍ਰ੍ਯੁ ਨੂੰ ਬਿਨਾਂ ਕਿਸੇ ਸਪਸ਼ਟ ਹੱਦਬੰਦੀ ਦੇ ਇਕੱਠਿਆਂ ਹੀ ਚੇਪ ਦਿਤਾ ਜਾਂਦਾ ਹੈ। ਕੁਝ ਉਦਾਹਰਨਾਂ ਪੇਸ਼ ਹਨ ਜਿੱਥੇ ਇਹ ਨਹੀਂ ਦੱਸਿਆ ਗਿਆ ਕੀ ਕੌਣ ਕੀ ਹੈ:

ਵਧਦੇ ਵਧਦੇ
ਘਟਦੇ ਘਟਦੇ
ਵਾਲ
- ਬਿਲੀ ਡੀ; ਸੇਨ ਡਿਏਗੋ, ਕੈਲੀਫ਼ੋਰਨੀਆ; ਫ੍ਰੌਗਪੌਂਡ 36.2.2013

ਲੰਬੀ ਹਵਾਈ ਉੜਾਨ
ਚੇਤੇ 'ਚੋਂ ਵਿਸਰਦਾ ਜਾਵੇ
ਨਾਲ ਬੈਠਾ ਬੰਦਾ
- ਲੀਰੋਏ ਗੋਰਮਨ; ਓਨਟੇਰੀਓ, ਕੇਨੇਡਾ; ਹੇਰੋਨ'ਜ਼ ਨੈਸਟ 2013

ਜੂਨ ਦਾ ਵਿਆਹ
ਪੁਨਰਵਿਚਾਰਾਂ ਨਾਲ ਭਰਿਆ
ਚਰਚ ਸਾਰਾ
- ਜੁਰਗਣ ਜੋਹਾਨਸਨ; ਲਿਦਕੂਪਿੰਗ, ਸਵੀਡਨ; ਹੇਰੋਨ'ਜ਼ ਨੈਸਟ 2013

ਲੰਬੀਤਮ ਰਾਤ
ਕੁੱਤਾਘਰ ਵਿੱਚ ਫਸਿਆ
ਸ਼ਿਕਾਰੀ ਕੁੱਤਾ
- ਹਾਇਕੂ ਏਲਵਿਸ ( ਕਾਰਲੋਸ ਕੋਲਨ ); ਲੂਈਜ਼ੀਆਨਾ, ਅਮਰੀਕਾ  

ਤਲਾਕ—
ਤੀਵੀਂ ਨੇ ਕਰਵਾਇਆ ਖੱਸੀ
ਕੁੱਤਾ ਆਪਣਾ
- ਬਿੱਲ ਪਾਲੀ; ਦਬੱਕ਼, ਆਈਓਵਾ; ਮਾਡਰਨ ਹਾਇਕੂ 44.2

ਵਾਗੀਦਾਲਮਮਮਮਮਕਿਆਹੇਹਾ       cowboyellonghornery
- ਏਮਲੀ ਰੋਮਾਨੋ; ਅਮਰੀਕਾ; ਮਾਡਰਨ ਹਾਇਕੂ 44.2 2013


ਪ੍ਰੀਭਾਸ਼ਾਵਾਂ ਸਦਾ ਹੀ ਆਨ-ਲਾਈਨ ਰਸਾਲਿਆਂ ਜਾਂ ਛਾਪੇਖਾਨਿਆਂ ਵਿੱਚ ਹੀ ਨਹੀਂ ਛਾਪ ਹੁੰਦੀਆਂ। ਇਹਨੇ ਦੇ ਲਾਗੂ ਕਰਨ ਦੇ ਕਈ ਤਰੀਕੇ ਹਨ ਜਿਹਨਾਂ ਵਿੱਚ ਰਚਨਾਵਾਂ ਦੀ ਸਵੀਕ੍ਰਿਤੀ, ਛਾਯਾ ਕਰਨਾ, ਹਵਾਲੇ ਵਜੋਂ ਵਰਤਣਾ ਕੁਝ ਕੁ ਹਨ। ਸਿਖਿਆ ਜਗਤ ਦੇ ਵਿਦਵਾਨ ਤਬਕੇ ਅਤੇ ਮੁੱਖਧਾਰਾ ਦੀਆਂ ਹਾਇਕੂ ਨਾਲ ਸੰਬੰਧਿਤ ਸੰਸਥਾਵਾਂ ਦੁਆਰਾ ਸਰਬ-ਪ੍ਰਵਾਨਿਤ ਸ਼੍ਰੇਣੀ-ਵੰਡ ਅਤੇ ਪ੍ਰੀਭਾਸ਼ਾ ਤੋਂ ਬਿਨਾਂ ਹਾਇਕੂ ਇੱਕ ਬੇਅਸੂਲੀ ਮਨਮੱਤ ਬਣ ਚੁੱਕਾ ਹੈ, ਇੱਕ ਐਸੀ ਜੰਗਲੀ-ਬੂਟੀ ਜੋ ਜਿੱਥੇ ਮਨ ਕਰੇ ਉੱਗ ਪੈਂਦੀ ਹੈ, ਕਿਸੇ ਹੱਦ ਸਰਹੱਦ ਦੀ ਪ੍ਰਵਾਹ ਕੀਤਿਆਂ ਬਗੈਰ, ਚੇਸ਼ਾਇਰ ਦੀ ਮਾਣੋ-ਬਿੱਲੀ ਕਿਸੇ ਨਸ਼ੇ ਦੇ ਅਸਰ ਹੇਠ, ਜਿਵੇਂ ਸ਼ੇਖ਼ਚਿੱਲੀ ਨੇਂ  ਭੰਗ ਪੀਤੀ ਹੋਈ ਹੋਵੇ। ਨਿਯਮ, ਅਸੂਲ ? ਉਹ ਤਾਂ ਰੰਗ ਵਟਾਉਂਦੇ ਹਨ ਪ੍ਰਕਾਸ਼ਨਾਂ, ਬਲੌਗ-ਲੇਖਕਾਂ, ਕਿਤਾਬਾਂ ਅਤੇ ਮਨ ਦੇ ਫੁਰਨਿਆਂ ਨਾਲ। "ਅਹਾ ਖਿਣ" ਚਾਹੀਦੈ, ਕੋਈ ਲੋੜ ਨਹੀਂ ਕਿਸੇ "ਅਹਾ ਖਿਣ" ਦੀ; ਅਲੰਕਾਰ ਵਰਤੋ ਠੀਕ ਹੈ, ਅਲੰਕਾਰ ਵਰਤੋ ਤੋਂ ਪ੍ਰਹੇਜ਼ ਕੀਤਾ ਈ ਚੰਗਾ; ਕੀਗੋ ਹੋਈ ਬੀਤੇ ਦੀ ਗੱਲ, ਕੀਗੋ ਇਸਦਾ ਅਭਿੰਨ ਅੰਗ।

ਮੈਂ ਇਸ ਨਿਬੰਧ ਵਿੱਚ ਕਈ ਸਿਰ-ਕੱਢਵੇਂ ਹਾਇਕੂ ਦਾ ਉੱਲੇਖ ਕੀਤਾ ਹੈ, ਮੇਰੀ ਮਨਸ਼ਾ ਉਹਨਾਂ ਦੇ ਰਚਣਹਾਰਿਆਂ ਨੂੰ ਸ਼ਰਮਿੰਦਾ ਕਰਨਾ ਨਹੀਂ ਸਗੋਂ ਇੱਕ ਅਜਿਹੀ ਸਮੱਸਿਆ ਨੂੰ ਰੌਸ਼ਨੀ ਵਿੱਚ ਲਿਆਉਣਾ ਹੈ ਜਿਸ ਨੂੰ ਕੋਈ ਵੀ ਮੁਖਾਤਿਬ ਨਹੀਂ ਹੋ ਰਿਹਾ। ਹਾਇਕੂ ਕੋਈ ਜਾਪਾਨੀ ਕਾਵਿ ਵਿਧਾ ਨਹੀਂ ਹੈ। ਹਾਇਕੂ, ਹੋੱਕੂ ਦਾ ਰੂਪਾਂਤਰਨ ਜਾਂ ਪੁਨਰ-ਉੱਥਾਨ ਨਹੀਂ ਹੈ। ਹਾਇਕੂ ਤਾਂ ਜਿਹੜਾ ਵੀ ਕੋਈ ਜਿਸ ਵੀ ਕਿਸੇ ਚੀਜ਼ ਦਾ ਨਾਮਕਰਣ ਕਰ ਦੇਵੇ ਉਸੇ ਵਸਤ ਦਾ ਨਾਮ ਹੈ, ਇਤਿਹਾਸ ਅਤੇ ਵਿਆਖਿਆ-ਪ੍ਰਣਾਲੀ ਦੇ ਵਿਧਾਨ ਦਾ ਵਿਗਿਆਨ ( hermeneutics ) ਗਏ ਢੱਠੇ ਖੂਹ ਵਿੱਚ।

ਸਰਦ ਹਵਾਵਾਂ ਵਗਣ 
ਦਿਓਦਾਰ ਦੇ ਰੁੱਖਾਂ ਦਰਮਿਆਨ
ਚਟਾਨਾਂ ਲੱਗਣ ਸਾਣ 'ਤੇ

- ਮਾਤਸੁਓ ਬਾਸ਼ੋ
( ਮੂਲ ਤੋਂ ਡੇਵਿਡ ਲੈਂਡਿਸ ਬਾਰਨਿੱਲ ਦੇ ਅਨੁਵਾਦ ਤੋਂ ਉਧਰਿਤ )

ਹੈਰਲਡ ਹੇਂਡ੍ਰਸਨ ਨੇ ਆਪਣੀ ਕਿਤਾਬ ਅੰਗ੍ਰੇਜ਼ੀ ਵਿੱਚ ਹਾਇਕੂ ਵਿੱਚ ਲਿਖਿਆ:

"ਅਜੇ ਤੱਕ ਅਮਰੀਕਣ ਕਵੀਆਂ ( ਜਾਂ ਸੰਪਾਦਕਾਂ ) ਦਰਮਿਆਨ ਇਸ ਗਲ ਬਾਰੇ ਇੱਕਮੱਤ ਨਹੀਂ ਪੈਦਾ ਹੋ ਸਕਿਆ ਕਿ ਉਹ ਕਿਹੜੇ ਤੱਤ ਹਨ ਜੋ ਅੰਗ੍ਰੇਜ਼ੀ ਵਿੱਚ ਹਾਇਕੂ ਨੂੰ ਨਿਰਮਤ ਕਰਦੇ ਹਨ—ਅਤੇ ਇਹ ਕਿਸੇ ਇੰਨੇ ਹੀ ਛੋਟੇ ਆਕਾਰ ਵਾਲੀ ਕਵਿਤਾ ਤੋਂ ਕਿਵੇਂ ਭਿੰਨ ਹੈ। ਦੂਸਰੇ ਸ਼ਬਦਾਂ ਵਿੱਚ ਅੰਗ੍ਰੇਜ਼ੀ ਵਿੱਚ ਹਾਇਕੂ ਹਾਲੀਂ ਆਪਣੇ ਬਚਪਨੇ ਦੀ ਆਰੰਭਿਕ ਅਵਸਥਾ ਵਿੱਚੋਂ ਹੀ ਗੁਜ਼ਰ ਰਿਹਾ ਹੈ।"

ਪ੍ਰੋਫੈਸਰ ਗਿਲਬਰਟ ਆਪਣੇ ਪਰਚੇ ਅੰਗ-ਭੰਗ ਦੈਂਤ-ਪਤੰਗਾ: ਸਮਕਾਲੀਨ ਅੰਗ੍ਰੇਜ਼ੀ-ਭਾਸ਼ਾਈ ਹਾਇਕੂ ਦੀ ਪ੍ਰੀਭਾਸ਼ਾ ਅਤੇ ਕਾਰਜਵਿਧੀ ਦੀ ਬੇਤਰਤੀਬੀ ਦੀ ਇੱਕ ਪੜਤਾਲ ( The Disjunctive Dragonfly: A Study of Disjunctive Method and Definitions in Contemporary English-Language Haiku ) ਵਿੱਚ ਆਖਦਾ ਹੈ:

“ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਕਿ ਜਾਪਾਨੀ ਹਾਇਕੂ ਨੂੰ ਹਮੇਸ਼ਾ ਘਟਾ ਕੇ ਇਸਦੀ ਕੁਵਿਆਖਿਆ ਹੋਈ ਹੈ ਅਤੇ ਕਿ ਅੰਗ੍ਰੇਜ਼ੀ ਹਾਇਕੂ ਹਮੇਸ਼ਾ ਅਪ੍ਰੀਭਾਸ਼ਿਤ ਰਿਹਾ ਹੈ, ਹਾਇਕੂ ਸੋਸਾਇਟੀ ਆਵ ਅਮੇਰਿਕਾ (HSA) ਦੁਆਰਾ ਕੀਤੀਆਂ ਪ੍ਰੀਭਾਸ਼ਾਵਾਂ ਉਹਨਾਂ ਦੀਆਂ ਸਭਿਆਚਾਰਿਕ ਖੁਸ਼ਫਹਿਮੀ 'ਚੋਂ ਉਗਮੀਆਂ ਤਮੰਨਾਵਾਂ ਮਾਤ੍ਰ ਹੀ ਹਨ।"

ਅਬਿਗੇਲ ਫ੍ਰਿਡਮੈਨ ਆਪਣੀ ਕਿਤਾਬ ਹਾਇਕੂ ਪਰੀਕਸ਼ਣ  ਵਿੱਚ ਲਿਖਦੀ ਹੈ:

“ਪੱਛਮ ਵਿੱਚ ਹਾਇਕੂ ਲਿਖਣ ਦੀ ਵੰਗਾਰ ਅਤੇ ਉਤੇਜਨਾ ਜ਼ਿਆਦਾਤਰ ਇਸੇ ਤੱਥ ਵਿਚੋਂ ਆਉਂਦੀ ਹੈ ਕਿ ਇਸਦੇ ਕੋਈ ਸਰਬਮਾਨ੍ਯ ਨਿਯਮ ਨਹੀਂ ਹਨ। ਜਾਪਾਨ ਵਿੱਚ ਵੀ ਸਥਿਤੀ ਇਸਤੋਂ ਭਿੰਨ ਨਹੀਂ ਹੈ। ਉੱਥੇ ਸਮਕਾਲੀਨ ਕਵੀ ਮੌਜੂਦ ਨਿਯਮਾਂ ਨੂੰ ਵੰਗਾਰਦੇ ਹਨ; ਪੱਛਮ ਵਾਲੇ ਨਿਯਮਾਂ ਦੇ ਘੜਣ ਦੀ ਜਦੋਜਹਿਦ ਕਰ ਰਹੇ ਹਨ।"

ਹਾਰੂਓ ਸ਼ਿਰਾਨੇ ਮਾਡਰਨ ਹਾਇਕੂ ( ਸਰਦ/ਬਸੰਤ 2000) ਲਈ ਲਿਖੇ ਆਪਣੇ ਲੇਖ ਹਾਇਕੂ “ਪਲ” ਦੇ ਪਾਰ : ਹਾਇਕੂ ਸੰਬੰਧੀ ਆਧੁਨਿਕ ਮਿੱਥ ਅਤੇ ਬਾਸ਼ੋ ਤੇ ਬੁਸੋਂ ਵਿੱਚ ਲਿਖਦਾ ਹੈ:

"ਉੱਤਰੀ ਅਮਰੀਕਾ ਦੇ ਹਾਇਕੂ ਕਵੀਆਂ ਨੇਂ ਜੋ ਖ਼ਾਲਿਸ ਜਾਪਾਨੀ ਵਜੋ ਸਵੀਕਾਰ ਕੀਤਾ ਉਸ ਸਭ ਦੀਆਂ ਜੜ੍ਹਾਂ ਦਰਅਸਲ ਪਹਿਲਾਂ ਤੋਂ ਹੀ ਪੱਛਮੀ ਸਾਹਿਤ ਧਾਰਾ ਵਿੱਚ ਹੀ ਮੌਜੂਦ ਸਨ।"

ਨਿਊ ਵਰਲਡ ਏਨਸਾਇਕਲੋਪਿਡਿਆ ਦਾ ਬਿਆਨ ਹੈ:

"ਵਿਚਾਰਾਂ ਅਤੇ ਵਿਧੀਆਂ ਦੀ ਅਜਿਹੀ ਵਿਭਿੰਨਤਾ ਕਾਰਣ, ਕਿਸੇ ਇੱਕ ਸ਼ੈਲੀ, ਸੰਚੇ ਜਾਂ ਵਿਸ਼ਾ-ਵਸਤੂ ਨੂੰ ਸਟੀਕ ਹਾਇਕੂ ਵਜੋਂ ਚੁਣ ਲੈਣਾ ਪੂਰਨ ਤਰਾਂ ਨਾਲ ਅਸੰਭਵ ਹੈ।"

ਬਗੈਰ ਪਰਿਭਾਸ਼ਾ ਦੇ ਕੋਈ ਵੀ ਕਾਵਿ ਰੂਪ ਰੂਪਹੀਣ, ਮਾਪਦੰਡ ਰਹਿਤ, ਬੇਅਸੂਲਾ ਅਤੇ ਦਿਸ਼ਾਹੀਣ ਹੁੰਦਾ ਹੈ। ਹਾਇਕੂ ਬਿਲਕੁਲ ਇਹੋ ਹੀ ਬਣ ਚੁੱਕਾ ਹੈ।

ਹਾਇਕੂ ਹਾਇਕੂ ਹੁੰਦਾ ਹੈ, ਬਿੰਬ-ਸਿਰਜਿਕ/ਵਾਦੀ ( Imagist ) ਕਵਿਤਾ ਹੁੰਦਾ ਹੈ, ਇੱਕੋ ਸ਼ਬਦ ਹੁੰਦਾ ਹੈ, ਸੇਨ੍ਰ੍ਯੁ ਹੁੰਦਾ ਹੈ, ਸ਼ਬਦ-ਚਿਤ੍ਰ ਹੁੰਦਾ ਹੈ .... ਯੇ  ਹੁੰਦਾ ਹੈ .... ਵੋਹ ਹੁੰਦਾ ਹੈ ...

ਜੇ ਹਾਇਕੂ ਕੋਈ ਸਾਹਿਤ ਵਿਧਾ ਨਹੀਂ ਹੈ ਤਾਂ ਹੈ ਕੀ? ਇੱਕ ਸੁਪਨਦੋਸ਼, ਪੱਛਮ ਦੀ ਮੂਤ-ਗ੍ਰੰਥੀ ਦੀ ਧਾਰ, ਹੋੱਕੂ ਦਾ ਉਪਨਿਵੇਸ਼ਣ ? ਜਾਂ ਫਿਰ, ਇਸਤੋਂ ਵੀ ਗਿਆ ਗੁਜ਼ਰਿਆ, ਇੱਕ ਬੇਕਾਬੂ ਨਦੀਨ ਜੋ ਮੀਜੀ ਕਾਲ ਦੇ ਅੰਤਲੇ ਸਾਲਾਂ ਵਿੱਚ ਮਾਸਾਓਕਾ ਸ਼ੀਕੀ ਦੇ ਦਾਵਿਆਂ/ਖ਼ਿਆਲਾਂ ਦਾ ਮੂੰਹ ਚਿੜਾ ਰਹੀ ਹੈ:

"ਮੈਨੂੰ ਜਾਪਦਾ ਹੈ ਕਿ ਹਾਇਕੂ ਆਪਣਾ ਸਮਾਂ ਵਿਹਾ ਚੁੱਕਾ ਹੈ। ਜੇ ਮੰਨ ਵੀ ਲਈਏ ਕਿ ਇਸਦਾ ਅੰਤ ਭਵਿਖ ਦੀ ਕਿਸੇ ਘੜੀ ਵਿੱਚ ਲਿਖਿਆ ਹੈ ਤਾਂ ਇੱਕ ਗੱਲ ਪੂਰੇ ਪੱਕ ਨਾਲ ਕਹੀ ਜਾ ਸਕਦੀ ਹੈ ਕਿ ਉਹ ਘੜੀ ਮੀਜੀ ਕਾਲ ਦੇ ਦੌਰਾਨ ਹੀ ਆ ਜਾਵੇਗੀ।" 

ਹਾਇਕੂ ਬਾਰੇ ਗੱਲਬਾਤ ਊਦਬਿੱਲੇ ਦੇ ਘੁਰਨੇ ਚੋਂ (1892)
ਅਨੁ. ਜੇਨੀਨ ਬੀਖਮੈਨ
ਮਾਸਾਓਕਾ ਸ਼ੀਕੀ: ਜੀਵਨ ਅਤੇ ਰਚਨਾ

ਕੀ ਹਾਇਕੂ ਸੱਚਮੁੱਚ ਹੀ ਆਪਣੀ ਅਉਧ ਪੁਗਾ ਚੁੱਕਾ ਹੈ ? ਕੀ ਇਹ ਬੇਲ੍ਹਡਾਂ ਦੀ ਖੇਡ ਅਤੇ ਉਸ ਹੋੱਕੁ ਦਾ ਇੱਕ ਹਾਸਚਿਤ੍ਰ ਬਣ ਕੇ ਰਹਿ ਗਿਆ ਹੈ ਹੋ ਕੋਬਾਯਾਸ਼ੀ ਇੱਸਾ ਦੀ ਮ੍ਰਿਤੂ ਤੋਂ ਪਹਿਲਾਂ ਰਚਿਆ ਜਾਂਦਾ ਸੀ?

ਸ਼ੀਕੀ ਨੇ ਜੋ ਵੀ ਜਾਪਾਨ ਦੇ ਮੀਜੀ ਕਾਲ ਦੌਰਾਨ 1893 ਵਿੱਚ ਹੋੱਕੂ ਬਾਰੇ ਲਿਖਿਆ ਸੀ ਉਹੋ ਅੱਜ ਜਾਪਾਨ ਵਿੱਚ ਜਾਪਾਨ ਤੋਂ ਬਾਹਰ ਹਾਇਕੂ ਦੀ ਮੌਜੂਦਾ ਪ੍ਰਸਥਿਤੀ ਉੱਪਰ ਇੰਨ-ਬਿੰਨ ਦ੍ਗੁਕਦਾ ਹੈ। ਅੱਜ ਕੋਈ ਪੂਰਬ ਜਾਂ ਪੱਛਮ ਨਹੀਂ ਬਚਿਆ; ਨਾਂ ਤਾਂ ਜਾਪਾਨੀ ਅਤੇ ਪੱਛਮੀ ਹਾਇਕੂ ਵਿੱਚ ਕੋਈ ਭੇਦ ਬਾਕੀ ਹੈ ਤੇ ਨਾ ਹੀ ਕੋਈ ਸਰਬਮਾਨਿਯ ਪ੍ਰੀਭਾਸ਼ਾ। ਜਾਪਾਨ ਦੇ ਮੀਜੀ ਕਾਲ ਦੇ ਅੰਤਮ ਵਰ੍ਹੇ ਅਤੇ ਅੱਜ ਦੇ ਸੰਸਾਰ ਵਿੱਚ, ਜਾਪਾਨ ਦੇ ਅੰਦਰ ਅਤੇ ਬਾਹਰ, ਇੱਕ ਵਰਤਾਰਾ ਸਾਂਝਾ ਹੈ: ਅਵਮਾਨਕਾਂ ( substandards ) ਦੀ ਬਹੁਤਾਂਤ, ਆਪਦੇ ਗੋਗੇ ਆਪੇ ਗਾਉਣੇ, ਖੱਚ ਕਿਸਮ ਦੀ ਕਵਿਤਾ ਆਪਣੇ ਆਪ ਨੂੰ ਬਾਸ਼ੋ ਦੇ ਹੋੱਕੂ ਦੀ ਉੱਤਰਅਧਿਕਾਰੀ ਵਜੋਂ ਪੇਸ਼ ਕਰਦੀ ਹੋਈ।

ਮਾਸਾਓਕਾ ਸ਼ੀਕੀ ਨੇ ਹੋੱਕੂ ਸਿਰਜਣਾ ਨੂੰ ਸੰਜੀਦਗੀ ਨਾਲ ਲਿਆ। ਉਸਨੇ ਆਪਣਾ ਅਭਿਆਸ-ਕਾਰਜ ਕੀਤਾ, ਡੂੰਘਾ ਅਧਿਅਨ ਕੀਤਾ, ਥੱਬਿਆਂ ਦੇ ਥੱਬੇ ਲਿਖਿਆ। ਉਸਦਾ ਪਿਛੋਕੜ ਸਮੁਰਾਈ ਯੋਧਿਆਂ ਦੇ ਪਰਿਵਾਰ ਦਾ ਸੀ, ਉਹ ਅਨੁਸ਼ਾਸ਼ਿਤ ਸੀ, ਜੋ ਵੀ ਕੰਮ ਕਰਨਾ ਉਸ ਵਿੱਚ ਤਨ-ਮਨ ਲਾ ਦੇਣ ਵਾਲਾ। ਇਹ ਕਹਿਣ ਦੀ ਤਾਂ ਜ਼ਰੂਰਤ ਹੀ ਨਹੀਂ ਕਿ ਉਸਨੇ ਜਿਸ ਹੋੱਕੂ ਨੂੰ ਪੜ੍ਹਿਆ-ਗੁਣਿਆ ਤੇ ਉਹ ਵੀ ਪੂਰਾ ਡੁੱਬ ਕੇ, ਉਹ ਰਾਜਸ਼ਾਹੀ ਦੁਆਰਾ ਮਾਨਤਾ ਪ੍ਰਾਪਤ ਹਾਇਕੂ ਸਕੂਲਾਂ ਵਿੱਚ ਪੜ੍ਹਾਏ ਪ੍ਰਚਾਰੇ ਜਾਂਦੇ ਨਾਲੋਂ ਵੱਖਰਾ ਸੀ। ਰਾਜਸੀ ਲੋੜਾਂ ਕਾਰਨ ਰਾਜੇ ਨੇ ਬਾਸ਼ੋ ਨੂੰ ਇੱਕ ਸ਼ਿੰਟੋ ਦੇਵਤਾ ਦਾ ਦਰਜ਼ਾ ਦੇ ਕੇ ਇੱਕ ਪੂਜਣਯੋਗ ਸ਼ਖਸੀਅਤ ਬਣਾ ਧਰਿਆ ਸੀ। ਉਸਦੇ ਸ਼ਬਦ ਧਾਰਮਿਕ ਉਕਤੀਆਂ ਬਣਾ ਦਿੱਤੇ ਗਏ।

ਡੌਨਲਡ ਕੀਨ ਆਪਣੀ ਕਿਤਾਬ ਚਮਕਦਾ ਸਿਆਲੂ ਸੂਰਜ  ਵਿੱਚ ਲਿਖਦਾ ਹੈ:

"1806 ਵਿੱਚ, ਦਰਬਾਰ ਨੇ ਉਸ ( ਬਾਸ਼ੋ ) ਨੂੰ "ਹਈਓਨ ਮਈਜਿਨ" ( Hion Myojin ), ਸ਼ਾਬਦਿਕ ਅਰਥ 'ਡੱਡੂ ਦੀ ਛਾਲ ਵਾਲਾ ਸ਼ੁਭ ਦੇਵ', ਦੇ ਖ਼ਿਤਾਬ ਨਾਲ ਨਿਵਾਜਿਆ, ਜਿਸ ਵਿੱਚ ਸਿੱਧਾ-ਸਿੱਧਾ ਇਸ਼ਾਰਾ ਬਾਸ਼ੋ ਦੇ ਉਸ ਡੱਡੂ ਵੱਲ ਹੈ ਜੋ ਬੁੱਢੇ ਟੋਭੇ ਵਿੱਚ ਛਾਲ ਮਾਰਦਾ ਹੈ। 1885 ਵਿੱਚ ਸਰਕਾਰ ਨੇ 'ਬੁੱਢਾ ਟੋਭਾ ਮੰਦਿਰ' ( Furuike Kyokai = Old Pond Church ) ਨੂੰ ਸ਼ਿੰਟੋ ਧਰਮ ਦੀ ਬਾਸ਼ੋ ਸੰਪਰਦਾ ਦੇ ਧਾਰਮਿਕ ਅੰਗ ਵਜੋਂ ਮਾਨਤਾ ਦੇ ਦਿੱਤੀ।"

ਹਾਇਕੂ ਦੀਆਂ ਸਾਰੀਆਂ ਟਕਸਾਲਾਂ ਹੀ ਆਪਣਾ ਕੁਰਸੀਨਾਮਾ ਬਾਸ਼ੋ ਅਤੇ ਉਸਦੀਆਂ ਸਿਖਿਆਵਾਂ ਅਤੇ ਵਿਰਸੇ ਨਾਲ ਜੋੜਦੀਆਂ ਸਨ। ਹਰ ਸਕੂਲ ਦਾ ਇੱਕ ਉਸਤਾਦ ਕਵੀ ਹੁੰਦਾ ਸੀ ਜੋ ਸ਼ੁਲਕ-ਭੇਟਾ ਲੈਂਦਾ ਅਤੇ ਵਿਦਿਆਰਥੀਆਂ ਦੀ ਕਵਿਤਾ ਦੀ ਸੋਧ ਕਰਦਾ। ਇਨ੍ਹਾਂ ਉਸਤਾਦ ਲੋਕਾਂ ਦਾ ਆਮ ਜਨਤਾ ਵਿੱਚ ਉੱਚਾ ਸਤਿਕਾਰ ਹੁੰਦਾ ਸੀ ਅਤੇ ਮੀਜੀ ਦਰਬਾਰ ਵੀ ਇਨ੍ਹਾਂ ਨੂੰ ਮਿਸਾਲੀ ਕਿਰਦਾਰਾਂ ਵਜੋਂ ਪੇਸ਼ ਕਰਦਾ, ਇਥੋਂ ਤੱਕ ਕਿ ਇਨ੍ਹਾਂ ਵਿੱਚੋਂ ਤਿੰਨ ਤਾਂ ਰਾਜ-ਗੁਰੂ ਦੀ ਪਦਵੀ ਤੱਕ ਵੀ ਪੁੱਜੇ। ਦਰਅਸਲ ਇਹ ਰਾਜ-ਗੁਰੂ, ਰਾਜੇ ਦੀਆਂ ਕਠਪੁਤਲੀਆਂ ਹੀ ਸਨ, ਇਹਨਾਂ ਦੇ ਜ਼ਰੀਏ ਆਮ ਲੋਕਾਂ ਨੂੰ ਲੀਹ 'ਤੇ ਤੋਰਿਆ ਜਾ ਸਕਦਾ ਸੀ, ਰਾਜੇ ਦੇ ਆਗਿਆਕਾਰ, ਅਤੇ ਲਗਾਤਾਰ ਫੈਲ ਰਹੇ ਅਤੇ ਪੱਛਮੀ ਜਗਤ ਦੇ ਪ੍ਰਭਾਵ ਤੋਂ ਮੁਕਤ, ਉਹ ਜਗਤ ਜਿਸ ਨਾਲੋਂ ਉਦੋਂ ਤੱਕ ਇਸ ਸਮਾਜ ਨੂੰ ਨਿਰਲੇਪ ਹੀ ਰਖਿਆ ਗਿਆ ਸੀ ਪਰ ਐਡਮਿਰਲ ਬਾਏਰਡ ਨੇ ਜਾਪਾਨ ਨੂੰ ਮਜਬੂਰ ਕਰ ਦਿੱਤਾ ਸੀ ਕਿ ਉਹ ਪੱਛਮ ਲਈ ਆਪਣਾ ਫਾਟਕ ਖੋਲ੍ਹ ਦੇਵੇ।

ਡੌਨਲਡ ਕੀਨ ਆਪਣੀ ਬਾਕਮਾਲ ਕਿਤਾਬ ਪੱਛਮੀ ਪਹੁ-ਫੁਟਾਲਾ ਵਿੱਚ ਲਿਖਦਾ ਹੈ:

"ਮੀਜੀ ਪੁਨਰ-ਸਥਾਪਨਾ ਕਾਲ ਦੇ ਦੌਰ ਤੱਕ ਪੁੱਜਦਿਆਂ ਇੱਕ ਵੀ ਨਾਮਵਰ ਕਵੀ ਸਰਗਰਮ ਨਹੀਂ ਸੀ; ਸੱਚ ਤਾਂ ਇਹ ਹੈ ਕਿ ਇੱਕ ਸਦੀ ਬੀਤ ਚੁੱਕੀ ਸੀ ਕਿ ਕਿਸੇ ਨੇ ਅਚੁੱਕ ਸਾਹਿਤਿਕ ਕੀਮਤ ਵਾਲਾ ਹਾਇਕੂ ਲਿਖਿਆ ਹੋਵੇ  . . . "

ਸਾਧਾਰਣਤਾ, ਵਿਸ਼ਸ਼ਟਤਾ ਤੋਂ ਰਹਿਤ ਹੋਣਾ ਹੋਜ਼ੂਮੀ ਏਇਕੋ (1823-1904) ਜਿਹੇ ਬੰਦਿਆਂ ਦਾ ਪ੍ਰਮਾਣ-ਪਤ੍ਰ ਬਣ ਚੁੱਕਿਆ ਸੀ ਜਿਨ੍ਹਾਂ ਦੀਆਂ ਤਾਰੀਫ਼ਾਂ ਇਹੋ ਜਿਹੀਆਂ ਕਵਿਤਾਵਾਂ ਕਰਕੇ ਹੁੰਦੀਆਂ ਸਨ:

ਬੁਲਬੁਲਾਂ -
ਇਹ ਪ੍ਰੇਮ ਸੀ ਜੋ ਜਵਾਨੀ ਪਹਿਰੇ
ਮੈਨੂੰ ਉਨੀਂਦਰਾ ਰੱਖਦਾ
- ਹੋਜ਼ੂਮੀ ਏਇਕੋ
(ਜਾਪਾਨੀ ਤੋਂ ਡੌਨਲਡ ਕੀਨ ਦੇ ਅਨੁਵਾਦ ਤੋਂ ਉਧਰਿਤ )

ਹੋੱਕੂ, ਕਦੇ ਧੜਕਦਾ, ਲੋਕ-ਰੂਹ ਨਾਲ ਇੱਕ-ਮਿੱਕ, ਉਹ ਕਾਵਿ ਜੋ ਬਾਸ਼ੋ ਅਤੇ ਉਸਦੇ ਸਮਕਾਲੀਆਂ ਦੁਆਰਾ ਜਨਮਿਆ-ਪਣਪਿਆ, ਉਸ ਸਮੇਂ ਸ਼ਾਹੀ-ਬੈਠਕ ਦੇ ਸਨਮੁੱਖ ਲਿਆਂਦਾ ਗਿਆ ਜਦੋਂ ਰੇਂਗਾ ਆਪਣੇ ਮੁਢਲੇ ਰੂਪ ਦਾ ਉਪਹਾਸ ਬਣ ਚੁੱਕਾ ਸੀ, ਅਮੀਰਾਂ ਤੇ ਰਸੂਖ਼ ਵਾਲਿਆਂ ਦੇ ਮਨ-ਪ੍ਰਚਾਵੇ ਦੀ ਖੇਡ, ਅਤੇ ਆਪਣੇ ਪੂਰਵਗਾਮੀ ਵਾਂਗ ਹੀ "ਉਹੀ ਪੁਰਾਣਾ - ਉਹੀ ਪੁਰਾਣਾ" ਦੀ ਲੋਰ ਵਿੱਚ ਰਾਜਨੀਤੀ, ਪ੍ਰੰਪਰਾ, ਅਤੇ ਖੜ੍ਹੋਤ ਦੀ ਰਹਿਨੁਮਾਈ ਤਹਿਤ ਇਹ ਵੀ ਸਮਾਜ ਅੰਦਰ ਜਨਮਜਾਤ ਪਈ "ਜੈਸੇ ਥੇ" ਦੀ ਪ੍ਰਵਰਿਤੀ ਨੂੰ ਹੀ ਚਾਰਾ ਪਾਉਣ ਲੱਗਾ। ਸੰਜੀਦਗੀ ਖੋ ਦੇਣ ਨਾਲ ਇਹ ਗੁਮਨਾਮੀ ਦੀ ਹਾਲਤ ਵਿੱਚ ਚਲਾ ਗਿਆ; ਅਸਾਰਥਿਕਤਾ, ਇਸਦਾ ਇੱਕੋ ਇੱਕ ਗੁਰੂ ਹੋ ਨਿਬੜਿਆ।

ਹੋੱਕੂ ਆਪਣੀ ਮੌਜੂਦਾ ਹਾਲਤ ਵਿੱਚ, ਸ਼ੀਕੀ ਨੇ ਕਿਆਸ ਕੀਤਾ, ਕਦੇ ਵੀ ਮੁੱਖਧਾਰਾ ਦੇ ਪੱਛਮੀ ਸਾਹਿਤਿਕ ਹਲਕਿਆਂ ਵਿੱਚ ਸੰਜੀਦਗੀ ਨਾਲ ਨਹੀਂ ਲਿਆ ਜਾ ਸਕਦਾ। ਲਿਆ ਵੀ ਕਿਉਂ ਜਾਵੇ, ਉਸ ਦਲੀਲਾਂ ਦਿੱਤੀਆਂ। ਇਹ ਕਾਵਿ ਨਾ ਤਾਂ ਮੁਖ਼ਾਤਬ ਹੀ ਹੁੰਦਾ ਹੈ ਨਾ ਹੀ ਕਿਸੇ ਅਰਥ ਦਾ ਧਾਰਨੀ ਹੈ ਅਤੇ ਨਾਂਹ ਹੀ ਸਮ੍ਰਿਤੀ ਦਾ ਅੰਗ ਬਣਦਾ ਹੈ। ਇਹ ਸਤਹੀ ਅਤੇ ਅਤਿਸਾਧਾਰਣ ਕਾਵਿ ਬਣ ਚੁੱਕਾ ਸੀ, ਇਹੋ ਜਿਹੀ ਕਵਿਤਾ ਜੋ ਇੱਕ ਕੰਨ ਅੰਦਰ ਜਾਂ ਸਾਰ ਦੂਸਰੇ ਕੰਨੀਂ ਬਾਹਰ ਨਿਕਲ ਜਾਂਦੀ ਹੈ।

ਸ਼ੀਕੀ ਨੇ ਲਿਖਿਆ:

"ਪੁਰਾਤਨ ਹਾਇਕਾਈ ਕਾਵਿ ਦਾ ਸਾਰਾ ਇਤਿਹਾਸ ਹੀ ਖੁਸ਼ਕ ਅਤੇ ਨੀਰਸ ਹੈ; ਜਿਵੇਂ ਕੋਈ ਮੋਮ ਚਿੱਥ ਰਿਹਾ ਹੋਵੇ। ਉਬਾਸੀ ਲਿਆਉਣ ਤੋਂ ਬਿਨਾਂ ਇਹ ਮੇਰੇ ਲਈ ਕੁਝ ਨਹੀਂ ਕਰ ਸਕਦਾ।"

ਅਨੁਵਾਦ : ਡੌਨਲਡ ਕੀਨ; ਚਮਕਦਾ ਸਿਆਲੂ ਸੂਰਜ  

ਡੌਨਲਡ ਕੀਨ ਲਿਖਦਾ ਹੈ:

"ਉਸ [ ਸ਼ੀਕੀ ] ਨੇ ਨਿਸ਼ਚਾ ਕੀਤਾ ਕਿ ਬਾਸ਼ੋ ਦੇ ਕੁਝ ਕੁ ਹੀ ਹਾਇਕੂ ਯੋਗਤਾਪੂਰਨ ਹਨ ਪਰ ਉਸਨੇ ਉਹਨਾਂ ਦੀ ਖ਼ੋਜ ਕੀਤੀ ਜਿਨ੍ਹਾਂ ਨੂੰ ਇੱਕ ਮਿਸਾਲ ਬਣਾ ਕੇ ਉਹ ਠਿੱਠ ਕਰ ਸਕਦਾ ਸੀ।" ਸ਼ੋਰਾ ਗਾਇਓਕੁਏਕੀ ਵਿੱਚ ਬਾਸ਼ੋ ਉੱਪਰ ਲਿਖੇ ਆਪਣੇ ਲੇਖ ਵਿੱਚ, ਜੋ ਅੰਤਰ-ਵਿਰੋਧੀ ਵੀ ਭਾਸਦਾ ਹੈ, ਸ਼ੀਕੀ ਬਾਸ਼ੋ ਦੀਆਂ ਤਾਰੀਫ਼ਾਂ ਕਰਦਿਆਂ ਉਸਨੂੰ ਮਾਨ'ਯੋਸ਼ੂ ਦੇ ਯੁੱਗ ਤੋਂ ਬਾਅਦ ਹੋਇਆ ਇੱਕੋ ਇੱਕ ਗੰਭੀਰ ਕਵੀ ਕਹਿ ਵਡਿਆਉਂਦਾ ਹੈ। ਹੁਣ ਕੋਈ ਕੀ ਸਮਝੇ? ਉਹ ਬਾਸ਼ੋ ਦਾ ਪ੍ਰਸ਼ੰਸਕ ਹੈ ਕਿ ਨਹੀਂ?

ਸ਼ੀਕੀ, ਬਾਸ਼ੋ-ਪੰਥੀਆਂ ਹੱਥੋਂ ਹੋਈ ਹੋੱਕੂ ਦੀ ਦੁਰਗਤੀ ਨੂੰ ਨਫ਼ਰਤ ਕਰਦਾ ਸੀ। ਇੱਕ ਅਗਾਂਹਵਧੂ ਵਿਚਾਰਿਕ, ਉਹ ਚਾਹੁੰਦਾ ਸੀ ਕਿ ਹੋੱਕੂ ਇੱਕ ਬਾਰ ਫਿਰ ਤੋਂ ਸਾਰਥਿਕ ਬਣੇ। ਅਤੇ ਨਾਲ ਹੀ ਉਸਦੀ ਤਮੰਨਾ ਸੀ ਕਿ ਇਸਨੂੰ ਪੱਛਮੀ ਜਗਤ ਦੀ ਵੀ ਪ੍ਰਵਾਨਗੀ ਮਿਲੇ। ਤੇ, ਉਹ ਰੱਜ ਕੇ ਵਰ੍ਹਿਆ ਬਸ਼ੋ ਦੀ ਕਵਿਤਾ 'ਤੇ, ਇਸ ਲਈ ਨਹੀਂ ਕਿ ਉਹ ਇੱਕ ਕਵੀ ਦੇ ਤੌਰ 'ਤੇ ਬਾਸ਼ੋ ਦਾ ਸਤਿਕਾਰ ਨਹੀਂ ਸੀ ਕਰਦਾ, ਸਗੋਂ ਇਸ ਲਈ ਕਿ ਬਾਸ਼ੋ ਨੂੰ ਰੱਬ ਬਣਾਉਣ ਦੇ ਬੁਖ਼ਾਰ 'ਚ ਇਸ ਵਿਧਾ ਨੂੰ ਕਿਤੇ ਪਿੱਛੇ ਹੀ ਭੁੱਲ-ਭੁਲਾ ਦਿੱਤਾ ਗਿਆ ਸੀ। ਬਾਸ਼ੋ ਦੀ ਕਵਿਤਾ ਨੂੰ ਨਿੰਦਣਾ ਬੜੇ ਕਮਾਲ ਦਾ ਪੈਂਤੜਾ ਸੀ। ਇੱਕੋ ਤੀਰ ਨਾਲ ਰਾਜਸੀ ਦਰਬਾਰ ਅਤੇ ਜਾਪਾਨ ਦਾ ਵਿਦਿਅਕ ਹਲਕਾ ਫੁੰਡਿਆ ਗਿਆ। ਇਹ ਕੋਈ ਰਾਜ਼ ਵਾਲੀ ਗੱਲ ਨਹੀਂ ਕਿ ਸ਼ੀਕੀ ਬਾਸ਼ੋ ਅਤੇ ਬੁਸੋਂ ਦਾ ਕਵੀਆਂ ਦੇ ਤੌਰ 'ਤੇ ਨਾਂਹ ਸਿਰਫ਼ ਘਿਰਾ ਆਦਰ ਹੀ ਕਰਦਾ ਸੀ ਸਗੋਂ ਆਪਣੇ ਹਾਇਕੂ ਉੱਪਰ ਉਹਨਾਂ ਦਾ ਬੁਨਿਆਦੀ ਅਸਰ ਵੀ ਕਬੂਲਦਾ ਸੀ।

ਇੱਕ ਬੇਸਬਰੀ ਪ੍ਰਤਿਭਾ, ਖਈ ਰੋਗ ਕਾਰਨ ਜਿਸਦੀ ਅਉਧ ਥੋੜੀ ਹੀ ਲਿਖੀ ਸੀ, ਮਾਸਾਓਕਾ ਸ਼ੀਕੀ ਨੇ ਹੋੱਕੂ ਦੇ ਸੁਧਾਰ ਅਤੇ ਇੱਕ ਵਾਰ ਫਿਰ ਤੋਂ ਇਸ ਵਿੱਚ ਅਜਿਹੀ ਸਾਰਥਿਕਤਾ ਭਰਨ ਦਾ, ਜੋ ਇੱਕੋ ਸਮੇਂ ਉਸਦੀ ਸਮਕਾਲੀ ਪੀੜ੍ਹੀ ਅਤੇ ਵਿਸ਼ਵਵਿਆਪੀ ਭਾਈਚਾਰੇ ਦੀਆਂ ਨਜ਼ਰਾਂ ਵਿੱਚ ਪ੍ਰਵਾਨ ਹੋਵੇ, ਬੀੜਾ ਚੁੱਕਿਆ। ਉਹ ਇੱਕ ਪਲ ਦਾ ਵੀ ਸਮਾਂ ਗਵਾਏ ਬਿਨਾਂ ਜੁਟ ਗਿਆ ਅਤੇ ਇੱਕ ਅਸੰਭਵ ਕਾਰਜ ਕਰ ਦਿਖਾਇਆ, ਆਪਣੇ ਬਿਮਾਰੀ ਵਾਲੇ ਬਿਸਤਰ ਤੋਂ ਹੀ ਉਸਨੇ ਵਿਧਾ ਦਾ ਨਾਮ ਬਦਲ ਕੇ ਹਾਇਕੂ ਕਰ ਦਿੱਤਾ, ਅਤੇ ਇੱਕ ਅਜਿਹੀ ਮੁਹਿੰਮ ਨੂੰ ਗਤੀ ਦੇ ਦਿੱਤੀ ਜੋ, ਸਮੇਂ ਦੇ ਅੰਤਰਾਲ ਨਾਲ, ਜਿਸਦੀ ਇਸਤੋਂ ਆਸ ਕੀਤੀ ਗਈ ਸੀ ਉਸ ਗੱਲ ਦੇ ਬਿਲਕੁਲ ਉਲਟ ਕਾਰਜ ਕਰ ਗਈ। ਉਸਨੇ ਇੱਕ ਨਵੀਂ ਸ਼ੈਲੀ, ਸ਼ਾਸੇਈ, ( Shasei ) ਦਾ ਦਾਖ਼ਿਲਾ ਕਰਵਾਇਆ ਅਤੇ ਹਾਇਕੂ ਨੂੰ ਉਸ ਪੱਛਮੀ ਖਿਚੜੀ ( Mulligan stew ) ਦੀ ਕੜਾਹੀ ਵਿੱਚ ਸੁੱਟ ਦਿੱਤਾ ਜਿਸਨੇ ਜ਼ਿੰਦਗੀ ਅਤੇ ਕਵਿਤਾ ਨੂੰ ਸਿਰਫ਼ ਯੂਰਪੀ ਅੱਖਾਂ ਨਾਲ ਹੀ ਦੇਖਣਾ ਸਿਖਿਆ ਸੀ।   

ਹੋੱਕੂ ਦਾ ਇਹ ਸ੍ਵੈ-ਉਪਨਿਵੇਸ਼ੀਕਰਣ, ਕੁਝ ਸਮੇਂ ਲਈ, ਬੜਾ ਕ੍ਰਾਂਤੀਕਾਰੀ ਲੱਗਿਆ ਅਤੇ ਇਸਨੇ ਹੋੱਕੂ ਨੂੰ ਉਸ ਦਲਦਲ ਵਿੱਚੋਂ ਬਾਹਰ ਕੱਢ ਲਿਆ ਜਿਸ ਵਿੱਚ ਇਹ ਗਰਕ ਚੁੱਕਿਆ ਸੀ। ਪਰ ਇਹ ਸਭ ਥੋੜ੍ਹੇ ਜਿਹੇ ਸਮੇਂ ਲਈ ਹੀ ਸੀ।

ਪੱਛਮੀ ਸਿਧਾਂਤਾਂ ਅਤੇ ਪ੍ਰਭਾਵਾਂ ਨਾਲ ਮੇਲ ਤੋਂ ਬਾਅਦ, ਹਾਇਕੂ ਇੱਕ ਅਜਿਹੀ ਪੱਛਮੀ ਕਾਵਿਕ ਆਵਾਜ਼ ਵਜੋਂ ਉਭਰਿਆ ਜੋ ਦਿਨੋਂ-ਦਿਨ ਬਾਸ਼ੋ, ਯੋਸਾ ਬੂਸੋਂ, ਅਤੇ ਕੋਬਾਯਾਸ਼ੀ ਇੱਸਾ ਦੀਆਂ ਲਿਖਤਾਂ ਨਾਲੋਂ ਆਪਣਾ ਫਾਸਲਾ ਵਧਾਉਂਦੀ ਗਈ। ਹੋੱਕੂ ਨਾਂ ਤਾਂ ਕੋਈ ਪੱਛਮੀ ਆਵਾਜ਼ ਹੈ ਅਤੇ ਨਾ ਹੀ ਇਹ ਕਦੇ ਕਿਸੇ ਪੱਛਮ ਦੇ ਵਿਅਕਤੀ ਦੁਆਰਾ ਪ੍ਰੀਭਾਸ਼ਿਤ ਕੀਤੀ ਗਈ ਹੈ।  ਬਾਸ਼ੋ, ਬੂਸੋਂ, ਅਤੇ ਇੱਸਾ ਦੁਆਰਾ ਵਰਤੀ ਗਈ ਜਾਪਾਨੀ ਭਾਸ਼ਾ ਵੀ ਉਹ ਨਹੀਂ ਹੈ ਜੋ ਅੱਜ ਦੇ ਜਾਪਾਨ ਵਿੱਚ ਵਰਤੋ ਵਿੱਚ ਹੈ। ਅੱਜ ਦਾ ਜਾਪਾਨ ਜਰਮਨ-ਆਧਾਰ ਵਾਲੇ ਵਿਸ਼ਵਵਿਦਿਆਲਯ ਸਿਸਟਮ ਦੀ ਪੈਦਾਵਾਰ ਹੈ ਜਿਸਨੂੰ ਜਾਪਾਨ ਨੇ ਮੀਜੀ ਕਾਲ ਦੇ ਅੰਤਿਮ ਸਾਲਾਂ ਵਿੱਚ ਗ੍ਰਹਿਣ ਕੀਤਾ।

ਮਿਖ਼ਾਇਲ ਐਫ਼. ਮਾਰਾ ਨੇ ਆਧੁਨਿਕ ਜਾਪਾਨੀ ਸੁਹਜ-ਸ਼ਾਸਤ੍ਰ ਵਿੱਚ ਲਿਖਿਆ:

“ਜੇ ਅਸੀਂ ਜਾਪਾਨੀ ਵਿਦਵਾਨਾਂ ਉੱਪਰ 19ਵੀਂ ਸਦੀ ਦੇ ਅੰਤਲੇ ਸਾਲਾਂ ਤੋ ਸ਼ੁਰੂ ਹੋਏ ਪੱਛਮੀ ਫ਼ਲਸਫ਼ੇ ਦੇ ਪ੍ਰਭਾਵਾਂ ਨੂੰ ਵਿਚਾਰੀਏ -- ਅਤੇ ਨਾਲ ਹੀ ਅੱਜ ਤੱਕ ਮੌਜੂਦ ਉਸ ਪ੍ਰਭਾਵ ਨੂੰ ਵੀ ਵਿਚਾਰੀਏ ਜੋ ਜਾਪਾਨੀ ਵਿਦਵਾਨਾਂ ਨੇ ਕਬੂਲਿਆ ਜਿਸ ਵਿੱਚ 'ਜਾਪਾਨ ਅਤੇ ਇਸਦੀਆਂ ਸੰਸਥਾਵਾਂ ਕੀ ਹਨ' ਪੱਛਮੀਆਂ ਵਲੋਂ ਜਾਪਾਨੀਆਂ ਨੂੰ ਦੱਸਿਆ ਗਿਆ -- ਜੇ ਅਸੀਂ ਜਾਪਾਨੀ ਸੁਹਜ-ਸ਼ਾਸਤਰੀਆਂ ਦੇ ਖੋਜ ਕਾਰਜਾਂ ਨੂੰ ਰਤਾ ਗਹੁ ਨਾਲ ਵਾਚੀਏ ਤਾਂ ਆਪਾ-ਵਿਰੋਧਾਂ ਦਾ ਬੁਨਿਆ ਇੱਕ ਜਾਲ ਸਪਸ਼ਟ ਹੁੰਦਾ ਹੈ ਜਿਸ ਵਿੱਚ ਜਾਪਾਨ ਬਾਰੇ ਸਾਰੇ ਵਿਦਵਾਨ, ਪੂਰਵੀ ਅਤੇ ਪੱਛਮੀ, ਅਨਿਵਾਰੀ ਰੂਪ ਵਿੱਚ ਫਸੇ ਹੋਏ ਹਨ ਦਿਸਦੇ ਹਨ ਜਦੋਂ ਵੀ ਉਹ ਇਸ ਵਿਸ਼ੇ-ਵਸਤੂ 'ਤੇ ਗੱਲ ਕਰਦੇ ਹਨ। ਸਭਿਆਚਾਰਿਕ ਸਫਰ ਦੇ ਵਿਸ਼ੇਸ਼ ਮੋੜਾਂ-ਪੜਾਵਾਂ ਨੂੰ ਦਰਸਾਉਣ-ਸਮਝਣ ਲਈ ਅਕਸਰ ਪੱਛਮੀ ਸੱਤ ਦੀ ਭਾਸ਼ਾ ਵਰਤੀ ਹੈ, ਜਾਂਦੀ ਰਹੀ ਹੈ - ਇਹ ਅਹਿਸਾਸ 'ਤੇ ਪਕੜ ਆਉਣੀ ਹੀ ਅੱਜ ਦੇ ਸੁਹਜ ਸ਼ਾਸਤ੍ਰੀ ਸਾਹਵੇਂ ਸਭਤੋਂ ਅਹਿਮ ਮਸਲਾ ਹੈ।"

ਪੱਛਮੀ ਚਿਤਰਕਾਰਾਂ ਤੋਂ ਉਧਾਰ ਲਏ ਸੰਕਲਪ ਤੇ ਆਧਾਰਿਤ, ਮਾਸਾਓਕਾ ਸ਼ੀਕੀ ਦਾ ਸ਼ਾਸੇਈ ਹਾਇਕੂ ਦਾ ਅੱਜ ਵੀ ਆਧੁਨਿਕ ਹਾਇਕੂ ਤੇ ਗਹਿਰਾ ਅਸਰ ਹੈ।

"ਜੀਵਨ 'ਚੋਂ ਖ਼ਾਕਾ [ ਸ਼ਾਸੇਈ = shasei ] ਵਿਸਤ੍ਰਿਤ ਲੇਖਣੀ ਅਤੇ ਚਿਤ੍ਰਕਲਾ ਦੋਵਾਂ ਦਾ ਹੀ ਪ੍ਰਾਣ-ਆਧਾਰ ਹੈ: ਇੱਥੋਂ ਤੱਕ ਕਿਹਾ ਜਾ ਸਕਦਾ ਹੈ ਕਿ ਇਸਤੋਂ ਬਿਨਾਂ ਦੋਵੇਂ ਕਿਸਮ ਦੀ ਸਿਰਜਣਾ ਅਸੰਭਵ ਹੀ ਹੈ। ਆਰੰਭਿਕ ਦਿਨਾਂ ਤੋਂ ਹੀ ਪੱਛਮੀ ਚਿਤ੍ਰਕਲਾ ਵਿੱਚ 'ਜੀਵਨ 'ਚੋਂ ਖ਼ਾਕਾ' ਦਾ ਇਸਤੇਮਾਲ ਹੁੰਦਾ ਆਇਆ ਹੈ; ਪਹਿਲੋਂ ਪਹਿਲ ਇਹ ਤਰੁਟੀਪੂਰਨ ਹੁੰਦਾ ਸੀ, ਹਾਲ ਹੀ ਦੇ ਸਮਿਆਂ ਵਿੱਚ ਇਸਨੇ ਤਰੱਕੀ ਕੀਤੀ ਅਤੇ ਉਨ੍ਹਾਂ ਤਰੁਟੀਆਂ ਨੂੰ ਦੂਰ ਕੀਤਾ।  ਇਸਦੇ ਉਲਟ, ਜਾਪਾਨ ਵਿੱਚ ਕਿਉਂਕਿ  'ਜੀਵਨ ਵਿਚੋਂ ਖ਼ਾਕਾ' 'ਤੇ ਹਮੇਸ਼ਾ ਹੀ ਨੱਕ-ਬੁੱਲ ਚੜ੍ਹਾਇਆ ਜਾਂਦਾ ਸੀ ਇਸ ਲਈ ਚਿਤ੍ਰਕਲਾ ਦਾ ਇਸ ਦਿਸ਼ਾ ਵਿੱਚ ਕੋਈ ਵਿਕਾਸ ਨਾ ਹੋਇਆ, ਅਤੇ ਨਾ ਹੀ ਪਦ, ਕਾਵਿ ਜਾਂ ਕਿਸੇ ਹੋਰ ਚੀਜ਼ ਵਿੱਚ ਕੋਈ ਵਿਕਾਸ ਹੋਇਆ . . . ਇਹੋ ਇੱਕ ਆਦਤ ਹੋ ਨਿਬੜਿਆ, ਅੱਜ ਵੀ ਦਸਾਂ ਵਿੱਚੋਂ ਨੌਂ ਜਣੇ ਜੀਵਨ 'ਚੋਂ ਖ਼ਾਕਾ ਦੇ ਸ਼ੁਦਾਈ ਨਹੀਂ ਹਨ . . . ਅਤੇ ਇਸਨੂੰ ਅਤਿਅੰਤ ਖੋਖਲਾ ਕਹਿ ਰੱਦ ਕਰਦੇ ਹਨ। ਸੱਚ ਇਹ ਹੈ ਕਿ ਉਹਨਾਂ ਦੀ ਕਲਪਨਾ ਉਡਾਰੀ ਹੈ ਜੋ ਪੇਤਲੀ ਹੈ ਅਤੇ ਜੀਵਨ 'ਚੋਂ ਖ਼ਾਕਾ ਜਿੰਨੀ ਉੱਚੀ ਉਡਾਰੀ ਨਹੀਂ ਭਰ ਸਕਦੀ ।"
 - ਮਾਸਾਓਕਾ ਸ਼ੀਕੀ
ਬੀਮਾਰ ਦਾ ਛੇ-ਫੁੱਟਾ ਬਿਸਤਰ; 1902

ਮਾਸਾਓਕਾ ਸ਼ੀਕੀ ਦੇ ਸ਼ਾਸੇਈ ਹਾਇਕੂ ਦੇ ਕੁਝ ਨਮੂਨੇ:

ਗਵਈਆ ਪੰਖੀ
ਗਾਉਂਦਾ, ਮੂੰਹ ਆਪਣਾ
ਖੋਲ ਕੇ

ਸ਼ੀਕੀ ਦੀ ਕਵਿਤਾ ਸ਼ਾਸੇਈ ਤਰਜ਼ ਦਾ ਜੀਵਨ 'ਚੋਂ ਖ਼ਾਕਾ ਹੈ ( ਬਿਨਾਂ ਕਿਸੇ ਵਿਸਥਾਰ ਜਾਂ ਤਰੱਦਦ/ਮਿਹਨਤ ਦੇ ਕਾਹਲ ਜਿਹੀ 'ਚ ਉੱਕਰਿਆ ਖ਼ਾਕਾ ): ਇੱਕ ਪੰਛੀ ਆਪਣਾ ਮੂੰਹ ਖੁੱਲਾ ਰੱਖ ਕੇ ਗਾ ਰਿਹਾ ਹੈ। ਇਸ ਵਿੱਚ ਕੋਈ ਰਹੱਸ ( ਘੁੰਡੀ ) ਨਹੀਂ, ਨਾ ਹੀ ਕੁਝ ਅਜਿਹਾ ਹੈ ਜੋ ਕੋਈ ਵਾਫ਼ਰ/ਅਤਿਰਿਕਤ ਅਰਥਾਂ ਵੱਲ ਇਸ਼ਾਰਾ ਕਰੇ। ਕਵਿਤਾ ਨਾਲੋਂ ਜ਼ਿਆਦਾ ਇਹ ਇੱਕ ਕਥਨ ( ਪ੍ਰੇਖਣ ) ਹੈ।

ਕਣੀ ਵੱਜੀ
ਘੋਗਾ ਜਾ ਵੜਿਆ
ਖੋਲ ਵਿੱਚ

ਇਹ ਵੀ ਇੱਕ ਸ਼ਾਸੇਈ ਸ਼ਬਦ-ਚਿਤ੍ਰ ਹੈ। ਅਜਿਹਾ ਕੁਝ ਵੀ ਨਹੀਂ ਜਿਸਦੀ ਵਿਆਖਿਆ ਹੋ ਸਕੇ: ਘੋਗੇ ਦੇ ਮੀਂਹ ਦੀ ਇੱਕ ਕਣੀ ਆ ਵੱਜਦੀ ਹੈ ਅਤੇ ਉਹ ਆਪਨੇ ਖੋਲ ਵਿੱਚ ਸ਼ਰਣ ਲੈਂਦਾ ਹੈ। ਇਸਦਾ ਵਸਤੂ-ਮੁਖੀ-ਝਕਾਉ ਹੈ, ਇੱਕ ਵਸਤੂ ਗਿਰਦ ਕੇਂਦ੍ਰਿਤ। ਹੋਵਣ-ਥੀਵਣ ( ਪਲ-ਪਲ ਬਣਨ ਦੀ ਪ੍ਰੀਕਿਰਿਆ ) ਅਤੇ ਅਨਿਸ਼ਚਤਤਾ ਵੱਲ ਕੋਈ ਵੀ ਇਸ਼ਾਰਾ ਨਾਦਾਰਦ ਹੈ। 

ਮੈਂ ਦੰਦੀ ਵੱਢੀ
ਤੇਂਦੁ ਫਲ 'ਚ ---
ਰਸ ਚੋਵੇ ਦਾਹੜੀ 'ਤੇ
- ਮਾਸਾਓਕਾ ਸ਼ੀਕੀ
ਅਨੁ. ਜੇਨੀਨ ਬੀਖ਼ਮਨ

ਸ਼ੀਕੀ ਜਦੋਂ ਤੇਂਦੁ-ਫਲ ਖਾ ਰਿਹਾ ਸੀ ਤਾਂ ਕੀ ਹੋਇਆ ਇਹ ਉਸਦਾ ਵਰਣਨ ਹੈ: ਫਲ ਦੇ ਰਸ ਦੀ ਧਾਰ ਉਸਦੀ ਦਾਹੜੀ 'ਤੋਂ ਦੀ ਵਗ ਤੁਰਦੀ ਹੈ। ਇਸ ਵਿੱਚ ਨਾ ਤਾਂ ਕੁਝ ਵਿਆਖਿਆ ਯੋਗ ਹੈ ਤੇ ਨਾ ਹੀ ਕੁਝ ਯਾਦ ਰੱਖਣ ਯੋਗ।  ਇਹ ਇੱਕ ਵਸਤੂ-ਮੁਖੀ-ਝਕਾਉ ਵਾਲੀ ਕਵਿਤਾ ਹੈ ਜਿਸਦਾ ਕੇਂਦਰ ਇੱਕ ਵਸਤੂ ਅਤੇ ਇੱਕ ਹੋਰ ਵਸਤੂ/ਵਿਸ਼ਾ ( ਮਨੁੱਖ ) ਉੱਪਰ ਇਸਦਾ ਪ੍ਰਭਾਵ ਜਦੋਂ ਉਹ ਪਹਿਲੀ ਵਸਤੂ ਨੂੰ ਖਾ ਰਿਹਾ ਹੈ, ਇਸਦੇ ਸਿੱਟੇ ਦਾ ਪੂਰਵ-ਅਨੁਮਾਨ ਲਗਾਉਣਾ ਕੋਈ ਔਖਾ ਨਹੀਂ।

ਉੱਠਣ ਲਗਾਂ ਤਾਂ 
ਮੇਰੀ ਪਿੱਠ ਦੇ ਕਬਜੇ 
ਅਸਹਿ ਠੰਡੇ

ਇਹ ਤਾਂ ਕੋਈ ਕਵਿਤਾ ਵੀ ਨਹੀਂ, ਮਹਿਜ਼ ਇੱਕ ਵਾਕ ਹੈ। ਵਰਣਨ ਕਰਨ ਵਾਲਾ। ਕੋਈ ਸਮਦੇਸ਼ੀ-ਨਿਕਟਤਾ (juxtaposition) ਨਹੀਂ। ਇਹ ਹਾਇਕੂ ਮਨੁੱਖ-ਕੇਂਦ੍ਰਿਤ ਹੈ, 'ਕਾਰਨ ਤੇ ਪਰਿਣਾਮ' ਦੇ ਅਖਾੜੇ ਵਿੱਚ। ਇਹ ਇੱਕ ਅਜਿਹਾ ਵਾਕ ਹੈ ਜਿਸਨੂੰ ਕਰੀਬਨ ਹਰ ਕੋਈ ਲਿਖ ਸਕਦਾ ਹੈ, ਇਸੇ ਤਰਜ਼ 'ਤੇ: "ਜਦੋਂ ਮੈਂ ਲੰਬੀ ਸੈਰ  ਲਈ ਗਿਆ ਤਾਂ ਮੇਰੀ ਪਿੱਠ ਨੂੰ ਪਸੀਨਾ ਆਇਆ ਤੇ ਇਹ ਅੰਬੀ ਭੀ ਸੀ।"

ਬਸੰਤ ਦਾ ਮੀਂਹ:
ਲੈ ਛੱਤਰੀ ਹੱਥ ਸਰਸਰੀ ਨਜ਼ਰ ਮਾਰਾਂ
ਤਸਵੀਰਾਂ ਵਾਲੀਆਂ ਕਿਤਾਬਾਂ ਦੀ ਦੁਕਾਨ 'ਚ

ਬਸੰਤ ਰੁੱਤੇ ਮੀਂਹ ਪੈ ਰਿਹਾ ਹੈ। ਕਾਮਿਕਸ ਰਸਾਲਿਆਂ ਵਾਲੀ ਦੁਕਾਨ 'ਚ ਛੱਤਰੀ ਚੁੱਕੀ ਕਵੀ ਕਿਤਾਬਾਂ ਦੇਖ ਰਿਹਾ ਹੈ। ਅਜਿਹਾ ਕੀ ਹੈ ਜਿਸਦੀ ਵਿਆਖਿਆ ਹੋ ਸਕੇ? ਸ਼ੀਕੀ ਦੀ ਕਵਿਤਾ ਵਸਤੂ-ਮੁਖੀ ਝੁਕਾਉ ਵਾਲੀ ਹੈ। ਸਭ ਕੁਝ ਹੀ ਦੱਸਿਆ ਗਿਆ ਹੈ, ਦੱਸਿਆ ਜਾ ਸਕਦਾ ਹੈ ਅਤੇ ਵਿਆਖਿਆ ਕਰਨ ਲਈ ਕੁਝ ਵੀ ਬਾਕੀ ਨਹੀਂ ਛੱਡਿਆ ਗਿਆ। ਇਹ ਪਾਠਕ ਨੂੰ ਕੁਦਰਤ ਦੀ ਸ੍ਰਿਜਣਾਤਮਿਕ ਸ਼ਕਤੀ ਬਾਰੇ ਕੁਝ ਵੀ ਨਹੀਂ ਦੱਸਦੀ।

ਇੱਕ ਚੰਨ ਚਾਨਣੀ ਰਾਤ 
ਮੈਂ ਆਜ਼ਾਦ ਕਰ ਦਿੱਤੇ ਸਾਰੇ ਪਤੰਗੇ
ਉਨ੍ਹਾਂ ਦੇ ਪਿੰਜਰੇ ਵਿਚੋਂ

ਇੱਕ ਚੰਨ ਚਾਨਣੀ ਰਾਤ ਨੂੰ,ਕਵੀ ਨੇ ਪਤੰਗਿਆਂ ਵਾਲੇ ਪਿੰਜਰੇ ਵਿੱਚੋਂ ਸਾਰੇ ਪਤੰਗੇ ਆਜ਼ਾਦ ਕਰ ਦਿੱਤੇ। ਉਹ ਇਹ ਵੀ ਨਹੀਂ ਦੱਸਦਾ ਕਿ ਕਿਉਂ। ਸ਼ੀਕੀ ਦੀ ਕਵਿਤਾ ਇੱਕ ਵਾਕ ਹੈ ਕੋਈ ਕਵਿਤਾ ਨਹੀਂ। ਇਹ ਇੰਝ ਲਿਖਣ ਦੇ ਸਮਤੁੱਲ ਹੈ: ਇੱਕ ਚਾਨਣੀ ਰਾਤੇ ਮੈਂ ਮੱਛੀ ਫਾਰਮ ਦੀਆਂ ਸਾਰੀਆਂ ਮੱਛੀਆਂ ਆਜ਼ਾਦ ਕਰ ਦਿੱਤੀਆਂ। ਇਸ ਕਵਿਤਾ ਵਿੱਚ ਅਜਿਹਾ ਕੀ ਹੈ ਜੋ ਸਾਡੇ ਚੇਤੇ ਵਿੱਚ ਵਸ ਜਾਵੇਗਾ? ਵਿਡੰਵਨਾ ਇਹ ਹੈ ਕਿ ਮਾਸਾਓਕਾ ਸ਼ੀਕੀ ਦੀ ਇੱਛਾ ਸੀ ਕਿ ਪੱਛਮੀ ਜਗਤ ਹਾਇਕੂ ਨੂੰ ਕਵਿਤਾ ਦੀ ਇੱਕ ਵਿਧਾ-ਵਿਸ਼ੇਸ਼ ਵਜੋਂ ਸਵੀਕਾਰ ਕਰ ਲਵੇ। ਇਸ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਸ਼ੀਕੀ ਦੇ ਸਮੇਂ ਲਿਖਿਆ ਜਾ ਰਿਹਾ ਹੋੱਕੂ ਅਵਮਾਨਕ ਸੀ, ਘਟੀਆ ਸੀ। ਸ਼ੀਕੀ ਦਾ ਕਾਫੀ ਸਾਰੇ ਹਾਇਕੂ, ਭਾਵੇਂ ਉਸ ਸਮੇਂ ਦੇ ਖੱਚ ਹੋੱਕੂ ਨਾਲੋਂ ਚੰਗੇ ਹੀ ਸਨ ਪਰ ਫਿਰ ਵੀ, ਇਸੇ ਵਿਡੰਵਨਾ ਦਾ ਸ਼ਿਕਾਰ ਸਨ ਕਿ ਉਹਨਾਂ ਵਿੱਚ ਨਾ ਤਾਂ ਗਹਿਰਾਈ ਸੀ ਨਾ ਹੀ ਸਾਹਿਤਿਕ ਤੱਤ, ਅਤੇ ਨਾ ਹੀ ਉਹਨਾਂ ਵਿੱਚ ਕੁਝ ਅਜਿਹਾ ਸੀ ਕਿ ਚੇਤਿਆਂ ਵਿੱਚ ਵਸ ਸਕਦੇ।

ਬਸੰਤ ਦੇ ਬੁੱਲੇ ---
ਮੇਰਾ ਕਿੰਨਾ ਦਿਲ ਕਰੇ ਗੇਂਦਬਾਜ਼ੀ ਕਰਾਂ
ਹਰੇ ਹਰੇ ਘਾਹ ਦੇ ਮੈਦਾਨ 'ਤੇ

ਪਹਿਲੀ ਸਤਰ, ਦੂਜੀ 'ਤੇ ਤੀਜੀ ਨਾਲ ਮਿਲ ਕੇ ਕਿਸੇ ਇਲਹਾਮ ਦਾ ਪਤਾ ਦਿੰਦੀ ਨਹੀਂ ਕਹੀ ਜਾ ਸਕਦੀ। ਸ਼ੀਕੀ ਅਮਰੀਕਣ ਬੇਸਬਾਲ ਖੇਡ ਦਾ ਪ੍ਰਸ਼ੰਸਕ ਸੀ। ਟੀਬੀ ਦੀ ਬਿਮਾਰੀ ਕਰਕੇ ਮੰਜਾ ਮੱਲੀ ਪਿਆ ਉਹ ਮਾਰਫੀਏ ਦੀਆਂ ਵੱਡੀਆਂ ਖ਼ੁਰਾਕਾਂ ਆਸਰੇ ਲਗਾਤਾਰ ਅਸਹਿ ਪੀੜਾ ਨੂੰ ਸਹਿਣ ਕਰਦਿਆਂ, ਉਹ ਖਿੜਕੀ ਵਿੱਚੀਂ ਬਾਹਰ ਆਪਣੇ ਬਾਗ ਤੇ ਝਾਤੀ ਮਾਰਦਾ ਹੈ ਤੇ ਉਸਦਾ ਧਿਆਨ ਠੰਡੀ ਹਵਾ ਦੇ ਬੁੱਲਿਆਂ 'ਤੇ ਜਾਂਦਾ ਹੈ। ਵਿਆਖਿਆਯੋਗ ਕੁਝ ਨਹੀਂ ਅਤੇ ਜ਼ੌਕਾ ਦਾ ਪੇਂਟਬੁਰਸ਼ ਵੀ ਜ਼ਾਹਿਰ ਨਹੀਂ ਹੈ।

ਖ਼ੁਦ ਨਾਲ ਗੱਲਾਂ,
ਬੁੱਕਲ ਵਿੱਚ ਲਈ ਗਰਮ ਪਾਣੀ ਦੀ ਬੋਤਲ
ਠੰਡੀ ਹੋ ਚੁੱਕੀ

ਆਪਣੀ ਬੁੱਕਲ ਵਿੱਚ ਨੀਮ-ਗਰਮ ਪਾਣੀ ਵਾਲੀ ਬੋਤਲ ਲਈ ਪਿਆ ਸ਼ੀਕੀ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਹੈ। ਇੱਕ ਮਨੁੱਖਾ-ਕੇਂਦ੍ਰਿਤ ਕਵਿਤਾ, ਸਗੋਂ ਅਧੂਰਾ ਵਾਕ ਹੈ। ਇਸ ਗੱਲ ਦਾ ਭੀ ਕੋਈ ਮਹੱਤਵ ਨਹੀਂ ਕਿ ਮੁਖ਼ਾਤਿਬ-ਏ-ਖ਼ੁਦ ਕਿਉਂ ਹੈ। ਇੱਕ ਪਾਠਕ ਹਾਇਕੂ ਦੀ ਵਿਆਖਿਆ ਉਸਦੀ ਆਪਣੇ ਜ਼ਾਤੀ ਸਭਿਆਚਾਰਿਕ-ਸਮ੍ਰਿਤੀ, ਵਿਦਿਆ, ਤਜ਼ਰਬਾਤ ਦੇ ਪੱਧਰ  ਆਦਿ ਦੇ ਹਵਾਲਿਆ ਦੇ ਅੰਤਰਗਤ ਕਰਦਾ ਹੈ। ਉਸ ਦਾ ਕਵੀ ਦੀ ਤਰਕਸੰਗਤੀ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ।

ਅਨੁਵਾਦ, ਡੌਨਲਡ ਕੀਨ ਦੀਚਮਕਦਾ ਸਿਆਲੂ ਸੂਰਜ  ਵਿੱਚੋਂ

ਸ਼ੀਕੀ ਬਜ਼ਾਤ-ਏ-ਖ਼ੁਦ ਇੱਕ ਦਰਮਿਆਨੇ ਦਰਜੇ ਦਾ ਕਵੀ ਹੋਣ ਕਾਰਣ ਬਾਸ਼ੋ ਵਰਗੇ ਕਵੀ ਦੀ ਸਿਰਜਣਾ ਦੀ ਆਲੋਚਨਾ ਕਰਨ ਦੀ ਸਥਿਤੀ ਵਿੱਚ ਨਹੀਂ ਹੈ। ਉਹ ਇੱਕ ਤੇਜੱਸਵੀ ਨੀਤੀਵੇਤਾ ਜ਼ਰੂਰ ਹੈ ਜਿਸ ਦੇ ਬੋਲਾਂ ਵਿੱਚ ਦਮ ਹੈ, ਅਤੇ ਇਸ ਦਮਦਾਰੀ ਦਾ ਇਸਤੇਮਾਲ ਵੀ ਉਸਨੇ ਇੱਕ ਨਿਪੁੰਨ ਉਸਤਾਦ ਵਾਂਗ ਕੀਤਾ - ਬਹੁਤ ਹੀ ਥੋੜ੍ਹੇ ਸਮੇਂ ਵਿੱਚ ਹੋੱਕੂ ਦੀ ਦੁਰਦਸ਼ਾ ਬਾਰੇ ਸਭ ਨੂੰ ਚਾਨਣ ਕਰਵਾ ਦਿੱਤਾ ਅਤੇ ਇੱਕ ਅਜਿਹਾ ਕਾਰਜ ਆਰੰਭ ਦਿੱਤਾ ਜੋ ਜਾਪਾਨ ਵਿੱਚ ਹੋਰ ਕੋਈ ਵੀ ਕਰਨਾ ਨਹੀਂ ਸੀ ਚਾਹੁੰਦਾ। ਇਸਦੇ ਲਈ ਹੌਸਲਾ, ਦੂਰ-ਦ੍ਰਿਸ਼ਟੀ ਅਤੇ ਜਨਮਜਾਤ ਪ੍ਰਤਿਭਾ ਦੀ ਜ਼ਰੂਰਤ ਸੀ। ਸ਼ਿਂਟੋ ਧਰਮ ਦੇ "ਦੇਵਤੇ" ਬਾਸ਼ੋ ਦੀ ਆਲੋਚਨਾ ਕਾਰਨ ਉਸਨੂੰ ਝਪਦੇ ਹੀ ਸੁਣਨ ਵਾਲੇ ਕੰਨ ਮਿਲੇ ਅਤੇ ਉਸ ਦੁਆਲੇ ਵਿਵਾਦ ਦੇ ਘੇਰੇ ਦੀ ਇੱਕ ਲਕੀਰ ਵੀ ਖਿੱਚੀ ਗਈ। 

ਮਾਸਾਓਕਾ ਸ਼ੀਕੀ ਨਾ ਤਾਂ ਅਮੀਰ ਸੀ, ਨਾ ਪ੍ਰੋਫੈਸਰ, ਤੇ ਨਾ ਹੀ ਰਾਜਨੀਤਿਕ ਨੇਤਾ। ਉਸਦਾ ਜੀਵਨ ਕਾਲ ਵੀ ਸੰਖੇਪ ( 35 ਸਾਲ ) ਸੀ, ਕੁਦਰਤ ਬਾਰੇ ਉਸਦੇ ਵਿਚਾਰ ਵੀ ਉਸਦੀ ਸਮ੍ਰਿਤੀ, ਕਲਪਨਾ ਅਤੇ ਉਸਦੇ ਕਮਰੇ ਵਿਚਲੀ ਖਿੜਕੀ ਵਿੱਚੋਂ ਦਿਸਦੇ ਬੱਗ ਤੱਕ ਹੀ ਮਹਿਦੂਦ ਸਨ।

ਕਿਸੇ ਸਮੁਰਾਈ ਯੋਧੇ ਵਾਂਗ, ਨਫ਼ੇ ਨੁਕਸਾਨਾਂ ਬਾਰੇ ਸੋਚੇ ਬਿਨਾਂ ਹੀ ਉਸਨੇ ਇਸ ਸਾਹਿਤਿਕ ਜੰਗ ਦਾ ਬਿਗਲ ਵਜਾ ਦਿੱਤਾ। ਉਸਨੂੰ ਬਿਨਾਂ ਥਾਪਣਾ ਦੇ ਆਪੂੰ ਜਰਨੈਲ ਬਣੇ ਉਸ ਡੌਨ ਕਿਓਹੋਤੇ ਨਾਲ ਮੇਲ ਕੇ ਦੇਖੋ ਜੋ ਇੱਕ ਨਾਮੁਮਕਿਨ ਮਿਸ਼ਨ ਦੀਆਂ ਦੁਸ਼ਵਾਰੀਆਂ ਨਾਲ ਲੋਹਾ ਲਾਉਣ ਲਈ ਆਪੇ ਨੂੰ ਨਰਕ ਵਿੱਚ ਝੋਂਕ ਦਿੰਦਾ ਹੈ ਉਸ ਦੁਸ਼ਮਣ ਨਾਲ ਸਿੰਝਣ ਲਈ ਜੋ ਬਹੁਤਿਆਂ ਨੂੰ ਅਜੇਤੂ ਹੀ ਲੱਗੇਗਾ। ਉਹ ਉਸ ਸਮੇਂ ਡੱਟ ਕੇ ਖੜ੍ਹਾ ਹੋਇਆ ਜਦੋਂ ਹੋੱਕੂ ਕੋਲ ਗੁੰਮਨਾਮੀ ਦੀ ਖੱਡ ਵਿੱਚ ਡਿੱਗਣ ਤੋਂ ਬਿਨਾਂ ਹੋਰ ਕੋਈ ਰਸਤਾ ਨਹੀਂ ਸੀ ਬਚਿਆ। ਉਸਦੀ ਤਾਰੀਫ਼ ਕਰਨੀ ਬਣਦੀ ਹੈ ਕਿ ਆਪਣੀ ਸਾਰਥਿਕਤਾ ਖੋ ਚੁੱਕੇ ਹੋੱਕੂ ਨੂੰ ਅਰਥਵਾਨ ਕੀਤਾ, ਇਸਨੂੰ ਗੁੰਮਨਾਮੀ ਦੀ ਖੱਡ 'ਚ ਡਿੱਗਣ ਤੋਂ ਬਚਾਇਆ। ਇਸਦੇ ਵਜੂਦ ਨੂੰ ਵੀ ਉਹ ਬਚਾ ਸਕਣਾ, ਇਹ ਵੱਖਰੀ ਗੱਲ ਹੈ। ਇਸਨੂੰ ਪੱਕੇ ਪੈਰੀਂ ਇੱਕ ਅਜਿਹੇ ਸ਼ਾਹ-ਰਾਹ 'ਤੇ ਤੋਰਨਾ ਜੋ ਸਮੇਂ ਦੀ ਕਸੌਟੀ ਅੱਗੇ ਟਿਕ ਸਕੇਗਾ, ਇੱਕ ਵੱਖਰੀ ਗੱਲ ਹੈ। ਹਾਇਕੂ ਦਾ ਇਹ ਸਹਾਰਾ ਬੱਸ ਥੋੜ੍ਹੀ ਦੇਰ ਲਈ ਹੀ ਸੀ। ਸ਼ੀਕੀ ਪੱਛਮੀ ਵਿਚਾਰਾ ਦੇ ਆਪਣੇ ਇਸ਼ਕ਼, ਆਪਣੇ ਬੇਸਬਰੇ ਸੁਭਾਉ, ਬਿਮਾਰੀ ਕਾਰਣ ਮਿਲੀ ਛੂਤੀ ਅਵਧੀ ਕਾਰਨ ਬੱਸ ਇੰਨਾ ਕੁ ਕੁਝ ਹੀ ਕਰ ਸਕਦਾ ਸੀ। ਬਦਲਾਉ ਆਇਆ। ਪਹੀਆ ਘੁੰਮਣ ਲੱਗ ਚੁੱਕਾ ਸੀ। ਹੋੱਕੂ, ਜਿਸਦਾ ਨਵਾਂ ਨਾਂ ਹੁਣ ਹਾਇਕੂ ਸੀ, ਮੁੜ ਆਪਣੇ ਪਹਿਲੇ ਰੂਪ ਵਿੱਚ ਕਦੇ ਨਾ ਆਵੇਗਾ। ਪਰ ਪਰ ਜੋ ਨਵੀਂ ਚੀਜ਼ ਰੇੜ੍ਹੇ ਪਾ ਦਿੱਤੀ ਗਈ ਸੀ ਉਹ ਹਾਇਕੂ ਦਾ ਨਵੀਨੀਕਰਣ ਨਹੀਂ ਸੀ, ਇਸਦਾ ਨਵਜੀਵਨ ਨਹੀਂ ਸੀ। ਮਾਸਾਓਕਾ ਸ਼ੀਕੀ ਨੇ ਜੋ ਘੜਿਆ ਅਤੇ ਬੇਲਗਾਮ ਛੱਡ ਦਿੱਤਾ ਉਹ, ਜਿਵੇਂ ਕਿ ਲੇਖ ਵਿੱਚ ਪਹਿਲਾਂ ਵੀ ਬਿਆਨਿਆ ਗਿਆ ਹੈ, ਆਪਦੇ ਖਾਸੇ ਵਿੱਚ ਵਿਚਾਰ, ਸ਼ਬਦਾਵਲੀ, ਅਤੇ ਸੁਹਜਾਤਮਿਕ ਕਦਰਾਂ/ਸੰਕਲਪਾਂ ਵਿੱਚ ਪੂਰੀ ਤਰਾਂ ਪੱਛਮੀ ਸੀ।  ਇੱਥੇ ਹੀ ਇਹ ਤਜ਼ੁਰਬਾ ਫੇਲ ਹੋਇਆ। ਇੱਕ ਪੱਛਮੀ ਸਮੁਰਾਈ ਯੋਧੇ ਦਾ ਮਖੌਟਾ ਪਹਿਨ ਕੇ ਇੱਕ ਸਮੁਰਾਈ ਦੀ ਸਾਂਗ ਨਹੀਂ ਉਤਾਰ ਸਕਦਾ। ਇੱਕ ਲੂੰਬੜ, ਮੁਰਗਾ ਹੋਣ ਦਾ ਦੰਭ ਰਚ ਕੇ ਜ਼ਿਆਦਾ ਦੇਰ ਤੱਕ ਇਹ ਵਿਸ਼ਵਾਸ ਨਹੀਂ ਦਵਾਈ ਰੱਖ ਸਕਦਾ, ਉਸਦੀ ਕਲਾ ਅਤੇ ਮਨਸ਼ਾ ਭਾਵੇਂ ਕਿੰਨੇ ਵੀ ਉੱਚ ਪਾਏ ਦੇ ਕਿਉਂ ਨਾ ਹੋਣ। ਪੱਛਮੀ ਮੇਲ/ਪੋਚੇ ਵਾਲਾ ਹਾਇਕੂ ਕਦੇ ਵੀ ਜਾਪਾਨੀ ਹੋੱਕੂ ਜਾਂ ਇਸਦਾ ਨਾਤੇਦਾਰ ਨਹੀਂ ਕਹਾ ਸਕਦਾ। ਪੁਰਾਤਨ ਜਾਪਾਨ ਅਤੇ ਜਰਮਨ ਆਧਾਰਿਤ ਵਿਸ਼ਵਵਿਦਿਆਲ੍ਯ ਪ੍ਰਣਾਲੀ ਵਾਲਾ ਚਿੱਤ, ਜੋ ਮੀਜੀ ਕਾਲ ਵਿੱਚ ਅਪਣਾਇਆ ਗਿਆ, ਦੋ ਵਿਰੋਧੀ ਧਰੁਵ ਹਨ।

ਹਾਇਕੂ ਸੰਬੰਧੀ ਆਧੁਨਿਕ ਮਿੱਥ ਅਤੇ ਬਾਸ਼ੋ ਤੇ ਬੁਸੋਂ ( ਇਸ ਲੇਖ ਦਾ ਪੰਜਾਬੀ ਅਨੁਵਾਦ ਵੀ ਹੋ ਚੁੱਕਾ ਹੈ। - ਅਨੁ. ) ਵਿੱਚ ਹਾਰੂਓ ਸ਼ਿਰਾਨੇ ਨੇ ਲਿਖਿਆ:

"ਉੱਤਰੀ ਅਮਰੀਕਾ ਵਿੱਚ ਜੋ ਸਭ ਤੋਂ ਜ਼ਿਆਦਾ ਵਿਆਪਕ ਵਿਸ਼ਵਾਸ ਹਾਇਕੂ ਬਾਰੇ ਪਾਇਆ ਜਾਂਦਾ ਹੈ ਉਹ ਹੈ ਕਿ ਹਾਇਕੂ ਕਵੀ ਦੇ ਸਿੱਧੇ ਨਿੱਜੀ ਅਨੁਭਵ ‘ਤੇ ਆਧਾਰਿਤ ਹੋਣਾ ਚਾਹੀਦਾ ਹੈ, ਭਾਵ ਇਹ ਉਸ ਦ੍ਰਿਸ਼ ਦਾ ਆਪ ਦਰਸ਼ਕ ਹੋਵੇ, ਵਿਸ਼ੇਸ਼ਕਰ ਕੁਦਰਤ ਦੇ ਦ੍ਰਿਸ਼ ਦਾ। ਪਰ ਇੱਥੇ ਇਹ ਧਿਆਨ ਰੱਖਣ ਯੋਗ ਹੈ ਕਿ ਇਹ ਮੂਲ ਰੂਪ ਵਿੱਚ ਹਾਇਕੂ ਬਾਰੇ ਆਧੁਨਿਕ ਨਜ਼ਰੀਆ ਹੈ, ਜੋ ਅੰਸ਼ਿਕ ਰੂਪ ਵਿੱਚ ਉਨੀਵੀਂ ਸਦੀ ਦੇ ਉਸ ਯੂਰਪੀ ਯਥਾਰਥਵਾਦ ਦਾ ਸਿੱਟਾ ਹੈ ਜਿਸਦਾ ਪ੍ਰਭਾਵ ਜਾਪਾਨੀ ਹਾਇਕੂ ਨੇ ਕਬੂਲਿਆ ਅਤੇ ਮਗਰੋਂ ਇਸੇ ਵਿਚਾਰ ਨੂੰ ਖ਼ਾਲਿਸ ਜਾਪਾਨੀ ਵਜੋ ਮੁੜ-ਬਰਾਮਦ ਕੀਤਾ ਗਿਆ। ਬਾਸ਼ੋ, ਜਿਸਦਾ ਰਚਨਾ ਕਾਲ ਸਤਾਰਵੀਂ ਸਦੀ ਹੈ, ਕਦੇ ਵੀ ਇਸ ਤਰਾਂ ਦੀ ਸਿੱਧੇ ਨਿੱਜੀ ਅਨੁਭਵ ਅਤੇ ਕਾਲਪਨਿਕਤਾ ਦੀ ਵੰਡ ਨਾਂਹ ਕਰਦਾ, ਅਤੇ, ਨਾ ਹੀ ਉਹ ਤੱਥ ਨੂੰ ਗੱਥ ਤੋਂ ਉੱਪਰ ਗਰਦਾਨਦਾ।"

ਰਿਚਰਡ ਗਿਲਬਰਟ ਹਾਇਕੂ ਬਾਰੇ ਆਪਣੀ ਅਤਿਅੰਤ ਪ੍ਰਭਾਵਸ਼ਾਲੀ ਕਿਤਾਬ ਚੇਤਨਤਾ ਦੀਆਂ ਕਵਿਤਾਵਾਂ ਵਿੱਚ ਲਿਖਦਾ ਹੈ:

"ਜਾਪਾਨੀ ਸਾਹਿਤ ਵਿੱਚ ਇਸ ਵਿੱਚ ਕਈ ਭਾਂਤ ਦੀ ਕੂੜਾ-ਕਰਕਟ ਤੁੱਲ ਲਿਖੀ ਜਾ ਰਹੀ ਕਵਿਤਾ ਲਈ ਕੋਈ ਨਾਮ ਨਹੀਂ ਹੈ। ਇਸਦੇ ਘਿਸੇ-ਪਿਟੇ ਹੋਣ, ਅਤੇ ਬਣੇ-ਬਣਾਏ ਫ਼ਾਰਮੂਲੇ ਦੁਆਲੇ ਉੱਸਰੀ ਹੋਣ ਨੂੰ ਦਰਸਾਉਣ ਲਈ, ਸ਼ੀਕੀ ਮਾਸਾਓਕਾ ਨੇ ਇਸਨੂੰ ਪ੍ਰਸਿੱਧ ਨਾਮ " ਸੁਕੀਨਾਮੀ ਹਾਇਕੂ" ( "tsukinami"  haiku ) ਦਿੱਤਾ, ਅਤੇ ਹਾਸੇਗਾਵਾ ਕਾਇ ਨੇ ਹਾਲ ਹੀ ਵਿੱਚ "ਗਾਰਾਕੂਟਾ" ( ਖੱਚ ) ਨਾਮਕਰਣ ਕੀਤਾ ਉਹੋ ਦਰਸਾਉਣ ਲਈ ਕਿ ਇਹ ਬਾਹਰਮੁਖੀ ਯਥਾਰਥਵਾਦ ਨੂੰ ਅਧਾਰ ਬਣਾ ਕੇ ਸੰਵੇਦਨਾ ਨੂੰ ਇੱਕ ਫਾਰਮੂਲੇ ਵ੍ਹੋੰ ਵਰਤਦੀ ਹੈ। ( ਅਫ਼ਸੋਸ ! ਪ੍ਰਕਾਸ਼ਿਤ ਹੁੰਦੇ ਜਿਆਦਾਤਰ ਹਾਇਕੂ ਇਸੇ ਸ਼੍ਰੇਣੀ ਵਿੱਚ ਫਿੱਟ ਹੁੰਦੇ ਹਨ। )"

ਪੱਤਝੜ 2008 ਦੇ ਸਿੰਪਲੀ ਹਾਇਕੂ ਅੰਕ ਲਈ ਕੀਤੇ ਗਏ ਰੂਬਰੂ ਦੌਰਾਨ, ਜਿਸਦਾ ਅਨੁਵਾਦ ਪੇਤ੍ਰੀਸਿਆ ਲਾਏਓਂਸ ਨੇ ਕੀਤਾ ਹੈ, ਕਾਈ ਹਾਸੇਗਾਵਾ ਨੇ ਮੈਨੂੰ ਦੱਸਿਆ:


"19ਵੀਂ ਸਦੀ ਤੋ ਲੈ ਕੇ ਹੁਣ ਤੱਕ ਜਾਪਾਨ ਨੇ ਪੱਛਮ ਤੋਂ ਬਹੁਤ ਕੁਝ ਸਿਖਿਆ ਹੈ। ਇਹਨਾਂ ਵਿੱਚ ਪੱਛਮ ਦੇ ਸਾਹਿਤ ਅਤੇ ਕਲਾ ਵਿੱਚ ਮਿਲਦੀ ਇੱਕ ਚੀਜ਼ ਜੋ ਸਿੱਖੀ ਉਹ ਹੈ ਯਥਾਰਥਵਾਦ। ਹਾਇਕੂ ਵੀ ਕੋਈ ਅਪਵਾਦ/ਛੋਟ ਨਹੀਂ ਹੈ; ਹਾਇਕੂ ਉੱਪਰ ਯਥਾਰਥਵਾਦ ਦਾ ਬਹੁਤ ਵੱਡਾ ਅਸਰ ਹੈ। ਇਨ੍ਹਾਂ ਅਰਥਾਂ ਵਿੱਚ ਆਧੁਨਿਕ ਹਾਇਕੂ "ਯਥਾਰਥਵਾਦੀ ਹਾਇਕੂ" ਤੋਂ ਵੱਧ ਹੋਰ ਕੁਝ ਨਹੀਂ। ਯਥਾਰਥਵਾਦ ਨੂੰ ਇਸ ਕਿਸਮ ਦੇ ਹਾਇਕੂ ਵਿੱਚ ਹਾਇਕੂ ਕਵੀਆਂ ਵਲੋਂ ਸ਼ਾਸੇਈ ( shasei ) ਕਹਿ ਕੇ ਬੁਲਾਇਆ ਜਾਂਦਾ ਹੈ। ਸੰਖੇਪ ਵਿੱਚ, ਚਾਲੂ ਵਿਚਾਰ ਇਹੋ ਹੈ ਕਿ ਹਾਇਕੂ "ਵਸਤਾਂ" ( ਜੋ ਅਸਲ ਵਿੱਚ ਮੌਜੂਦ ਹਨ ) ਬਾਰੇ ਹੁੰਦਾ ਹੈ। ਬਿਨਾਂ ਕਿਸੇ ਸ਼ਕ  ਦੀ ਗੁੰਜਾਇਸ਼ ਦੇ ਸਾਫ਼ ਸਪਸ਼ਟ ਸੱਚ ਇਹੋ ਹੈ ਕਿ ਆਧੁਨਿਕ ਹਾਇਕੂ ਨੇ ਕਿਸੇ ਵੀ ਹੋਰ ਚੀਜ਼ ਨਾਲੋਂ ਇਸੇ ਯਥਾਰਥਵਾਦ ਤੋਂ ਹੀ ਸਭ ਤੋਂ ਵੱਧ ਗ੍ਰਹਿਣ ਕੀਤਾ ਹੈ। ਭਾਵੇਂ ਕਿ ਇਹ 'ਯਥਾਰਥਵਾਦੀ ਹਾਇਕੂ' ਦਾ ਰਸਤਾ ਬਹੁਤ ਕਮਜ਼ੋਰੀਆਂ ਨਾਲ ਭਰਿਆ ਹੈ। ਸਭ ਤੋਂ ਵੱਡਾ ਨੁਕਸਾਨ ਜੋ ਹੋਇਆ ਉਹ ਹੈ ਕਿ ਹਾਇਕੂ ਨੇ ਕੋਕੋਰੋ ( kokoro = ਸੰਵੇਦਨਾ, ਦਿਲ, ਰੂਹ ) ਖੋ ਦਿੱਤਾ। ਜਾਪਾਨ ਦੇ ਸਭ ਤੋਂ ਪਹਿਲੇ ਸੰਗ੍ਰਿਹ, ਮਨ'ਯੋਸ਼ੋ, ਦੇ ਸਮੇਂ ਤੋ ਹੀ ਜਾਪਾਨੀ ਸਾਹਿਤਿਕ ਕਲਾਵਾਂ ਨੇ ਚੀਜ਼ਾਂ ( mono ) ਨੂੰ ਕੋਕੋਰੋ ਦੇ ਸੰਦਰਭ ਵਿੱਚ ਹੀ ਵਿਚਾਰਿਆ ਹੈ। ਹਾਇਕੂ ਵੀ ਅਪਵਾਦ ਨਹੀਂ ਹਨ। ਬੇਸ਼ੱਕ ਹਾਇਕੂ ਚੀਜ਼ਾਂ ਬਾਰੇ ਹੀ ਗੱਲ ਕਰਦੇ ਜ਼ਾਹਿਰ ਹੁੰਦੇ ਹਨ ਪਰ ਉਪਰਲੇ ਤਲ ਦੇ ਹੇਠਾਂ ਹਮੇਸ਼ਾਂ ਕੋਕੋਰੋ ਦਾ ਮੌਜੂਦ ਹੋਣਾ ਨਿਸ਼ਚਿਤ ਹੀ ਹੈ। ਪਰ ਆਧੁਨਿਕ ਯਥਾਰਥਵਾਦ ਦੀ ਅੱਤ ਕਾਰਨ ਕੋਕੋਰੋ ਦੀ ਅਣਦੇਖੀ ਹੋਈ ਅਤੇ ਸਿਰਫ਼ ਚੀਜ਼ਾਂ ਬਾਰੇ ਹੀ ਲਿਖਿਆ ਜਾਣ ਲੱਗਾ। ਇਹ ਉਹ ਹਨ ਜਿਨ੍ਹਾਂ ਨੂੰ ਮੈਂ ਖੱਚ ਹਾਇਕੂ ( ‘junk’ ( garakuta =  junk ) ਕਹਿੰਦਾ ਹਾਂ। ਅੱਜ-ਭਲਕ ਇਸ ਰੁਝਾਨ ਨੂੰ ਦਰੁੱਸਤ ਕਰਨਾ ਜਰੂਰੀ ਹੈ। ਪਹਿਲਾ ਕਾਰਣ ਤਾਂ ਕਿ ਇਹ ਜਾਪਾਨੀ ਸਾਹਿਤ ਦੀ ਕਲਾ ਦੇ ਬੁਨਿਆਦੀ ਅਸੂਲਾਂ ਤੋਂ ਘਾਤਕ ਤੋੜ-ਵਿਛੋੜਾ ਹੈ। ਉਸ ਤੋਂ ਵੀ ਵੱਧਕੇ ਇਹ ਖੱਚ ਹਾਇਕੂ ਅਸਲੋਂ ਹੀ ਨਿੱਸਲ ਹਨ – ਮੁਕੰਮਲ ਤੌਰ ‘ਤੇ ਗੈਰ-ਦਿਲਚਸਪ।

" ਇਸਤੋਂ ਇਲਾਵਾ ਵੀ ਪੱਛਮੀ ਹਾਇਕੂ ਦੀ ਮੌਜੂਦਾ ਹਾਲਤ ਦੇ ਦਰਪੇਸ਼ ਹੋਰ ਬੇਅੰਤ ਸਮੱਸਿਆਵਾਂ ਹਨ। ਇਹ ਸਮੱਸਿਆਵਾਂ, ਹਾਲਾਂਕਿ, ਇੰਨ-ਬਿੰਨ ਉਹੋ ਨਹੀਂ ਹਨ ਜਿਹੜੀਆਂ ਜਾਪਾਨੀ ਹਾਇਕੂ ਦੇ ਮੂਹਰੇ ਹਨ।

"ਇਹ ਸਗੋਂ, ਹੋਰ ਭੀ ਜ਼ਿਆਦਾ ਗੁੰਝਲਦਾਰ ਹਨ। ਜਾਪਾਨੀ ਹਾਇਕੂ ਮੂਹਰੇ ਸਭ ਤੋਂ ਵੱਡੀ ਸਮੱਸਿਆ ਹੈ ਕੀ ਕਿਵੇਂ ਹਾਇਕੂ, ਸਿਰਫ਼ ਜਾਪਾਨ ਤੱਕ ਹੀ ਮਹਿਦੂਦ ਇੱਕ ਪ੍ਰੰਪਰਾਗਤ ਵਿਧਾ, ਦੀ ਸਾਂਝ ਪੱਛਮ ਤੋਂ ਸਿੱਖੇ ਯਥਾਰਥਵਾਦ ਨਾਲ ਪਾਈ ਜਾਵੇ। ਪੱਛਮ ਵਿੱਚ ਹਾਇਕੂ ਦੀ ਇਸਤੋਂ ਵੀ ਵੱਡੀ ਸਮੱਸਿਆ ਇਹ ਹੈ ਕਿ ਕਿਵੇਂ ਪੱਛਮੀ ਸਭਿਆਚਾਰਕ ਭੋਂ ਵਿੱਚ ਇਸ ਸਿਰਫ਼ ਜਾਪਾਨ ਤੱਕ ਹੀ ਮਹਿਦੂਦ ਇੱਕ ਪ੍ਰੰਪਰਾਗਤ ਵਿਧਾ ਦਾ ਬੀਜ ਲਗਾਇਆ ਜਾਵੇ। ਮੈਨੂੰ ਇਉਂ ਲੱਗਦਾ ਹੈ ਕਿ ਪੱਛਮ ਦੇ ਹਾਇਕੂ ਅਭਿਆਸੀਆਂ ਵਲੋਂ ਅੰਗ੍ਰੇਜ਼ੀ ਵਿੱਚ ਲਿਖਿਆ ਜਾ ਰਿਹਾ ਜ਼ਿਆਦਾਤਰ ਹਾਇਕੂ ਜਿਸ ਕਰਨ ਕਰਕੇ ਆਸਾਨੀ ਨਾਲ ਭੁਲਾਉਣਯੋਗ ਅਤੇ ਬੇਹੱਦ ਪਤਲਾ ਹੈ,  ਅਤੇ ਕਿਸੇ ਬਣੇ-ਬਣਾਏ ਫ਼ਾਰਮੂਲੇ ਦੁਆਰਾ ਲਿਖਾ ਜਾਪਦਾ ਹੈ, ਉਹ ਇਹੋ ਹੈ ਕਿ ਇਹ 'ਯਥਾਰਥਵਾਦ ਦਾ ਸ਼ਿਕਾਰ' ਹੋ ਗਿਆ ਹੈ। ਮੈਨੂੰ ਇਹ ਭੀ ਲੱਗਦਾ ਹੈ ਕਿ ਇਸਤੋਂ ਵੀ ਪਹਿਲਾਂ ਤਹਿ ਵਿੱਚ ਕੁਝ ਇਸ ਤੋਂ ਭੀ ਗੰਭੀਰ ਸਮੱਸਿਆਵਾਂ ਹਨ ਜਿਵੇਂ, ਉਦਾਹਰਣ ਲਈ, ਹਾਇਕੂ ਹੈ ਕੀ ਇਸ ਬਾਰੇ ਕਿਸੇ ਬੁਨਿਆਦੀ ਸਮਝ ਦੀ ਅਨਹੋਂਦ।"

ਥੌਮਸ ਲਿੰਚ, ਪ੍ਰਭਾਵਾਂ ਦੇ ਚੁਰਸਤੇ 'ਤੇ ਅਮਰੀਕਣ ਹਾਇਕੂ ਵਿੱਚ ਹਾਇਕੂ ਬਾਰੇ ਇੰਝ ਕਹਿੰਦਾ ਹੈ, "ਐਮਰਸਨ, ਥੋਰੇਔ ਅਤੇ ਵਿਟਮੈਨ ਜਿਹੇ ਅਨੁਭਵਾਤੀਤਵਾਦੀਆਂ ਦੁਆਰਾ ਪੂਰੀ ਦਿਆਨਤਦਾਰੀ ਨਾਲ ਸ਼ੁਰੂ ਕੀਤੇ ਅਮਰੀਕਣ ਕਾਵਿਕ ਸੁਹਜ ਦੇ ਇੱਕ ਰੁਝਾਨ ਦਾ ਆਧੁਨਿਕ ਪ੍ਰਗਟਾਵਾ ਹਾਇਕੂ ਵਿੱਚ ਆ ਉਜਾਗਰ ਹੁੰਦਾ ਹੈ, ਇਹ ਰੁਝਾਨ ਆਪਣੇ ਵੱਖ-ਵੱਖ ਰੂਪਾਂ ਵਿੱਚ ਇਜ਼ਰਾ ਪਾਉਂਡ,ਵਾਲੇਸ ਸਟੀਵਨਜ਼, ਵਿਲਿਯਮ ਕਾਰਲੋਸ ਵਿਲੀਅਮਸ, ਰਿਚਰਡ ਰਾਈਟ, ਜੈਕ ਕਿਰੋਆਕ, ਅਤੇ ਗੈਰੀ ਸਨਾਈਡਰ ਅਤੇ ਤੱਥ ਤਾਂ ਇਹ ਹੈ ਕਿ ਵੱਡੀ ਗਿਣਤੀ ਦੇ ਹੋਰ ਇਹਨਾਂ ਦੇ ਸਮਕਾਲੀ ਕਵੀਆਂ ਦੀਆਂ ਕ੍ਰਿਤਾਂ ਵਿੱਚ ਦੇਖਣ ਨੂੰ ਮਿਲਦਾ ਹੈ।

" ਸੰਖੇਪ ਵਿੱਚ, ਮੈਂ ਦਾਵੇ ਨਾਲ ਕਹਿ ਸਕਦਾ ਹਾਂ ਕਿ ਹਾਇਕੂ ਉਹ ਵਿਧਾ ਹੈ ਜੋ ਅਮਰੀਕੀ ਸਾਹਿਤ ਵਿੱਚ ਪਿੱਛਲੀ ਡੇਢ ਸਦੀ ਦੇ ਮਹੱਤਵਪੂਰਨ ਰੁਝਾਨਾਂ ਦੀਆਂ ਕਾਵਿਕ ਅਭਿਲਾਸ਼ਾਵਾਂ ਦੀ ਪੂਰਤੀ ਕਰਦਾ ਹੈ। ਇੱਕ ਗੱਲ ਪੱਕ ਨਾਲ ਇਸ ਲਈ ਵੀ ਕਹੀ ਜਾ ਸਕਦੀ ਹੈ ਕਿ ਨਹੀਂ ਫਿਰ ਇੱਕ ਮਾਮੂਲੀ ਜਿਹੀ ਵਿਧਾ ਦਾ ਇੰਨੇ ਸਤਿਕਾਰਿਤ ਕਵੀਆਂ ਉੱਪਰ ਇੰਨਾ ਗਹਿਰਾ ਅਸਰ ਹੋਣਾ ਨਾਮੁਮਕਿਨ ਹੀ ਹੈ ਜੇ ਇਹ ਉਹਨਾਂ ਦੀ ਕਾਵਿਕ ਸਰਗਰਮੀ ਦੇ ਧੁਰ-ਆਤਮੇ ਦੀ ਕਿਸੇ ਗੁੱਝੀ ਲੋੜ ਨੂੰ ਨਾ ਪੂਰਦਾ ਹੁੰਦਾ।"

- ਪੂਰਵੀ-ਪੱਛਮੀ ਆਲੋਚਨਾ ਵਿੱਚ ਆਧੁਨਿਕਵਾਦ: ਨਵੀਂ ਖੋਜ; ਸੰਪਾਦਕ: ਯੋਸ਼ੀਨੋਬੂ ਹਾਕੁਤਾਨੀ, ਮੈਡੀਸਨ, ਨਿਊ ਜਰਸੀ, ਫੇਅਰਲੀਅ ਡਿਕਿਨਸਨ ਯੂਨੀਵਰਸਿਟੀ ਪ੍ਰੈਸ, 2001 ਵਿੱਚ ਪ੍ਰਕਾਸ਼ਿਤ ਹੋਇਆ।

ਹਾਇਕੂ ਅੱਜ ਮੁੱਖ ਤੌਰ 'ਤੇ ਆਧਾਰ-ਮੁਕਤ ਹੈ। ਇਹ ਉਹੋ ਹੈ ਜੋ ਇਸਦਾ ਲੇਖਕ ਇਸਨੂੰ ਸੱਦਦਾ ਹੈ। ਬਾਸ਼ੋ ਅਤੇ ਹੋਰਾਂ ਨੇ ਇਸਦਾ ਜੋ ਇੱਕ ਰੂਪ ਨਿਸ਼ਚਿਤ ਅਤੇ ਪੱਕਾ ਕਰਕੇ ਸਿਖਾਇਆ ਅਤੇ ਲਿਖਿਆ ਉਸ ਨਾਲ ਇਸਦਾ ਰਤਾ ਕੁ ਹੀ ਮੇਲ ਬੈਠਦਾ ਹੈ। ਇਸਦੇ ਉਲਟ ਆਖਣਾ ਵਿਆਖਿਆ-ਪ੍ਰਣਾਲੀ ਵਿਗਿਆਨ ( hermeneutics ), ਭਾਸ਼ਾ-ਵਿਗਿਆਨ, ਅਤੇ ਕੋਬਾਯਾਸ਼ੀ ਇੱਸਾ ਦੀ ਮ੍ਰਿਤੂ ਤੋਂ ਪਹਿਲਾਂ ਦੀ ਜਾਪਾਨੀ ਦੀ ਸੰਖੇਪ ਰੂਪ ਵਾਲੀ ਕਵਿਤਾ ਦੇ ਇਤਿਹਾਸ ਨੂੰ ਅੱਖੋਂ ਪਰੋਖੇ ਕਰਨਾ ਹੋਵੇਗਾ।

ਆਧੁਨਿਕ/ਸਮਕਾਲੀ ਹਾਇਕੂ ਦੇ ਕੁਝ ਨਮੂਨੇ ਪੜ੍ਹੋ। ਇਹ ਕਿਸੇ ਮੰਦ-ਭਾਵਨਾ ਨਾਲ ਨਹੀਂ ਪੇਸ਼ ਕੀਤੇ ਗਏ। ਇਹ ਸਿਰਫ਼ ਇੱਕ ਨੁਕਤਾ-ਏ-ਨਜ਼ਰ ਪੇਸ਼ ਕਰਨ ਲਈ ਸਾਂਝੇ ਕੀਤੇ ਗਏ ਹਨ, ਇਸ ਵਿਚਾਰ 'ਤੇ  ਰੌਸ਼ਨੀ ਪਾਉਣ ਲਈ ਕਿ ਮਾਸਾਓਕਾ ਸ਼ੀਕੀ ਦੁਆਰਾ ਹੋੱਕੂ ਦੇ ਪੁਨਰ-ਸੁਧਾਰ ਤੋਂ ਬਾਅਦ ਇਸਨੇ ਕੀ ਦਿਸ਼ਾ ਧਾਰਣ ਕੀਤੀ ਅਤੇ ਕਿਵੇਂ ਕਿਸ ਤਰਾਂ ਇਹ ਲੀਹ ਤੋਂ ਉਤਰ ਗਿਆ ਅਤੇ ਪ੍ਰੰਪਰਾ ਦੀ ਨਿਰੰਤਰਤਾ ਖੋ ਬੈਠਾ।

ਕੜੱਕ ਯਾਰੀ ਟੁੱਟੀ —
ਕਾਲੀ ਮੱਖੀ ਨੇ ਮੈਨੂੰ ਸੁਣਾਈ
ਬੇਤਾਲੀ ਭਿਨਭਿਨਾਹਟ

- ਰੋਬੇਰਟਾ ਬੇਅਰੀ
ਅਮਰੀਕਾ, ਮਾਡਰਨ ਹਾਇਕੂ; ਹੁਨਾਲ 2013

ਬੇਅਰੀ ਦੀ ਕਵਿਤਾ ਇੱਕ ਸੇਨ੍ਰ੍ਯੁ ਹੈ। ਇਹ ਮਨੁੱਖਾ-ਕੇਂਦ੍ਰਿਤ ਹੈ, ਸਟੇਜੀ ਮਸਖ਼ਰੇ ਦੀ ਜੁਗਤ ਵਰਗਾ। ਇਹ ਅੰਤਰਮੁਖੀ ਹੈ ( ਬੇਤਾਲੀ ਭਿਨਭਿਨਾਹਟ ) ਜਿਸਦਾ ਜ਼ੌਕਾ ਦੇ ਬੁਰਸ਼ ਦੇ ਕਲਾਤਮਿਕ ਪ੍ਰਗਟਾਵੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਕਵਿਤਾ ਦਾ ਰੁੱਤਾਂ ਦੇ ਪ੍ਰਵਾਹ ਨਾਲ ਅਤੇ ਜ਼ੌਕਾ, ਜਿਸਨੂੰ ਬਾਸ਼ੋ ਨੇ ਹੋੱਕੂ ਸਿਰਜਣਾ ਦਾ ਲੋੜੀਂਦਾ ਤੱਤ ਕਿਹਾ ਸੀ, ਨਾਲ ਕੋਈ ਸੰਬੰਧ ਨਹੀਂ ਬੈਠਦਾ। ਹੋੱਕੂ ਨਾਲ ਕੁਦਰਤ ਦਾ ਨਾਤਾ ਕੀ ਬੀਤੇ ਦੀ ਗੱਲ ਹੋ ਗਈ ਹੈ, ਪੁਰਾਤਨ ਉਸਤਾਦਾਂ ਦੀਆਂ ਸਿਖਿਆਵਾਂ ਕੀ ਪਥਰਾਟ ਬਣ ਚੁੱਕੀਆਂ ਹਨ, ਅਤੇ ਇਸ ਕਾਰਣ, ਹੁਣ ਉਹਨਾਂ ਦੀ ਹਾਇਕੂ ਦੇ ਪੁਨਰ-ਸੁਧਾਰ ਨੂੰ ਲੋੜ ਨਹੀਂ ਰਹੀ?

ਇਹੋ ਹੈ
ਜੋ ਇਹ ਹੈ
ਛੁਛੁੰਦਰ ਦੀ ਢੇਰੀ

ਏਲਿਸ ਫ੍ਰੇੰਪਟਨ; ਸੀਬੈੱਕ, ਵਾਸ਼ਿੰਗਟਨ  
ਸਤੰਬਰ 2012 ਹੇਰੋਂ'ਜ਼ ਨੈਸਟ ਦਾ ਇਨਾਮ ਜੇਤੂ ਹਾਇਕੂ

ਇਹ ਕਵਿਤਾ ਨਹੀਂ ਹੈ ਸਗੋਂ "ਸਭ ਦਰਸਾਉਂਦਾ" ਇੱਕ ਬਿਆਨ ਹੈ। ਇਹ ਬਿਆਨ ਵੀ ਅੰਤਰਮੁਖੀ ਹੈ ( ਇਹੋ ਹੈ ਜੋ ਇਹ ਹੈ ), ਅੰਤਿਮ ਨਿਰਣਾ ਹੈ, ਵਿਆਖਿਆ ਲਈ ਕੋਈ ਥਾਂ ਨਹੀਂ ਛੱਡਦਾ। ਕਿਸੇ ਗਿਆਨ/ਇਲਹਾਮ ਦਾ ਪ੍ਰਗਟਾਵਾ ਨਹੀਂ; ਇਸਦਾ ਕੋਈ ਵੀ ਸੰਬੰਧ ਕੋਟੋ (koto = becomingness = ਪ੍ਰਤੀ-ਪਲ ਥੀਵਣਾ ) ਨਾਲ ਨਹੀਂ ਹੈ, ਜੋ ਕੁਦਰਤ ਦਾ ਖ਼ਾਸਾ ਹੈ।

ਕੀ ਹਾਇਕੂ ਕੋਈ ਸਰਕਿਆ ਹੋਇਆ ਬੁੱਢਾ ਹੈ, ਜਿਸਦੀ ਸਭਿਆਚਾਰਕ ਸਮ੍ਰਿਤੀ ਡਿਕਡੋਲੇ ਖਾਂਦੀ ਹੈ ਅਤੇ ਜੋ ਸਰਕਸ ਦੇ ਸਾਰੇ ਪਾਸੇ ਸ਼ੀਸ਼ਿਆਂ ਵਾਲੇ ਕਮਰੇ ਦੀਆਂ ਕੰਧਾਂ ਵਿੱਚ ਵੱਜਦਾ ਫਿਰਦਾ ਹੈ; ਕੀ ਜ਼ੌਕਾ ਨਾਮ ਦਾ ਅਕਸੀਰ ਆਪਣੀ ਖ਼ਰਾਬ ਹੋਣ ਦੀ ਤਰੀਕ ਬਹੁਤ ਪਿੱਛੇ ਛੱਡ ਆਇਆ ਹੈ? ਕੀ ਆਪਣੇ ਪੁਨਰ-ਜਨਮ ਵਿੱਚ ਇਹ ਹਾਇਕੂ ਅਜਿਹਾ ਸਾਹਿਤ ਹੈ ਜਿਸਨੂੰ ਸੰਜੀਦਗੀ ਨਾਲ ਲਿਆ ਜਾਵੇ, ਕੀ ਇਹ ਇੱਕ ਅਜਿਹੀ ਸਾਹਿਤਿਕ ਆਵਾਜ਼ ਹੈ ਜੋ ਉਸ ਗੀਤ ਨਾਲੋਂ ਉਤਤਮ ਜਾਂ ਉਸਦੇ ਬਰਾਬਰ ਹੈ ਜਿਸਨੂੰ ਮਾਤਸੁਓ ਬਾਸ਼ੋ,ਯੋਸਾ ਬੂਸੋਂ, ਦੋਹੋ, ਚੀਯੋ-ਨੀ, ਅਤੇ ਕੋਬਾਯਾਸ਼ੀ ਇੱਸਾ ਨੇ ਗਾਇਆ?

ਚਿੱਬੜੇ ਦੰਦ ਆਪਣੀ ਠੰਡੀ ਕਬਰ ਨੂੰ ਚਲਾ ਰਿਹਾ ਕੰਮ ਵਲ

- ਲੀ ਗੁਰਗਾ, ਅਮਰੀਕਾ; ਮੌਡਰਨ ਹਾਇਕੂ, ਹੁਨਾਲ 2013

ਹੁਣ, ਇਹ ਨਾਮੁਕੰਮਲ ਵਾਕ ਕਿਸ ਤਰਾਂ ਉਸ ਕਾਵਿਕ ਰੂਪ ਹੋੱਕੂ ਦਾ ਭਾਈਵੰਦ ਹੈ ਜਾਂ ਪੁੱਤ-ਭਤੀਜਾ ਹੈ ਜਿਸ ਉੱਪਰ ਬਾਸ਼ੋ ਅਤੇ ਬੂਸੋਂ ਹੁਰਾਂ ਨੇ ਬੁਲੰਦੀਆਂ 'ਤੇ ਪਹੁੰਚਾਇਆ? ਇੱਕ ਚਿੱਬੜੇ ਦੰਦਾਂ ਵਾਲਾ ਵਿਅਕਤੀ ( ਵਿਡੰਵਨਾ, ਗੁਰਗਾ ਦੰਦਾਂ ਦਾ ਡਾਕਟਰ ਹੈ ) ਆਪਣੀ ਕਾਰ 'ਤੇ ਕੰਮ ਨੂੰ ਜਾ ਰਿਹਾ ਹੈ, ਉਸਨੂੰ ਠੰਡ ਲੱਗ ਰਹੀ ਹੈ ਲੱਗਦਾ ਹੈ ਕਾਰ ਦਾ ਹੀਟਿੰਗ-ਸਿਸਟਮ ਕੰਮ ਨਹੀਂ ਕਰਦਾ। ਹਾਇਕੂ ਦਾ ਲੇਬਲ ਲੱਗਿਆ ਇਹ ਇੱਕ ਨਾਮੁਕੰਮਲ ਵਾਕ ਹੈ, ਜੋ ਮਨੁੱਖਾ-ਕੇਂਦ੍ਰਿਤ ਹੈ ਅਤੇ ਪਾਠਕ ਲਈ ਵਿਆਖਿਆ ਕਰਨ ਯੋਗ ਕੁਝ ਵੀ ਨਹੀਂ ਛੱਡਦਾ। ਇਸਤੋਂ ਕੁਦਰਤ ਦੇ ਕਿਹੜੇ ਕਾਰਜਾਂ ਬਾਰੇ ਸੋਝੀ ਮਿਲਦੀ ਹੈ?

ਨਿਓਨ ਬੁੱਧ
ਕੋਈ ਸੰਤੁਸ਼ਟੀ ਨਹੀਂ ਮਿਲ ਸਕਦੀ
ਪਰ ਉਹ ਵਿਆਕਰਣ ਦਾ ਜਾਣੂੰ ਹੈ
- ਮਾਇਕਲ ਡੀਲਨ ਵੇਲਸ਼; 40 ਨਿਓਨ ਬੁੱਧ, ਗ੍ਰੇਸਕੱਟਸ 

ਨੋਟ: ਇਹ ਇੱਕ ਕਲਪੀ ਹੋਈ ਕਾਢ ਹੈ, ਬਨ'ਯਾ ਨਾਟਸੁਇਸ਼ੀ ਦੀਆਂ ਫਲਾਇੰਗ ਪੋਪ ਹਾਇਕੂ ਵਿਰੋਧੀ ਕਵਿਤਾਵਾਂ ਦੀ ਤਰਜ਼ 'ਤੇ, ਉਸ ਲੜ੍ਹੀ ਦਾ ਹਿੱਸਾ। ਇਹ ਕੋਈ ਸੰਜੀਦਾ ਸਾਹਿਤ ਨਹੀਂ ਹੈ। ਇਹ ਇੱਕ ਫ਼ਾਰਮੂਲਾ ਕਵਿਤਾ ਹੈ, ਜਿਸ ਵਿੱਚ ਕਿਸੇ ਵੀ ਸੁਹਜ-ਸ਼ੈਲੀ ਦੇ ਕਿਸੇ ਵੀ ਔਜ਼ਾਰ ਦਾ ਇਸਤੇਮਾਲ ਨਹੀਂ ਕੀਤਾ ਗਿਆ, ਇੱਕ ਸੇਰ੍ਯੁ ਹਾਇਕੂ ਹੋਣ ਦਾ ਦੰਭ ਭਰ ਰਿਹਾ ਹੈ।

ਇਹ ਇੱਕ ਕ੍ਰਿਸ਼ਮਾ ਹੀ ਕਿ ਇਹੋ ਜਿਹੇ ਜਾਹਲੀ ਹਾਇਕੂ ਵੀ ਸੰਜੀਦਗੀ ਨਾਲ ਲਏ ਜਾਂਦੇ ਹਨ। ਮੈਂ ਕਦੇ ਕਦੇ ਸੋਚਦਾ ਹਾਂ ਕਿ ਸ਼ੀਕੀ ਇਸ ਅਤੇ ਇਸੇ ਨਸਲ ਦੀਆਂ ਹੋਰਾਂ ਕਵਿਤਾਵਾਂ ਬਾਰੇ ਕੀ ਸੋਚਦਾ? ਕੀ ਉਹ ਇਸਦੀ ਤਾਰੀਫ਼ ਦੇ ਪੁਲ ਬੰਨਦਾ ਜਾਂ ਫਿਰ ਇਸਦਾ ਠੱਠਾ ਉਡਾਉਂਦਿਆਂ ਇਸਦੇ ਪੱਚਰੇ ਲਾਹੁੰਦਾ? ਇਹ ਇੱਕ ਇਸ ਪ੍ਰਸ਼ਨ ਹੈ ਜੋ ਗੰਭੀਰ ਵਿਚਾਰ ਦੀ ਮੰਗ ਕਰਦਾ ਹੈ। ਬਾਸ਼ੋ ਅਤੇ ਬੂਸੋਂ ਇਸ ਬਾਰੇ ਕੀ ਸੋਚਦੇ? ਕੀ ਉਨ੍ਹਾਂ ਦੀ ਰਾਏ ਕੋਈ ਅਹਿਮੀਅਤ ਰਖਦੀ ਹੈ?

ਯੋਸਾ ਬੂਸੋਂ ਨੇ ਲਿਖਿਆ:

"ਜੋ ਮੈਂ ਆਪਣੇ ਵਿਦਿਆਰਥੀਆਂ ਨੂੰ ਸਿਖਾਉਂਦਾ ਹਾਂ ਉਹ ਇਹ ਨਹੀਂ ਕਿ ਸੋਆ ( ਬੂਸੋਂ ਦਾ ਉਸਤਾਦ - ਅਨੁ. ) ਦਾ ਸਰਸਰੀ ਜਿਹੇ ਲਹਿਜੇ ਦੀ ਨਕਲ ਕਰੋ ਸਗੋਂ ਕਿ ਸਾਬੀ ( Sabi = ਸਾਦਗੀ ਦੀ ਠਾਠ ) ਪ੍ਰਤੀ ਤਾਂਘ ਪੈਦਾ ਕਰੋ , ਅਤੇ ਬਾਸ਼ੋ ਵਾਲੀ ਸ਼ਿਓਰੀ ( Shiori = ਸੰਵੇਦਨਾ ) ਪੈਦਾ ਕਰੋ ਤਾਂਕਿ ਅੰਤਰਯਾਤਰਾ ਦੀ ਸੰਭਾਵਨਾ ਪੈਦਾ ਹੋ ਸਕੇ। ਇਹ ਹਾਇਕਾਈ ਦਾ ਜ਼ੇਨ ਅਤੇ ਦਿਲ ਨੂੰ ਦਿਲ ਦੀ ਰਾਹ ਹੈ।"

ਮੁਕਾਸ਼ੀ ਓ ਇਮਾ, 1774 ਦੀ ਭੂਮਿਕਾ ਵਿੱਚੋਂ ਅੰਸ਼
ਅਨੁ, - ਯੂਕੀ ਸਾਵਾ ਅਤੇ ਈਡਿਥ ਐੱਮ. ਸ਼ਿਫਰਟ, ਹਾਇਕੂ ਮਾਸਟਰ ਬੂਸੋਂ

ਧੂੜ ਹੀ ਬਾਕੀ ਕਿਤਾਬਾਂ ਦਾ ਅਤਰ
- ਸੂਜ਼ਨ ਸ਼ੈੰਡ; ਬਰਤਾਨੀਆ, ਨੋਟ੍ਸ ਫ੍ਰੌਮ ਦ ਗੀਨ ਹਾਇਕੂ ਜਰਨਲ, ਸਤੰਬਰ 2012

ਇਹ ਕਵਿਤਾ ਨਹੀਂ। ਇਹ ਇੱਕ ਬਿਆਨ ਹੈ, ਪੜ੍ਹਨ ਕਮਰੇ ਦੀ ਕੰਧ 'ਤੇ ਲਟਕਾਉਣ ਵਾਲਾ ਇੱਕ ਪ੍ਰੇਰਕ-ਸੰਦੇਸ਼, ਇੱਕ ਵਾਦ

ਤੂਫਾਨੀ ਮੌਸਮ ਆਈ-ਪੈਡ ਜਿਹੀ ਕਿਸਮ ਦਾ ਦਿਨ
- ਜੌਹੰਨੀ ਬਾਰੰਸਕੀ, ਅਮਰੀਕਾ; ਅ ਹੰਡਰਡ ਗੋਰਡਜ਼, ਸਤੰਬਰ 2013  

ਇੱਕ ਤੂਫ਼ਾਨ ਵਾਲਾ ਦਿਨ ਹੈ, ਅਜਿਹੇ ਸਮੇਂ, ਕਵੀ ਦੇ ਖ਼ਿਆਲ ਵਿੱਚ ਮੈੱਕਇਨਟੋਸ਼ ਦੇ ਆਈ-ਪੈਡ 'ਤੇ ਖੇਲ੍ਹ ਕੇ ਗੁਜ਼ਾਰਨਾ ਚਾਹਿਦਾ ਹੈ। ਇਸ ਵਿੱਚ ਵਿਆਖਿਆ ਯੋਗ ਕੀ ਹੈ। ਬਾਰੰਸਕੀ ਦੀ ਕਵਿਤਾ ਚੇਤੇ ਰਹਿਣਯੋਗ ਨਹੀਂ ਹੈ। ਇਹ ਪਾਠਕ ਨੂੰ ਕੁਦਰਤ ਦੀ ਸ੍ਰਿਜਣਾਤਮਿਕ ਤਾਕ਼ਤ ਬਾਰੇ ਕੁਝ ਨਹੀਂ ਦੱਸਦੀ। ਭਾਵੇਂ ਇਸ ਵਿੱਚ ਕੁਦਰਤ ਦੇ ਇੱਕ ਪੱਖ ਦਾ ਵਰਣਨ ਹੈ ਪਰ ਇਹ ਮਨੁੱਖਾ-ਕੇਂਦ੍ਰਿਤ ਕਵਿਤਾ ਹੈ, ਕਵੀ ਦਾ ਖ਼ਰਾਬ ਮੌਸਮ ਪ੍ਰਤੀ ਪ੍ਰਤੀਕਰਮ।

ਕਿਰਾਨੇ ਦੀ ਖ਼ਰੀਦਦਾਰੀ
ਖਰੀਦਣ ਵਾਲੀ ਰੇੜੀ ਤੇਜ਼ ਭਜਾਵਾਂ
ਮਾਂਹਵਾਰੀ ਵਾਲੇ ਉਤਪਾਦਨਾਂ ਕੋਲੋਂ
- ਮਾਈਕਲ ਡਿਲੇਨ ਵੇਲਸ਼; ਅਮਰੀਕਾ, ਕਾਰ ਵਾਨ ਡੇਨ ਹਿਊਵੇਲ ਦੀ ਦ ਹਾਇਕੂ ਐਨਥੋਲੋਗੀ 

ਹਾਇਕੂ ਦੇ ਇਸ ਸੰਕਲਨ ਵਿੱਚ ਸ਼ਾਮਿਲ ਵੇਲਸ਼ ਦੀ ਕਵਿਤਾ ਅਸਲ ਵਿੱਚ ਸੇਨ੍ਰ੍ਯੁ ਹੈ, ਤੇ ਉਹ ਵੀ ਕੋਈ ਵਧਿਆ ਨਹੀਂ। ਇਹ ਮਸਖਰੇ ਦੀ ਜੁਗਤ ਵਰਗਾ ਹੀ ਹੈ। ਇਸ ਵਿੱਚ ਕੋਈ ਰਹੱਸ ਨਹੀਂ ਹੈ, ਵਿਆਖਿਆਯੋਗ ਕੁਝ ਨਹੀਂ, ਜ਼ੌਕਾ ਦਾ ਕੋਈ ਥਹੁ ਪਤਾ ਨਹੀਂ ਮਿਲਦਾ, ਇਹ ਕਵਿਤਾ ਉਹੋ ਪ੍ਰਗਟਾ ਰਹੀ ਹੈ ਜੋ ਮੈਂ ਅਤੇ ਮੇਰੇ ਕਈ ਮਿਤ੍ਰਾਂ ਨੇ ਮਹਿਸੂਸ ਕੀਤਾ, ਸਕੂਲ ਪੜ੍ਹਨ ਦੀ ਉਮਰੇ: kortex ( ਮਹਿਲਾਵਾਂ ਲਈ ਉਤਪਾਦਨ ) ਵਾਲੇ ਗਲਿਆਰੇ ਵਿਚੀਂ ਲੰਘਣ ਤੋਂ ਬਚੋ।

ਟੁੰਡਰਾ
- ਕਾਰ ਵਾਨ ਡੇਨ ਹਿਊਵੇਲ ਦਾ ਇੱਕ-ਸ਼ਬਦਾ-ਹਾਇਕੂ, ਅਮਰੀਕਾ 

ਹੁਣ ਮਾਈਕਲ ਡੀਲੇਨ ਵੇਲਸ਼ ਦੀ ਇਸ ਇੱਕ-ਸ਼ਬਦੀ "ਤਥਾਕਥਿਤ" ਹਾਇਕੂ ਬਾਰੇ ਮਨੌਤ ਸੁਣੋ:


"ਇਹ ਅਤਿ ਮਹੱਤਪੂਰਨ ਹੈ ਕਿ ਇਸਨੂੰ ਵਿਚਕਾਰ ਲਿਖਕੇ ਬਾਕੀ ਸਾਰਾ ਪੰਨਾ ਖ਼ਾਲੀ ਛੱਡ ਦਿੱਤਾ ਜਾਵੇ, ਤਾਂ ਜੋ ਇਸਦੇ ਗਿਰਦ ਖ਼ਾਲੀ ਥਾਂ ਵੀ ਕਵਿਤਾ ਦਾ ਹੀ ਹਿੱਸਾ ਹੋਵੇ। ਮੈਨੂੰ ਇਹ ਬਸੰਤ ਰੁੱਤ ਦਾ ਹਾਇਕੂ ਲੱਗਦਾ ਹੈ, ਜਦੋਂ ਇੱਕ ਚਟਾਨ ਬਰਫ਼ ਪਿਘਲਣ ਤੋਂ ਬਾਅਦ ਪਹਿਲਾਂ-ਪਹਿਲ ਦਿਖਾਈ ਦੇਣਾ ਸ਼ੁਰੂ ਕਰਦੀ ਹੈ। ਅਸੀਂ ਵੀਰਾਨ ਜਾਪਦੇ ਵਿਸ਼ਾਲ ਟੁੰਡਰਾ ਖੇਤਰ ਨੂੰ ਵੇਖਦੇ ਹਾਂ, ਅਤੇ ਅੰਦਰ-ਖ਼ਾਤੇ ਜਾਂਦੇ ਭੀ ਹਾਂ ਕਿ ਟੁੰਡਰਾ ਖੇਤਰ ਅਸਲ ਵਿੱਚ ਵੀਰਾਨਾ ਨਹੀਂ ਹੈ - ਸਿਰਫ਼ ਪੈਮਾਨੇ ਵਖਰੇ ਹਨ, ਇੱਕੋ ਸਮੇਂ ਛੋਟੇ ਅਤੇ ਵੱਡੇ ਦੋਵੇਂ ਇੱਕੋ ਘੇਰੇ ਵਿੱਚ ਸਮੇਟੇ ਜਾਂਦੇ ਹਨ। ਇਸੇ ਤਰੀਕੇ ਨਾਲ ਹਰ ਇਕੱਲਾ ਸ਼ਬਦ ਕਵਿਤਾ ਅਖਵਾਉਣ ਦੇ ਕ਼ਾਬਿਲ ਨਹੀ ਹੋ ਸਕਦਾ, ਪਰ ਇਹ - ਹੈ। ਮੈਨੂੰ ਖ਼ੁਸ਼ੀ ਹੈ ਕਿ ਇਸ ਕਵਿਤਾ ਨੂੰ ਨਵੇਂ ਹਾਇਕੂ ਸੰਕਲਨ "ਹਾਇਕੂ ਇਨ ਇੰਗਲਿਸ਼" ਵਿੱਚ ਸ਼ਾਮਿਲ ਕੀਤਾ ਗਿਆ ਹੈ, ਜੋ ਹਾਲ ਹੀ ਵਿੱਚ ਨੋਰਟਣ ਦੁਆਰਾ ਪਬਲਿਸ਼ ਕੀਤੀ ਗਈ ਹੈ।"

ਕਿਸੇ ਇੱਕ ਸ਼ਬਦ ਨੂੰ ਕਵਿਤਾ ਵੀ ਨਹੀਂ ਕਿਹਾ ਜਾ ਸਕਦਾ, ਹਾਇਕੂ-ਕਾਵਿ ਤਾਂ ਬਿਲਕੁਲ ਨਹੀਂ। ਇਥੇ ਕੋਈ ਮੀਟਰ/ਮਾਤ੍ਰਾਵਾਂ ਨਹੀਂ, ਕੋਈ ਸਮਦੇਸ਼ੀ-ਨਿਕਟਤਾ ਨਹੀਂ, ਮਹਿਜ਼ ਇੱਕੋ ਸ਼ਬਦ, ਜਿਸਨੂੰ ਕੋਈ ਭੰਗ ਦੇ ਨਸ਼ੇ ਵਿੱਚ ਚੂਰ ਹੋ ਕੇ ਆਈ ਲੋਰ ਕਰਕੇ ਹੀ ਇਸਦੇ ਕਵਿਤਾ ਹੋਣ ਦਾ ਜਾਹਲੀ ਇਲਹਾਮ ਹੋ ਸਕਦਾ ਹੈ। ਵੇਲਸ਼ ਦੇ ਤਰਕ-ਵਿਧਾਨ ਨੂੰ ਬਹੁਤ ਸਾਰੀ ਨਿਰੋਲ ਕਲਪਨਾ ਦਾ ਇਸਤੇਮਾਲ ਕਰਦਿਆਂ, ਆਧਾਰਹੀਣ ਦਲੀਲਾਂ ਵਰਤ ਕੇ ਕੋਈ ਸ਼ਬਦਕੋਸ਼ ਨੂੰ ਹਾਇਕੂ ਸੰਕਲਨ ਆਖ ਸਕਦਾ ਹੈ। ਇਹ ਤਥਾਕਥਿਤ ਕਵਿਤਾ ਮੁਖਧਾਰਾ ਦੇ  ਸਾਹਿਤ ਵਿਸ਼ੇ ਦੇ ਕਿਸੇ ਪੜ੍ਹਨ-ਕਮਰੇ ਵਿੱਚ ਸੰਜੀਦਾ ਆਲੋਚਨਾ ਸਾਹਮਣੇ ਪਲ ਭਰ ਵੀ ਟਿਕ ਨਹੀਂ ਸਕੇਗੀ। ਇਸੇ ਤਾਰਕਿਕ ਪੈਂਤੜੇ 'ਤੇ ਚਲਦਿਆਂ ਵੇਲਸ਼ ਦੇ ਦੋ-ਸ਼ਬਦੀ ਜੋੜ ਵਾ  ਹਾਇਕੂ ਤਾਂ ਕੀ ਇੱਕ ਅਣ-ਕਵਿਤਾ ਸਗੋਂ ਕਵਿਤਾ ਦਾ ਵਿਲੋਮ ਸੁਣੋ :

ਬੱਚਾ-ਬੱਘੀ ( baby-cariage )
baby        ਬੱਚਾ
car          ਕਾਰ
i              ਮੈਂ
age          ਬੁੱਢਾ ਹੋਵਾਂ
- ਮਾਈਕਲ ਡੀਲੇਨ ਵੇਲਸ਼; ਨਿਸਕ਼ੁਆਲੀ ਡੈਲਟਾ ਰੀਵਿਊ 

ਸੰਜੀਦਗੀ ਨਾਲ ਲੈਣ ਵਾਲੀ ਕਵਿਤਾ?

ਭਵਿੱਖ ਤੋਂ
ਆਈ ਹਵਾ, ਜਿਸ
ਤਾਰ ਤਾਰ ਕੀਤਾ ਆਬਸ਼ਾਰ
- ਬਨ'ਯਾ ਨਾਟਸੁਇਸ਼ੀ; ਵਰਲਡ ਹਾਇਕੂ ਐਸੋਸੀਏਸ਼ਨ, ਜਾਪਾਨ

ਇਹ ਇੱਕ ਪੜ-ਯਥਾਰਥਿਕ, ਅਸਪਸ਼ਟ ਕਵਿਤਾ ਹੈ। ਭਵਿੱਖ ਇਹੋ ਹੈ - ਭਵਿੱਖ। ਇਹ ਅਜੇ ਹੋਇਆ ਨਹੀਂ ਤੇ ਸ਼ਾਇਦ ਹੋਵੇ ਵੀ ਨਾ। ਕੁਦਰਤ ਵਿੱਚ ਉਥੱਲ-ਪੁਥੱਲ ਇਕ ਨਿਰੰਤਰ ਵਰਤਾਰਾ ਹੈ। ਕੁਝ ਵੀ ਨਿਸ਼ਚਿਤ ਨਹੀਂ, ਸਭ ਗਤੀਮਾਨ ਹੈ। ਪਾਠਕ ਨੂੰ ਕੋਈ ਇਲਮ ਨਹੀਂ ਹੈ ਕਿ ਨਾਤਸੁਇਸ਼ੀ ਦਾ ਇਸ਼ਾਰਾ ਕਿਧਰ ਨੂੰ ਹੈ ਅਤੇ ਕਵਿਤਾ ਦਾ ਧੁਰਾ ਕੀ ਹੈ। ਮਾਤਸੁਓ ਬਾਸ਼ੋ ਚਾਹੁੰਦਾ ਸੀ ਕਿ ਹੋੱਕੂ ਦੀ ਪਹੁੰਚ ਆਵਾਮ ਤੱਕ ਹੋਵੇ। ਇਸ ਕਵਿਤਾ ਦੀ ਪਹੁੰਚ ਉਹਨਾਂ ਤੱਕ ਹੀ ਸੀਮਤ ਹੈ ਜੋ ਕਵੀ ਦੀ ਖੋਪੜੀ ਦੀ ਬਣਤਰ ਸਮਝਦੇ ਹਨ। ਇਹ ਦਿਲਚਸਪੀ ਤੋਂ ਖ਼ਾਲੀ ਨਹੀਂ ਕਿ Amazon.com ਦੇ ਜਿਸ ਹਿੱਸੇ 'ਤੇ ਨਾਟਸੁਇਸ਼ੀ ਆਪਣੀ ਨਵੀਂ ਕਿਤਾਬ ਕਾਲਾ ਪੱਤਾ ਵੇਚ ਰਿਹਾ ਹੈ ਉਥੇ ਉਸਨੇ ਇਸ਼ਤਿਹਾਰ ਨੂੰ ਇਹ ਕਹਿਣ ਦੀ ਖੁੱਲ੍ਹ ਦੇ ਰਖੀ ਹੈ, "ਪ੍ਰਾਚੀਨ ਉਸਤਾਦ ਹਾਇਕੂ ਲੇਖਕ ਮਾਤਸੁਓ ਬਾਸ਼ੋ ਤੋਂ ਬਾਅਦ ਨਾਟਸੁਇਸ਼ੀ ਮਹਾਨਤਮ ਉਸਤਾਦ ਹਾਇਕੂ ਕਵੀ ਹੈ।" ਹਾਹੋ! ਸ਼ਾਇਦ ਉਸਦੇ ਸੁਪਨਿਆਂ ਵਿੱਚ।  

ਗਰਭਵਤੀ ਬਿੱਲੀ,
ਆਮ ਨਾਲੋਂ ਵੱਧ ਚੌਕਸ,
ਸੜਕ ਪਾਰ ਕਰਦਿਆਂ
- ਗਿੱਲਿਸ ਫ਼ਾਬ੍ਰ; ਆਇਰਲੈਂਡ, ਵਰਲਡ ਹਾਇਕੂ ਐਸੋਸੀਏਸ਼ਨ

ਇੱਕ ਗਰਭਵਤੀ ਬਿੱਲੀ ਚੌਕਸੀ ਨਾਲ ਸੜਕ ਪਾਰ ਕਰ ਰਹੀ ਹੈ। ਕੋਈ ਇਲਹਾਮੀ ਗੱਲ ਨਹੀਂ, ਵਿਆਖਿਆ ਕਰਨ ਨੂੰ ਕੁਝ ਨਹੀਂ, ਚੇਤੇ ਰੱਖਣ ਯੋਗ ਕੁਝ ਨਹੀਂ। ਇਹ ਸਿਰਫ਼ ਪੇਖਣ/ਬਿਆਨ ਹੈ ਜੋ ਇੱਕ ਗਰਭਵਤੀ ਬਿੱਲੀ ਦੀ ਫੋਟੋ ਲਈ ਕਾਫੀ ਢੁਕਵਾਂ ਹੈ।

ਚੈਰੀ ਫੁੱਲਾਂ ਦਾ ਮੀਂਹ
ਹੰਝੂਆਂ ਨਾਲ ਧੋਤਾ ਗਿਆ
ਉਸਦਾ ਪ੍ਰੋਮ ( ਸਕੂਲੀ ਵਿਦਾਇਗੀ-ਫੰਕਸ਼ਨ )ਲਈ ਕੀਤਾ ਸ਼ੰਗਾਰ 
- ਰੈਂਡੀ ਬਰੁੱਕਸ; ਇਲਾਨੋਏ, ਅਮਰੀਕਾ

ਚੈਰੀ ਫੁੱਲਾਂ ਦਾ ਮੀਂਹ: ਪਹਿਲੀ ਸਤਰ ਨੂੰ ਦੂਜਿਆਂ ਦੋਵੇਂ ਸਤਰਾਂ ਦਰਸਾਉਣ ਲਈ ਵਰਤਿਆ ਹੈ। ਇੱਕ ਕਿਸ਼ੋਰੀ ਰੋ ਰਹੀ ਹੈ। ਕਿਉਂ, ਪਾਠਕ ਨੂੰ ਨਹੀਂ ਦੱਸਿਆ। ਕਵਿਤਾ ਦਾ ਧੁਰਾ ਉਸਦਾ ਰੋਣਾ ਹੀ ਹੈ। ਇਸਤੋਂ ਸਾਨੂੰ ਕੁਦਰਤ ਦੀ ਸ੍ਰਿਜਨਾਤਮਿਕ ਸ਼ਕਤੀ ਦਾ ਕੁਝ ਪਤਾ ਨਹੀਂ ਲੱਗਦਾ। ਇਹ ਮਨੁੱਖਾ-ਕੇਂਦ੍ਰਿਤ ਹੈ, ਬਿੰਬ-ਸਿਰਜਣਵਾਦ ਪ੍ਰੰਪਰਾ ਅਨੁਸਾਰੀ।

ਸੜਕ ਦਾ ਟੋਇਆ—ਮੈਂ ਮਿਲਾਂਗਾ ਵਾਦਾ ਰਿਹਾ
ਪਾਲ ਮਿੱਲਰ; ਬ੍ਰਿਸਲ, ਰੋਡ੍ਹ ਆਇਲੈਂਡ; ਫ੍ਰੌਗਪੌਂਡ 2012

ਦੋਵਾਂ ਸਤਰਾਂ ਦਾ ਆਪਸੀ ਸੰਬੰਧ ਸਪਸ਼ਟ ਨਹੀਂ ਹੈ। ਕੀ ਕਵੀ ਸੀਵਰੇਜ਼ ਵਾਲੇ ਟੋਏ ਨੂੰ ਮਿਲਣ ਦਾ ਵਾਇਦਾ ਕਰ ਰਿਹਾ ਹੈ? ਕੀ ਇਹ ਟੋਇਆ ਕਵੀ ਦੇ ਜੀਵਨ ਦੀ ਕਿਸੇ ਮੁਸ਼ਕਲ ਨੂੰ ਦਰਸਾਉਣ ਲਈ ਅਲੰਕਾਰ ਹੈ? ਦੋ ਸਤਰਾਂ ਵਿੱਚ ਇਕੱਠੇ ਕੀਤੇ ਇਹ ਸ਼ਬਦ ਸਾਨੂੰ ਕੁਦਰਤ ਬਾਰੇ ਕੁਝ ਵੀ ਨਹੀਂ ਦੱਸਦੇ, ਕੁਝ ਵੀ ਚੇਤੇ ਰੱਖਣ ਯੋਗ ਨਹੀਂ ਹੈ। ਕੇਂਦਰ-ਬਿੰਦੂ ਮਿਲਣ ਦਾ ਵਿਦਾ ਹੈ।

ਵਾਬੀ, ਸਾਬੀ, ਮਾਕੋਤੋ, ਯੁਗੇਨ, ਮਹਾਅ ? ਕਿੱਥੇ ਹਨ ਉਹ ਸੁਹਜਾਤਮਿਕ ਔਜ਼ਾਰ ( ਅਦਾਵਾਂ ) ਜਿਨ੍ਹਾਂ ਦਾ ਭਰਪੂਰ ਇਸਤੇਮਾਲ ਹੋੱਕੂ ਉਸਤਾਦਾਂ ਨੇ ਆਪਣੀਆਂ ਲਿਖਤਾਂ ਵਿੱਚ ਕੀਤਾ? ਕੀ ਇਹਨਾਂ ਨੂੰ ਪੱਛਮੀ ਸੁਹਜ ਦੇ ਜੋਟੀਦਾਰ ਜਰਮਨ-ਆਧਾਰਿਤ ਵਿਸ਼ਵਵਿਦਿਆਲੇ ਸਿਸਟਮ ਦੁਆਰਾ ਹਟਾ ਦਿੱਤਾ ਗਿਆ ਅਤੇ ਜਿਸ ਨਾਲ ਇਸ ਦਾਵੇ ਤੇ ਮੋਹਰ ਲੱਗਦੀ ਹੈ ਕਿ ਹਾਇਕੂ, ਹੋੱਕੂ ਦਾ ਸੁਧਰਿਆ ਰੂਪ ਜਾਂ ਬਦਲ ਨਹੀਂ ਹੈ, ਸਗੋਂ, ਇਹ ਹੈ ਇੱਕ ਐਸਾ ਯੂਰਪੀਨ ਆਯਾਤ ਹੈ ਜੋ ਉਸੇ ਚੀਜ਼ ਨਾਲ ਸਮਤਾ ਦਿਖਾਉਣ ਦੇ ਤਾਣੇ ਤਣ ਰਿਹਾ ਹੈ ਜਿਸਦੇ ਸੁਧਾਰ ਦਾ ਇਹ ਦਮ ਭਰਦਾ ਹੈ?

ਇੱਕ ਧਾਗਾ
ਜੁੱਤੀ ਦੇ ਪੁਰਾਣੇ, ਉੱਧੜੇ ਫੀਤੇ ਦਾ
ਪਾਰ ਲੰਘਿਆ
- ਹੈਰੋਲਡ ਸਟੀਵਨਸਨ; ਕੈਲੀਫੋਰਨਿਆ, ਅਮਰੀਕਾ  

ਸਟੀਵਨਸਨ ਦੀ ਲਿਖਤ ਨਾ ਹਾਇਕੂ ਹੈ ਨਾ ਕਵਿਤਾ, ਮਹਿਜ਼ ਇੱਕ ਅਧੂਰਾ ਵਾਕ:
ਇੱਕ ਧਾਗਾ ਜੁੱਤੀ ਦੇ ਪੁਰਾਣੇ, ਉੱਧੜੇ ਫੀਤੇ ਦਾ ਪਾਰ ਲੰਘਿਆ।

ਇੱਥੇ ਖੋਲ੍ਹਣ ਲਈ ਕੋਈ ਪਰਤਾਂ ਨਹੀਂ ਹਨ, "ਸਭ ਦੱਸ ਦਿੱਤਾ" ਹੈ। ਇਹ ਭਾਵੇਂ ਕਿਹੋ ਜਿਹਾ ਪ੍ਰਭਾਵ ਸਿਰਜੇ ( ਕਾਰ ਵਾਨ ਡੇਨ ਹਿਊਵੇਲ ਆਧੁਨਿਕ ਹਾਇਕੂ: ਅਮਰੀਕੀ ਹਾਇਕੂ ਦਾ ਭਵਿੱਖ; ਪੱਤਝੜ੍ਹ 2003 ਦੇ ਆਪਣੇ ਲੇਖ ਵਿੱਚ ਇਸਨੂੰ ਇੱਕ ਮਿਸਾਲੀ ਹਾਇਕੂ ਲਈ ਇੱਕ ਉਦਾਹਰਣ ਵਜੋਂ ਪੇਸ਼ ਕਰਦਾ ਹੈ। ), ਇਸ ਵਿੱਚ ਰੂਪ, ਮੀਟਰ, ਜਾਨ ਕੇਂਦਰ-ਬਿੰਦੂ ਪੱਖੋਂ ਅਜਿਹਾ ਕੁਝ ਨਹੀਂ ਜੋ ਇਸਤੇ ਹਾਇਕੂ ਦਾ ਫੱਟਾ ਲਾਉਣ ਯੋਗ ਬਣਾਵੇ। ਅਜਿਹਾ ਕਰਨਾ ਤਾਂ ਇਹੋ ਸੇਧ ਦਿੰਦਾ ਹੈ ਕਿ ਕੋਈ ਵੀ ਅਧੂਰਾ ਵਾਕ ਤਿੰਨ ਲਾਈਨਾਂ ਵਿੱਚ ਲਿੱਖ ਕੇ ਉਸ ਉੱਤੇ ਹਾਇਕੂ ਦਾ ਲੇਬਲ ਲਗਾਇਆ ਜਾ ਸਕਦਾ ਹੈ।  ਆਪਣਾ ਨੁਕਤਾ ਜ਼ਾਹਿਰ ਕਰਨ ਲਈ ਮੈਂ ਇੱਕ ਉਦਾਹਰਣ ਘੜ੍ਹੀ ਹੈ:

ਘਰੇ ਬਣਾਏ
ਪਤੰਗ ਦੀ ਪੂੰਛ
ਉੱਧੜੀ ਹੋਈ

ਕੀ ਇਹ ਕਵਿਤਾ ਹੈ? ਬਿਲਕੁਲ ਨਹੀਂ।

ਚੋਟੀ ਵਾਲੇ ਦਰਖ਼ਤ 'ਤੇ
ਮੇਰਾ ਥੱਕਿਆ ਕੁੱਤਾ ਲੱਤ ਚੁੱਕੇ;
ਸੁੱਕੀ ਉਪਚਾਰਿਕਤਾ 
- ਜੇਮਜ਼ ਡਬਲਯੂ. ਹੈਕੇੱਟ
ਦ ਹਾਇਕੂ ਐਂਡ ਜ਼ੇਨ ਵਰਲਡ ਆਵ ਜੇਮਜ਼ ਡਬਲਯੂ. ਹੈਕੇੱਟ

ਇਸ ਕਵਿਤਾ ਵਿੱਚ ਵਿਆਖਿਆ ਕਰਨ ਜੋਗਾ ਕੁਝ ਨਹੀਂ। ਇਹ ਵੀ ਇੱਕ ਮਸਖਰੇ ਦੀ ਚੁਸਤ ਜੁਗਤ ਹੈ, ਇਸਤੋਂ ਵੱਧ ਕੁਝ ਨਹੀਂ। ਇੱਕ ਬੁੱਢਾ ਕੁੱਤਾ ਆਦਤ ਮੂਜਬ ਦਰੱਖ਼ਤ ਕੋਲ ਆ ਕੇ ਲੱਤ ਚੁੱਕਦਾ ਹੈ।ਉਸਨੂੰ ਪਿਸ਼ਾਬ ਨਹੀਂ ਆਉਂਦਾ। ਕੀ ਇਹ ਸਾਹਿਤ ਹੈ ਜਿਸਨੂੰ ਯਾਦ ਰੱਖਿਆ ਜਾਵੇ, ਜਿਸਤੋਂ ਸੇਧ ਲਈ ਜਾਵੇ, ਮਿਸਾਲ ਦੇ ਤੌਰ 'ਤੇ ਜਮਾਤਾਂ ਅੰਦਰ ਪੜ੍ਹਾਇਆ ਜਾਵੇ।

ਇੱਕ ਕਾਮੇ
ਦੀ ਤੀਲੀਆਂ ਵਾਲੀ ਟੋਪੀ 'ਤੇ
ਪੰਖੇਰੂਆਂ ਦਾ ਹੱਲਾ
- ਤਾਤੇਓ ਫੁਕੁਤੋਮੀ; WHA, ਜਾਪਾਨ

ਪਾਠਕਾਂ ਨੂੰ ਇਹ ਦੱਸਣਾ ਕਿ ਇੱਕ ਕਾਮੇ ਬੰਦੇ ਦੀ ਤੀਲਿਆਂ ਵਾਲੀ ਟੋਪੀ 'ਤੇ ਪੰਛੀਆਂ ਨੇ ਧਾਵਾ ਬੋਲ ਦਿੱਤਾ, ਇੱਕ "ਸਭ-ਕੁਝ ਦੱਸਦਾ" ਬਿਆਨ ਹੈ। ਹੁਣ ਇੰਨੀ ਕੁ ਗੱਲ ਸਮਝਣ ਲਈ ਕਿਸੇ ਦਾ ਪੁਲਾੜ ਵਿਗਿਆਨੀ ਜਿੱਡੀ ਸਮਝ ਦਾ ਹੀ ਹੋਣਾ ਜ਼ਰੂਰੀ ਨਹੀਂ ਕਿ ਇਹ ਪੰਛੀ ( ਕਵਿਤਾ ਵਿੱਚ ਅਬਾਬੀਲ ) ਅਸਲ ਵਿੱਚ ਉਸ ਕਾਮੇ 'ਤੇ ਹਲ੍ਲਾ ਨਹੀਂ ਬੋਲ ਰਹੇ ਸਗੋਂ ਆਪਣੇ ਆਲ੍ਹਣੇ ਬਣਾਉਣ ਲਈ ਤੀਲਿਆਂ ਦੀ ਭਾਲ ਵਿੱਚ ਹਨ, ਜਿਸ ਲਈ ਉਹ ਮਿੱਟੀ, ਥੁੱਕ ਅਤੇ ਤੀਲਿਆਂ ਦਾ ਇਸਤੇਮਾਲ ਕਰਦੇ ਹਨ। ਇਹ ਇੱਕ ਵਾਕ ਹੈ, ਕੋਈ ਕਵਿਤਾ ਨਹੀਂ। ਇਸ ਨਾਲ ਕੋਈ ਗੁਝੀਆਂ ਪਰਤਾਂ ਨਹੀਂ ਖੁੱਲਦੀਆਂ। ਇਹ ਸ਼ਾਸੇਈ ਕਿਸਮ ਦਾ ਸ਼ਬਦਈ ਖ਼ਾਕਾ ਹੈ। ਕਲਾ ਵਿੱਚ, ਖ਼ਾਕਾ ਅਤੇ ਪੇਂਟਿੰਗ ਦੋ ਵੱਖਰੀਆਂ ਚੀਜ਼ਾਂ ਹਨ। ਅਕਸਰ, ਪੇਂਟਿੰਗ ਤੋਂ ਪਹਿਲਾਂ ਖ਼ਾਕਾ ਬਣਾਇਆ ਜਾਂਦਾ ਹੈ।

ਉੱਪਰ ਵਿਚਾਰੇ ਗਏ ਹਾਇਕੂ ਅਤੇ ਇੱਸਾ, ਦੋਹੋ, ਬੂਸੋਂ, ਬਾਸ਼ੋ ਦੀ ਕਲਾ ਜੋ ਉਹਨਾਂ ਹੋੱਕੂ ਜ਼ਰੀਏ ਜੱਗ ਨਾਲ ਸਾਂਝੀ ਕੀਤੀ ਵਿੱਚ ਕੀ ਸਮਾਨਤਾਵਾਂ ਹਨ? ਕੀ ਉੱਪਰਲੀਆਂ ਉਦਾਹਰਣਾਂ ਨੂੰ ਵਾਜਬ ਸਾਹਿਤ ਵਜੋਂ ਸੰਜੀਦਗੀ ਨਾਲ ਲਿਆ ਜਾ ਸਕਦਾ ਹੈ? ਕੀ ਇਹ ਚੇਤਿਆਂ ਵਿੱਚ ਸਮਾਉਣ ਯੋਗ ਹਨ? ਕੀ ਇਹਨਾਂ ਵਿੱਚ ਉਹ ਪ੍ਰਾਣ ਉਹ ਗਹਿਰਾਈ ਹੈ ਜੋ ਸ਼ੀਕੀ ਜੋ ਬਾਸ਼ੋ ਦੇ ਦੇਵਤਾ ਬਣਾ ਕੇ ਪੇਸ਼ ਕੀਤੇ ਜਾਣ ਤੋਂ ਪਹਿਲਾਂ ਦੇ ਪੂਰਬ-ਸ਼ੀਕੀ ਕਾਲ ਵਾਲੇ ਹੋੱਕੂ ਵਿੱਚ ਮੌਜੂਦ ਸੀ? ਕੀ ਇਹ ਕਿਸੇ ਸਾਂਝੇ ਸੂਤਰ ਨਾਲ ਪਿਰੋਏ ਹੋਏ ਹਨ? ਕੀ ਇਹ ਕਿਸੇ ਵਿਧਾ-ਵਿਸ਼ੇਸ਼ ਦੇ ਅੰਤਰਗਤ ਆਉਂਦੇ ਹਨ?

ਕੀ ਇਹ ਮਾਤਸੁਓ ਬਾਸ਼ੋ ਦੀ ਸਿਖਿਆ ਦੇ ਕੇਂਦਰੀ ਨੁਕਤੇ ਨੂੰ ਕਲਾਵੇ ਵਿੱਚ ਲੈਂਦੇ ਹਨ:

"ਸੈਗ੍ਯੋ ਦਾ ਵਾਕਾ, ਸੋਗੀ ਦਾ ਰੇਂਗਾ, ਸੇਸਸ਼ੁ ਦੀ ਚਿਤ੍ਰਕਾਰੀ ਰਿਕ੍ਯੁ ਦਾ ਚਾਹ-ਸਮਾਗਮ – ਇਹ ਸਭ ਕਲਾ ਮਾਰਗ ਇੱਕੋ ਸੂਤਰ ਵਿਚ ਪਰੋਏ ਹੋਏ ਹਨ। ਅਤੇ ਇਹਨਾ ਦੇ ਸੁਹਜ ਦੀ ਰੂਹ ਇੱਕੋ ਹੈ – ਸ੍ਰਿਜਣਾਤਮਿਕ ( ਜ਼ੌਕਾ ) ਦੇ ਅਨੁਆਈ ਹੋਣਾ, ਚੌਹਾਂ ਰੁਤਾਂ ਦੇ ਪਲਟਣ ਦੇ ਸਾਕਸ਼ੀ ਹੋਣਾ, ਗਵਾਹ ਮਾਤ੍ਰ। ਅਜਿਹਾ ਕੁਝ ਵੀ ਨਹੀਂ ਹੈ ਜੋ ਫੁੱਲ ਨਹੀਂ ਹੈ, ਐਸਾ ਕੁਝ ਵੀ ਤਸੱਵਰ ਨਹੀਂ ਕੀਤਾ ਜਾ ਸਕਦਾ ਜੋ ਚੰਦ੍ਰਮਾ ਨਹੀਂ। ਜੇ ਹਰ ਦੇਖੀ ਸ਼ੈਅ ਫੁੱਲ ਨਹੀਂ ਤਾਂ ਉਹ ਵਿਅਕਤੀ ਇੱਕ ਜਾਂਗਲੀ ਹੈ, ਜੇ ਹਰ ਤਸੱਵਰ ਕੀਤੀ ਸ਼ੈਅ ਚੰਨ ਨਹੀਂ ਤਾਂ ਐਸਾ ਵਿਅਕਤੀ ਅਸਲ ਖ਼ਰ ਹੈ। ਇਸ ਜਾਂਗਲੀਪੁਣੇ ਤੋ ਵਿਦਾ ਲਵੋ, ਇਸ ਪਸ਼ੂ ਨਾਲੋਂ ਨਾਤਾ ਤੋੜ੍ਹ ਲਵੋ, ਇਸ ਸ੍ਰਿਜਣਾਤਮਿਕ ( ਜ਼ੌਕਾ ) ਦੇ ਅਨੁਆਈ ਹੋਵੋ, ਇਸ ਸ੍ਰਿਜਣਾਤਮਿਕ ( ਜ਼ੌਕਾ ) ਵਲ ਪਰਤ ਆਵੋ।"
ਅਤੇ/ਜਾਂ:

"ਚੀੜ ਨੂੰ ਜਾਨਣਾ ਹੈ ਤਾਂ ਚੀੜ ਦੇ ਦਰੱਖਤ ਤੋਂ ਪੁੱਛ ਅਤੇ ਬਾਂਸ ਨੂੰ ਜਾਨਣਾ ਹੈ ਤਾਂ ਪੁੱਛ ਬਾਂਸ ਤੋਂ – ਇੰਝ ਕਰਦਿਆਂ, ਕਵੀ ਨੂੰ ਆਪਣਾ ਮਨ ਆਪਨੇ ਨਿੱਜ ਤੋਂ ਆਜ਼ਾਦ ਕਰ ਲੈਣਾ ਚਾਹੀਦਾ ਹੈ। ਇੱਕ ਕਵੀ ਨੂੰ ਆਪਣੇ ਮਨ ਤੋ ਆਪਣਾ ਪਿੱਛਾ ਛੁਡਾ ਕੇ ਤਟਸਥ ਹੋ ਕੇ ਜਾਣਾ ਚਾਹੀਦਾ ਹੈ। ਨਹੀਂ ਤਾਂ ਤੁਸੀਂ ਦ੍ਰਿਸ਼ 'ਤੇ ਭਾਰੀ ਹੋ ਜਾਵੋਂਗੇ ਅਤੇ ਕੁਝ ਵੀ ਸਿੱਖ ਨਹੀਂ ਸਕੋਂਗੇ। ਜਦੋਂ ਦਰਿਸ਼ ਆਏ ਦ੍ਰਸ਼ਟਾ ਇੱਕ ਹੀ ਹੋ ਜਾਵਣ ਤਾਂ ਉਦੋਂ ਕਵਿਤਾ ਤੁਹਾਡੇ ਅੰਦਰੋਂ ਆਪ ਮੁਹਾਰੇ ਹੀ ਫੁੱਟ ਤੁਰਦੀ ਹੈ - ਜਦ ਤੁਹਾਡੀ ਮਾਰੀ ਚੁੱਭੀ ਸਦਕਾ ਤੁਸੀਂ ਦ੍ਰਿਸ਼ ਡੂੰਘਾ ਉੱਤਰ ਜਾਂਦੇ ਹੋ ਤਾਂ ਤੁਹਾਨੂੰ ਉਸ ਅਦਿੱਖ ਦਾ ਝਲਕਾਰਾ ਪੈਂਦਾ ਹੈ ਜੋ ਹੁਣ ਤੱਕ ਛੁਪਿਆ ਹੀ ਪਿਆ ਸੀ। ਭਾਵੇਂ ਤੁਹਾਡੀ ਕਵਿਤਾ ਕਿੰਨੀ ਵੀ ਵਾਕ ਚੁਤਰਾਈ ਨਾਲ ਭਰੀ ਅਤੇ ਵਿਆਕਾਰਣ ਦੇ ਅਨੁਸਾਰੀ ਹੀ ਕਿਉਂ ਨਾ ਹੋਵੇ, ਪਰ ਜੇ ਤੁਹਾਡੀ ਅਹਿਸਾਸ ਸੁਤੇ-ਸਿੱਧ ਅਤੇ ਸੁਭਾਵਿਕ ਨਹੀਂ - ਜੇ ਤੁਹਾਡੇ ਅਤੇ ਦ੍ਰਿਸ਼ ਦਰਮਿਆਨ ਅਜੇ ਵੀ ਵਿੱਥ ਬਣੀ ਹੋਈ ਹੈ - ਤਾਂ ਤੁਹਾਡੀ ਕਵਿਤਾ ਨੂੰ ਅਸਲ ਕਵਿਤਾ ਨਹੀਂ ਕਿਹਾ ਜਾ ਸਕਦਾ, ਤਦ ਇਹ ਸਿਰਫ਼ ਤੁਹਾਡੀ ਅੰਤਰਮੁਖੀ ਜਾਅਲਸਾਜ਼ੀ ਹੀ ਹੈ।"

ਕੀ ਜ਼ੌਕਾ ਸਚਮੁਚ ਹੀ ਹੋੱਕੂ ਲਈ ਉਂਝ ਹੀ ਜ਼ਰੂਰੀ ਹੈ ਜਿਵੇਂ ਮਾਤਸੁਓ ਬਾਸ਼ੋ ਦਾਵਾ ਕਰਦਾ ਹੈ? ਤਦ ਕੀ ਇਹ ਇਸਦੇ ਪੁਨਰ-ਉਥਾਨ ਦਾ ਦਾਵਾ ਕਰਨ ਵਾਲੇ ਹਾਇਕੂ ਲਈ ਵੀ ਜ਼ਰੂਰੀ ਹੈ?

4 ਅਪ੍ਰੈਲ, 2011 ਨੂੰ ਸਿੰਪਲੀ ਹਾਇਕੂ ਲਈ ਮੈਂ ਲੇਖਕ ਅਤੇ ਅਨੁਵਾਦਿਕ ਡੇਵਿੱਡ ਲੈੰਡਿਸ ਬਾਰਨਿੱਲ ਨਾਲ ਜੋ ਇੰਟਰਵਿਊ ਕੀਤੀ ਉਸ ਵਿੱਚ ਉਸਨੇ ਇਹ ਸਪਸ਼ਟ ਕੀਤਾ ਕਿ ਜ਼ੌਕਾ ਕੀ ਹੈ ਅਤੇ ਕੀ ਨਹੀਂ ਹੈ। ਉਸਨੇ ਧਿਆਨ ਦਵਾਇਆ ਕਿ ਮੀਜੀ ਕਾਲ ਦੌਰਾਨ ਜਰਮਨ-ਆਧਾਰ ਵਾਲੇ ਵਿਸ਼ਵਵਿਦਿਆਲੇ ਸਿਸਟਮ ਨੂੰ ਅਪਣਾਉਣ ਤੋਂ ਪਹਿਲਾਂ ਦੀ ਜਾਪਾਨੀ ਭਾਸ਼ਾ ਅਨੁਸਾਰ ਜ਼ੌਕਾ ਨੂੰ ਕਿਸੇ ਤਰਾਂ ਵੀ ਕੁਦਰਤ ਵਜੋਂ ਪ੍ਰੀਭਾਸ਼ਿਤ ਨਹੀਂ ਸੀ ਕੀਤਾ ਜਾ ਸਕਦਾ, ਕਿ ਜ਼ੌਕਾ ਨੂੰ ਕੁਦਰਤ ਵਜੋਂ ਅਨੁਵਾਦ ਕਰਨਾ ਭਟਕਾਊ ਹੈ ਅਤੇ ਇੰਝ ਕੀਤਿਆਂ ਇਸ ਪਦ ਦੇ ਸਹੀ ਅਰਥ ਜ਼ਾਹਿਰ ਨਹੀਂ ਹੁੰਦੇ, ਕਿ ਕੁਦਰਤ ਦਾ ਅਜੋਕਾ ਖ਼ਿਆਲ ਇੱਕ ਸਭਿਚਾਰਿਕ ਘਾੜਤ ਹੈ।

"ਜ਼ੌਕਾ ਅਸਲ ਵਿੱਚ ਹੈ ਕੀ?", ਮੈਂ ਪ੍ਰੋਫੈਸਰ ਬਾਰਨਿੱਲ ਨੂੰ ਪੁੱਛਿਆ, "ਇਹ ਕੁਦਰਤ ਦੀ ਪੱਛਮੀ ਪ੍ਰੀਭਾਸ਼ਾ ਨਾਲੋਂ ਕਿਵੇਂ ਵੱਖਰਾ ਹੈ?" 

ਬਾਰਨਿੱਲ ਦਾ ਉੱਤਰ ਸੀ:
"ਸਾਧਾਰਣ ਤੌਰ 'ਤੇ, ਪੱਛਮ ਵਿੱਚ ਅਸੀਂ ਕੁਦਰਤ ਤੋਂ ਕੁਝ ਨਾਂਵ-ਸਮੂਹ ਦਾ ਅਰਥ ਲੈਂਦੇ ਹਾਂ: ਪੇੜ-ਪੌਦੇ, ਡੱਡੂ, ਚਟਾਨਾਂ, ਆਦਿ, ਆਦਿ। ਜਾਂ ਅਸੀਂ ਕਿਸੇ ਸਥਾਨ-ਵਿਸ਼ੇਸ਼ ਬਾਰੇ ਸੋਚਦੇ ਹਾਂ, ਜਿਵੇਂ ਜੰਗਲੀ ਇਲਾਕ਼ਾ। ਜ਼ੌਕਾ, ਜਿਸਨੂੰ ਮੈਂ ਸ੍ਰਿਜਨਾਤਮਿਕ ਵਜੋਂ ਅਨੁਵਾਦ ਕਰਦਾ ਹਾਂ, ਇਹਨਾਂ ਦੋਵਾਂ ਅਰਥਾਂ ਵਿੱਚ ਹੀ ਨਹੀਂ ਆਉਂਦਾ। ਇਹ ਕੁਦਰਤ ਦੀ ਉਹ ਜੀਵੰਤਤਾ ਅਤੇ ਸ੍ਰਿਜਨਾਤਮਿਕਤਾ ਹੈ, ਇਸਦੀ ਰੂਪਾਂਤਰਣ ਕਰਨ ਦੀ ਉਹ ਸਮਰੱਥਾ ਅਤੇ ਵਹਾਉ ਜੋ ਅਤਿ ਖ਼ੂਬਸੂਰਤ ਅਤੇ ਕ੍ਰਿਸ਼ਮਿਆਂ ਵਰਗੇ ਬਦਲਾਉ ਲਿਉਂਦੀ ਹੈ। ਇਹ ਕੋਈ ਸਥਾਨ ਜਾਂ ਨਾਂਵ-ਸਮੂਹ ਨਹੀਂ, ਨਾਂਹ ਹੀ ਕੁਝ ਕੁਦਰਤ ਤੋਂ ਬਾਹਰੀ ਚੀਜ਼ ਹੈ ਜੋ ਵਸਤਾਂ ਨੂੰ ਹੋਂਦ ਵਿੱਚ ਲਿਆਉਂਦੀ ਹੈ ਜਾਂ ਰੂਪ-ਬਦਲੀ ਕਰਦੀ ਹੈ—ਇਸ ਤਰਾਂ ਜੇ ਕਰਤਾ (ਕਾਦਿਰ ) ਦਾ ਅਨੁਵਾਦ ਵੀ ਉਤਨਾ ਹੀ ਭਟਕਾਊ ਹੈ। ਜ਼ੌਕਾ ਤਾਂ ਕੁਦਰਤੀ ਜਗਤ ਦੀ ਉਸ ਨਿਰੰਤਰ ਸਿਰਜਣਾ, ਪ੍ਰਤੀਪਲ ਆਪਣਾ ਰੂਪ ਤਬਦੀਲ ਕਰਨ ਦੀ ਸਮਰੱਥਾ ਦਾ ਨਾਮ ਹੈ।"

ਹੋੱਕੂ ਕਿਰਿਆ-ਮੁਖੀ ਹੈ ਜੋ ਕੋਟੋ ( ਹੋਵਣ-ਥੀਵਣ = becomingness ), ਚਲੰਤ-ਤਾ, ਜ਼ੌਕਾ ( ਕੁਦਰਤ ਦੀ ਸ੍ਰਿਜਨਾਤਮਿਕ ਸ਼ਕਤੀ ), ਅਤੇ ਬਾਹਰਮੁਖਤਾ ਉੱਤੇ ਕੇਂਦ੍ਰਿਤ ਹੈ। ਬਾਸ਼ੋ ਨੇ ਜਿਸ ਉੱਪਰ ਆਪਣਾ ਹੋੱਕੂ ਕੇਂਦ੍ਰਿਤ ਕੀਤਾ ਉਹ ਸੀ ਜ਼ੌਕਾ -  ਕੁਦਰਤ ਦੀ ਸ੍ਰਿਜਨਾਤਮਿਕ ਸ਼ਕਤੀ। ਉਸਦੇ ਲਈ ਕਾਵਿ ਜ਼ੌਕਾ ਤੋਂ ਸ਼ੁਰੂ ਹੁੰਦਾ ਸੀ ਅਤੇ ਜ਼ੌਕਾ 'ਤੇ ਹੀ ਖ਼ਤਮ। ਜ਼ੌਕਾ ਦਾ ਅਨੁਵਾਦ ਕੁਦਰਤ ਨਹੀਂ ਹੈ ਜਿਵੇਂ ਕਿ ਆਧੁਨਿਕ ਜਾਪਾਨੀ ਜ਼ੁਬਾਨ ਦੀ ਵਰਤੋ ਕਰਕੇ ਬਹੁਤਿਆਂ ਭੁਲੇਖਾ ਹੈ।

ਇਹ ਕੋਟੋ-ਕੇਂਦ੍ਰਿਤ ( Koto = ਥੀਵਣਾ, ਭਵਿਤ ਹੋਣਾ = ਕ੍ਰਿਆ ) ਹੈ, ਕੁਦਰਤ ਵਿੱਚ ਚੀਜ਼ਾਂ ਦੇ ਹੋਵਣ ਥੀਵਣ ਬਾਰੇ ਨਾਂਕਿ ਪਹਿਲੋਂ ਹੀ ਬਣ ਚੁੱਕੀਆਂ, ਮੋਨੋ ( mono = ਨਾਵਾਂ ) ਬਾਰੇ।  ਹੋੱਕੂ ਕਵੀ ਸਿਰਜਣਾ ਕਰਦਿਆਂ ਜ਼ੌਕਾ ਦੇ ਪੂਰਨਿਆਂ 'ਤੇ ਚਲਦੇ ਹੋਏ ਸਿਰਜਦੇ ਹਨ, ਉਸਨੂੰ ਘੜ੍ਹਦੇ ਹਨ ਜੋ ਨਿਰੰਤਰ ਬਣ ਰਿਹਾ ਹੈ, ਕਦੇ ਸਥਿਲ ਨਹੀਂ, ਕਦੇ ਸਥਾਈ ਨਹੀਂ ਹੈ, ਇੱਕ ਨਿਰੰਤਰ ਪ੍ਰਵਾਹ ਹੈ ਜਿਸ ਬਾਰੇ ਕੋਈ ਪੂਰਵ-ਅਨੁਮਾਨ ਨਹੀਂ ਕੀਤਾ ਜਾ ਸਕਦਾ। ਉਸਦੀ ਰਚਨਾ ਅਤੇ ਵਿਸ਼ਾ-ਵਸਤੂ ਅੰਤਰ-ਸੰਬੰਧਿਤ ਹਨ।

ਹੋੱਕੂ ਜਾਪਾਨੀ ਸੁਹਜ ਦੇ ਜਿਹਨਾਂ ਔਜ਼ਾਰਾਂ ਦਾ ਇਸਤੇਮਾਲ ਕਰਦਾ ਹੈ ਉਨ੍ਹਾਂ ਨੂੰ ਜਰਮਨ-ਆਧਾਰਿਤ ਵਿਸ਼ਵਵਿਦਿਆਲੇ ਚਿੱਤ ਨਾਲ ਨਾ ਤਾਂ ਪ੍ਰੀਭਾਸ਼ਿਤ ਕੀਤਾ ਜਾ ਸਕਦਾ ਹੈ ਨਾ ਹੀ ਸਮਝਿਆ ਜਾ ਸਕਦਾ ਹੈ: ਯੁਗੇਨ ( yugen = ਗਹਿਰਾਈ ਅਤੇ ਰਹੱਸ ), ਕੋਟੋਡਾਮਾ ( kotodama ( ਪ੍ਰਸਤੁੱਤੀਦੀ ਰੂਹ ), ਮਹਆ ( ਦੇਸ਼ ਅਤੇ ਕਾਲ ), ਅਤੇ ਹੋਰ ਹੋਰ ਬਹੁਤ ਸਾਰੀਆਂ ਅਜਿਹੀਆਂ ਅਦਾਵਾਂ ਜੋ ਬਾਸ਼ੋ ਦੇ ਦਿਨਾਂ ਦੀ ਜਾਪਾਨੀ ਭਾਸ਼ਾ ਵਿੱਚ ਸਹਿਜਗਿਆਨ ਅਤੇ ਅਪ੍ਰੀਭਾਸ਼ਿਤ ਰੂਪ ਵਿੱਚ ਹੀ ਮੌਜੂਦ ਸਨ। ਇਹ ਇਸੇ ਜਰਮਨ-ਆਧਾਰਿਤ ਵਿਸ਼ਵਵਿਦਿਆਲੇ ਸਿਸਟਮ ਸਦਕਾ ਹੀ ਸੀ ਕਿ ਜਾਪਾਨੀ ਭਾਸ਼ਾ ਦਾ ਪੱਛਮੀਕਰਣ ਹੋਇਆ, ਸ਼ਬਦਾਂ ਦੇ ਅਰਥ ਬਦਲੇ ਗਏ, ਪੱਛਮੀ ਪੈਂਤੜੇ ਤੋਂ, ਭਾਵ ਕਿ ਇੱਕ ਵੱਖਰੀ ਫਲਸਫਾਨਾ ਪ੍ਰੰਪਰਾ ਅਨੁਸਾਰ, ਉਹਨਾਂ ਨੂੰ ਪ੍ਰੀਭਾਸ਼ਿਤ ਕੀਤਾ ਗਿਆ, ਜਿਸ ਪੈਂਤੜੇ ਵਲ ਮਿਖ਼ਾਇਲ ਮਾਰਾ ਆਪਣੀ ਕਿਤਾਬ ਜਾਪਾਨ ਬਾਰੇ ਲੇਖ: ਸੁਹਜ ਅਤੇ ਸਾਹਿਤ ਦਰਮਿਆਨ ਵਿੱਚ ਇਸ਼ਾਰਾ ਕਰਦਾ ਹੈ, "ਵਿਸ਼ਾ-ਵਸਤੂ ਦਾ ਵਿਚਰਣ, ਸੱਤ ਅਤੇ ਸਾਰੇ ਦਿਸਦੇ, ਅਤੇ ਅਣਦਿਸਦੇ, ਕਥਨਿਯ ਅਤੇ ਅਕੱਥ ਬਾਰੇ, ਇੱਕ ਪਦ ਦੂਜੇ ਨਾਲ ਜੁੜਿਆ, ਇਕਲੋਤਾ ਸਾਫ਼ ਦਰਪਣ ਦੋਵਾਂ ਨੂੰ ਨਿਖੇੜਦਾ ਹੋਇਆ।"

ਜਾਪਾਨੀ ਸੋਚ ਦੇ ਸਵੈ-ਇੱਛਾ ਨਾਲ ਜਰਮਨ-ਆਧਾਰਿਤ ਵਿਸ਼ਵਵਿਦਿਆਲਾ ਸੋਚ ਨੂੰ ਅਪਣਾਉਣ ਨਾਲ ਕਈ ਉਲਝਣਾਂ ਸਾਹਮਣੇ ਆਈਆਂ ਕਿਉਂਕਿ ਇਹ ਦੋਵੇਂ ਵਿਰੋਧੀ ਵਿਚਾਰਧਾਰਿਕ ਪੰਥ ਹਨ। ਇੱਕ ਵੱਡੀ ਗਿਣਤੀ ਜੋ ਸੰਖਿਪਤ-ਜਾਪਾਨੀ-ਕਾਵਿ-ਸੁਹਜ ਦੇ ਧੁਨੰਤਰ ਹੋਣ ਦਾ ਦਾਵਾ ਕਰਦੇ ਹਨ ਉਹਨਾਂ ਦੇ ਪੇਖਣ ਅਤੇ ਸਮਝ ਦਾ ਆਧਾਰ ਇੱਕ ਵਿਰੋਧ ਦੇ ਵਿਰੋਧ ਨੂੰ ਸਮਝਣ ਨਾਲ ਬਣਿਆ ਹੈ। ਉਹ ਇਹਨਾਂ ਸੰਖਿਪਤ ਕਾਵਿ ਵਿਧਾਵਾਂ ਅਤੇ ਹੋਰ ਸਾਹਿਤਿਕ ਵੰਨਗੀਆਂ ਨੂੰ ਸਮਝਣ ਅਤੇ ਅਨੁਵਾਦ ਕਰਨ ਲਈ ਪੱਛਮੀਕਰਣ ਹੋ ਚੁੱਕੀ ਜਾਪਾਨੀ ਭਾਸ਼ਾ ਰਹਿਣ ਕਰਦੇ ਹਨ: ਇਹ ਵਿਆਖਿਆ-ਪ੍ਰਣਾਲੀ ਵਿਗਿਆਨੀ ਲਈ ਇੱਕ ਡਰਾਉਣੇ ਸੁਫ਼ਨੇ ਦੀ ਨਿਆਈਂ ਹੈ।

ਪੂਰਵ-ਆਧੁਨਿਕ ਜਾਪਾਨੀ ਭਾਸ਼ਾ ਵਿੱਚ ਜ਼ੁਬਾਨੀ ਜੋ ਕਿਹਾ ਜਾਂਦਾ ਸੀ ਉਸਦੇ ਮਾਅਨੇ ਵਾਕ-ਰਚਨਾ ਨਾਲੋਂ ਕੀਤੇ ਵਿਸ਼ਾਲ ਹੁੰਦੇ ਸਨ। ਸਟੀਵਨ ਹੀਨ ਪੁਰਾਤਨ ਜਾਪਾਨੀ ਭਾਸ਼ਾ ਨੂੰ ਸਮਝਣ ਦੇ ਸੰਦਰਭ ਵਿੱਚ ਆਪਣੀ ਪੂਰਬੀ ਅਤੇ ਪੱਛਮੀ ਫ਼ਲਸਫ਼ਾ  ਵਿੱਚ ਲਿਖਦਾ ਹੈ:

"ਸ਼ਬਦਾਰਥਿਕਤਾ ਦਾ ਬਹੁਦਿਸ਼ਾਵੀ ਖੇਤਰ, ਵਿਆਕਰਣ ਦੇ ਵਾਕ-ਸੰਰਚਨਾ ਭਾਗ ਵਿੱਚ ਸਮਾਉਣ ਨਾਲੋਂ ਕੀਤੇ ਵੱਡਾ ਹੈ, ਸਿੱਟੇ ਵਜੋਂ ਇਸਦੀ ਮੰਗ ਹੁੰਦੀ ਹੈ ਕਿ ਪ੍ਰਗਟਾਵੇ ਨੂੰ ਇਸ਼ਾਰਾ-ਮਾਤ੍ਰ ਅਤੇ ਧੁੰਦ ਵਿੱਚ ਲਪੇਟ ਕੇ ਕੀਤਾ ਜਾਵੇ, ਇਸ ਨਾਲ ਸ਼ਬਦ ਦਾ ਫਲਸਫਾਨਾ ਪਹਿਲੂ ਧੁੰਧਲਾਉਣ ਦੀ ਬਜਾਇ ਸਗੋਂ ਨਿੱਖਰ ਕੇ ਸਾਹਮਣੇ ਆਉਂਦਾ ਹੈ।"

ਜਿਸ ਭੀਸ਼ਮ-ਕਾਰਜ ਸਿੱਧੀ ਲਈ ਜੋ ਮੋਟੇ ਮੋਟੇ ਸ਼ਬਦ ਇਸਤੇਮਾਲ ਕੀਤੇ ਜਾ ਰਹੇ ਹਨ ਉਹ ਜਾਪਾਨ ਦੇ ਪੱਛਮੀਕਰਣ ਤੋਂ ਪਹਿਲਾਂ ਹੋਂਦ ਵਿੱਚ ਹੀ ਨਹੀਂ ਸਨ, ਸਮੇਤ ਇਸ ਪਦ ਸੁਹਜ-ਸ਼ਾਸਤਰ ਦੇ।

ਇਸ ਅਣਹੋਂਦ ਨੂੰ ਕੀ ਨਾਮ ਦੇਈਏ ਜਿਸਦਾ ਵੇਰਾ ਲਿਨ੍ਹਾਰਤੋਵਾ ਨੇ ਆਪਣੀ ਕਿਤਾਬ ਚਿੱਟੀ ਪਿੱਠਭੂਮੀ ਉੱਪਰ (Sur un Fond Blanc ) ਵਿੱਚ ਇਉਂ ਬਿਆਨ ਕਰਦੀ ਹੈ: "ਇੱਕ ਜਾਦੂਈ ਬਿੰਦੂ ਜਿਸ ਦੁਆਰਾ ਸਥਾਨ-ਮਾਤ੍ਰ ਆਪਨੇ ਆਪ ਨੂੰ ਸਥਾਨ-ਰਹਿਤ ਬਣਾ ਲੈਂਦਾ ਹੈ"?

ਕੀ ਕਿਸੇ ਚੀਜ਼ ਦੇ ਵਿਰੋਧ ਦੇ ਵਿਰੋਧ ਨੂੰ ਸਮਝ ਕੇ ਉਸ ਚੀਜ਼ ਬਾਰੇ ਜਾਣਿਆ ਜਾ ਸਕਦਾ ਹੈ? ਨਿਰਗੁਣ ਕੀ ਹੈ, ਚੀਜ਼ਾਂ ਵਰਤਾਰਿਆਂ ਦੀ ਰੂਹ ਕੀ ਹੈ, ਥੀਵਣਾ ਕੀ ਹੈ, ਘੁੰਡੀਦਾਰ ਸ਼ਬਦਾਂ ( togo or sakashimagoto ) ਦੀ ਕੀ ਭੂਮਿਕਾ ਹੈ? ਕੀ ਆਧੁਨਿਕ ਹਾਇਕੂ ਨਾਲ ਉਹਨਾਂ ਦੀ ਕੋਈ ਪ੍ਰਸੰਗਤਾ ਹੈ? ਕੀ ਸਾਨੂੰ ਅੰਗ੍ਰੇਜ਼ੀ ਭਾਸ਼ਾ ਦੇ ਜਗਤ ਵਿਚਲੇ ਆਧੁਨਿਕ ਹਾਇਕੂ ਕਵੀਆਂ ਦੀ ਬਹੁਗਿਣਤੀ ਦੀ ਉਸ ਦਲੀਲ ਨੂੰ ਮੰਨ ਲੈਣਾ ਚਾਹਿਦਾ ਹੈ ਹੋ ਆਖਦੀ ਹੈ ਕਿ ਅੰਗ੍ਰੇਜ਼ੀ ਭਾਸ਼ਾਈ ਹਾਇਕੂ ਬਸ਼ੋ ਦੀ ਸੋਚ ਅਨੁਸਾਰ ਪ੍ਰੀਭਾਸ਼ਿਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਜੋ ਹੁੰਦਾ ਸੀ ਉਹ ਹੁਣ ਨਹੀਂ ਰਿਹਾ, ਅਤੇ ਪੱਛਮ ਦੇ ਕਵੀਆਂ ਨੂੰ ਜਾਪਾਨੀ ਸੁਹਜ ਦੇ ਔਜ਼ਾਰਾਂ ਤੋਂ ਪਾਸਾ ਵੱਟ, ਉਹਨਾਂ ਨੂੰ ਪੱਛਮੀ ਸੋਚ ਦੀ ਪਿਉਂਦ ਚਾੜ੍ਹ ਕੇ ਪੱਛਮੀ ਸੁਹਜ ਨਾਲ ਹੀ ਮੇਲ ਲੈਣਾ ਚਾਹੀਦਾ ਹੈ, ਭਾਵੇਂ ਕਿ ਆਧੁਨਿਕ ਜਾਪਾਨ ਅਤੇ ਪੱਛਮ ਦੇ ਇਹ ਔਜ਼ਾਰ ਇੱਕ ਸਾਂਚੇ ਵਿੱਚ ਢਾਲੇ ਗਏ ਸਨ?

ਹਾਇਕੂ ਹੁੰਦਾ ਹੈ ਹਾਇਕੂ ਹੁੰਦਾ ਹੈ ਬਿੰਬ-ਸਿਰਜਿਕ-ਕਾਵਿ ਹੁੰਦਾ ਹੈ ਇੱਕੋ ਸ਼ਬਦ ਹੁੰਦਾ ਹੈ ਸੇਨ੍ਰ੍ਯੂ ਹੁੰਦਾ ਹੈ ਸ਼ਬਦ-ਚਿਤ੍ਰ ਹੁੰਦਾ ਹੈ  . . .

ਹਾਇਕੂ ਕਹੀ ਜਾਂਦੀ ਹਰੇਕ ਕਵਿਤਾ ਹੀ ਸਾਧਾਰਣ ਜਾਂ ਵਿਸਾਰਨ ਵਾਲੀ ਨਹੀਂ ਹੁੰਦੀ। ਕੁਦਰਤੀ ਇੱਥੇ ਵੀ ਅਪਵਾਦ ਮੌਜੂਦ ਹਨ। ਬਦਕਿਸਮਤੀ ਨਾਲ, ਢੇਰਾਂ ਦੇ ਢੇਰ ਉਹੋ ਜਿਹੀ ਹੀ ਖੱਚ ਕਵਿਤਾ ਦੇ ਮਿਲਦੇ ਹਨ - ਭੁੱਲਣ ਯੋਗ, ਸਾਹਿਤ ਵਿਰੋਧੀ, ਹਾਲਮਾਰਕ ਵਲੋਂ ਛਪਦੇ ਵਧਾਈ-ਸੰਦੇਸ਼ ਕਾਰਡਾਂ ਜਿਹੀ - ਜੋ ਮੀਜੀ ਕਾਲ ਦੌਰਾਨ ਪੂਜੀ ਜਾਂਦੀ ਸੀ ਅਤੇ ਜਿਸਦੇ ਖ਼ਿਲਾਫ਼ ਸ਼ੀਕੀ ਉੱਠ ਖੜ੍ਹਾ ਹੋਇਆ ਸੀ। ਲਿਖੀਆਂ ਜਾ ਰਹੀਆਂ ਕੁਝ ਕੁ ਚੰਗੀਆਂ ਕਵਿਤਾਵਾਂ ਦਰਅਸਲ ਹੋੱਕੂ ਹਨ, ਹਾਇਕੂ ਨਹੀਂ। ਇਹਨਾਂ ਵਿਚੋਂ ਥੀਵਣ ਦਾ ਜ਼ੋਹਰ ਡੁੱਲ੍ਹ-ਡੁੱਲ੍ਹ ਪੈਂਦਾ ਹੈ, ਜ਼ੌਕਾ ਰੂਪਮਾਨ ਹੁੰਦਾ ਹੈ, ਉਹ ਮਸਤ ਹੋ ਆਕਾਸ਼-ਗੰਗਾ ਦੇ ਪ੍ਰਵਾਹ ਵਿੱਚ ਵਹਿੰਦੀਆਂ ਹਨ, ਹਰ ਪਾਠਕ ਨੂੰ ਮਜਬੂਰ ਕਰਦੀਆਂ ਹਨ ਕੀ ਉਹ ਉਹਨਾਂ ਦੀ ਵਿਆਖਿਆ ਕਰੇ।

ਸ਼ਬਦਾਂ ਦੀਆਂ ਪਰਤਾਂ ਸਮੋਈ ਬੈਠੀਆਂ ਇਹ ਅਰਥਾਂ ਦੀ ਬਹੁਬਲਤਾ ਜਨਮਦੀਆਂ ਹਨ, ਇਹਨਾਂ ਵਿੱਚ ਅਣਕਹੇ, ਮਆਹ, ਕੋਕੋਰੋ ਅਤੇ ਹਰ ਉਸ ਜਾਪਾਨੀ ਸੁਹਜ ਦੇ ਔਜ਼ਾਰ-ਅਦਾ ਦਾ ਇਸਤੇਮਾਲ ਹੁੰਦਾ ਹੈ ਜੋ ਬਣੇ ਹੀ ਉਹ ਕੁਝ ਕਰਨ ਲਈ ਹਨ ਜੋ ਪੱਛਮੀ ਸੁਹਜ ਦੇ ਸੰਦ ਕਦੇ ਨਹੀਂ ਕਰ ਸਕਦੇ।

ਬਿਨ ਪ੍ਰੀਭਾਸ਼ਿਤ ਤੇ ਬਗੈਰ ਕਿਸੇ ਵਿਦਿਅਕ ਵਿਵੇਕ ਦੇ ਇੱਕ ਅਜਿਹੇ ਅਖਾੜ੍ਹੇ ਵਿੱਚ ਜਿੱਥੇ ਸੇਨ੍ਰ੍ਯੂ, ਹਾਇਕੂ, ਸ਼ਬਦ-ਚਿਤ੍ਰ, ਇੱਕਲੋਤ੍ਰਾ ਸ਼ਬਦ, ਬਿੰਬ-ਸਿਰਜਿਕ ਕਵਿਤਾਵਾਂ, ਗਦ ਦੇ ਵਾਕ, ਰਾਜਨੀਤਿਕ ਬਿਆਨ, ਅਤੇ ਹੋੱਕੂ, ਅਕਸਰ ਰਲ-ਗੱਡ, ਗੁੱਥਮ-ਗੁੱਥਾ ਹੋ ਕੇ ਵੀ ਵੀ ਆਪਣੀ ਆਜ਼ਾਦ ਪਹਿਚਾਣ ਬਣਾਈ ਰੱਖਦੇ ਹਨ ਕਿ ਇਸ ਖਿਚੜੀ ਨੂੰ ਕੋਈ ਸਪਸ਼ਟ ਨਾਮ ਦੇ ਕੇ ਪ੍ਰੀਭਾਸ਼ਿਤ ਨਾਂ ਕੀਤਾ ਜਾ ਸਕੇ। ਆਪਣੇ ਇਸ ਪੁਨਰ-ਜਨਮ ਵਾਲੇ ਰੂਪ ਵਿੱਚ ਹਾਇਕੂ ਕਦੇ ਵੀ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ ਜਦ ਤੱਕ ਕਿ ਹਦਬੰਦੀ ਵਾਲੀ ਲਕੀਰ ਤੇ ਹੀ ਤੁਰਨ ਲਈ ਬਜ਼ਿੱਦ ਹੈ, ਜਿਵੇਂ ਦੋ ਚੁੰਬਕੀ ਧਰੁਵਾਂ ਦੇ ਵਿੱਚ ਫਸਿਆ ਹੋਵੇ ਜੋ ਆਕਰਸ਼ਣ ਦੇ ਬਜਾਏ ਪਰੇ ਧੱਕਦੇ ਹੋਣ।

ਕੀ ਕਰਨਾ ਲੋੜੀਏ? ਕੀ ਅੰਤਰਰਾਸ਼ਟਰੀ ਹਾਇਕੂ ਭਾਈਚਾਰਾ ਅਤੇ ਜਾਪਾਨ ਤਿਆਰ ਹੈ ਆਪਣੀ ਗਲਤੀ ਮੰਨਣ ਲਈ ਅਤੇ ਇਸ ਸਚਾਈ ਨੂੰ ਸਵੀਕਾਰ ਕਰਨ ਲਈ ਕਿ ਮਾਸਾਓਕਾ ਸ਼ੀਕੀ ਦਾ ਤਜ਼ਰਬਾ ਨਾਕਾਮਯਾਬ ਰਿਹਾ? ਕੀ ਉਹ ਤਿਆਰ ਹਨ, ਜੋ ਹੈ ਨੂੰ ਜੋ ਸੀ ਨਾਲ ਬਦਲਣ ਲਈ, ਅਤੇ ਉਹੋ ਚੀੜ੍ਹ ਦਾ ਦਰਖ਼ਤ ਬਣਨ ਲਈ ਜਿਸਦੀ ਪ੍ਰੇਰਣਾ ਮਾਤਸੁਓ ਬਾਸ਼ੋ ਆਪਣੇ ਵਿਦਿਆਰਥੀਆਂ ਨੂੰ ਕੀਤੀ ਸੀ ਜੇਕਰ ਉਹ ਸਹੀ ਅਰਥਾਂ ਵਿੱਚ ਹੋੱਕੂ ਲਿਖਣ ਲਈ?

ਮਾਤਸੁਓ ਬਾਸ਼ੋ ਦੇ ਅਨੁਆਈ ਦੋਹੋ ਨੇ ਲਿਖਿਆ:

"ਇੱਕ ਕਵੀ ਨੂੰ ਆਪਣੇ ਮਨ ਤੋ ਆਪਣਾ ਪਿੱਛਾ ਛੁਡਾ ਕੇ ਤਟਸਥ ਹੋਣਾ ਚਾਹਿਦਾ ਹੈ  . . . ਅਤੇ ਦ੍ਰਿਸ਼ ਵਿੱਚਲੀ ਵਸਤ ਵਿੱਚ ਦਾਖਿਲ ਹੋ ਉਸਦੀ ਜ਼ਿੰਦਗੀ ਅਤੇ ਕੋਮਲ ਭਾਵਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ। ਇੰਝ ਹੋਣ ‘ਤੇ ਕਵਿਤਾ ਫਿਰ ਆਪਨੇ ਆਪ ਨੂੰ ਖੁਦ ਹੀ ਲਿਖਦੀ ਹੈ। ਕਿਸੇ ਵਸਤ/ਦਰਿਸ਼ ਦਾ ਮਹਿਜ਼ ਬਿਆਨ ਹੀ ਕਾਫ਼ੀ ਨਹੀਂ : ਜਦ ਤੱਕ ਕਵਿਤਾ ਵਿੱਚ ਭੀ ਉਹੋ ਭਾਵ/ਭਾਵਨਾਵਾਂ ਨਹੀਂ ਮੌਜੂਦ ਜੋ ਦ੍ਰਿਸ਼/ਵਸਤ ਤੋਂ ਨਹੀਂ ਆਏ, ਤਾਂ ਕਵੀ ਅਤੇ ਦ੍ਰਿਸ਼/ਵਸਤ ਵਿੱਚ ਫ਼ਾਸਲਾ ਬਣਿਆ ਰਹੇਗਾ। ( ਦ੍ਰਿਸ਼ ਅਤੇ ਦ੍ਰਸ਼ਟਾ ਦੋ ਅਲੱਗ-ਅਲੱਗ ਇਕਾਈਆਂ ਹੀ ਰਹਿਣਗੀਆਂ। )"

ਦੋਹੋ ਆਪਣੀ ਗੱਲ ਨੂੰ ਅੱਗੇ ਵਧਾਉਂਦੀਆਂ ਕਹਿੰਦਾ ਹੈ,

ਚੀੜ ਨੂੰ ਜਾਨਣਾ ਹੈ ਤਾਂ ਚੀੜ ਦੇ ਦਰੱਖਤ ਤੋਂ ਪੁੱਛ ਅਤੇ ਬਾਂਸ ਨੂੰ ਜਾਨਣਾ ਹੈ ਤਾਂ ਪੁੱਛ ਬਾਂਸ ਤੋਂਕਵੀ ਨੂੰ ਆਪਣਾ ਮਨ ਆਪਨੇ ਨਿੱਜ ਤੋਂ ਆਜ਼ਾਦ ਕਰ ਲੈਣਾ ਚਾਹਿਦਾ ਹੈ . . . ਅਤੇ ਦ੍ਰਿਸ਼/ਵਸਤ ਵਿੱਚ ਦਾਖ਼ਿਲ ਹੋ ਜਾਣਾ ਚਾਹਿਦਾ ਹੈ . . . ਜਦੋਂ ਕਵੀ ਦ੍ਰਿਸ਼ ਦਾ ਹੀ ਇੱਕ ਅੰਗ ਬਣ ਜਾਵੇ ਤਾਂ ਕਵਿਤਾ ਲਿਖਣਾ ਨਹੀਂ ਪੈਂਦੀ, ਉਹ ਆਪ ਹੀ ਆਪਣਾ ਆਕਾਰ ਘੜ੍ਹ ਲੈਂਦੀ ਹੈ।"

ਨਿੱਠ ਕੇ ਲਿਖੇ ਕੁਝ ਹੋੱਕੂ ਜਿਨ੍ਹਾਂ ਨੂੰ ਅਯੋਗ ਹੀ ਹਾਇਕੂ ਕਿਹਾ ਗਿਆ:

ਇੰਤਜ਼ਾਰ . . . ਬਾਰਿਸ਼ ਦੀ ਲੈਅ ਅਰਦਾਸ ਹੋਈ
- ਫੇਰਿਸ ਗਿੱਲੀ; ਜੀਓਰਜੀਆ, ਅਮਰੀਕਾ; ਫ੍ਰੌਗਪਾਉਂਡ ਅੰਕ 36.1, 2013

ਏਕਾਲਾਪ
ਗਹਿਰੇ ਸਾਗਰ ਦੀਆਂ ਮੱਛੀਆਂ ਦਾ
ਧੁੰਦਲੇ ਤਾਰੇ
- ਫ਼ੇ ਏਓਯੋਗੀ
ਹਾਇਕੂ 21 ਐਂਡ ਹਾਇਕੂ ਇਨ ਇੰਗਲਿਸ਼

ਮੱਧਮ ਹੁੰਦਾ ਚਾਨਣ  . . .
ਹੰਸ ਨਾ ਮੰਗੇ ਕੁਝ ਵੀ
ਪੌਣਾਂ ਕੋਲੋਂ
- ਕਲੇਅਰ ਐਵਰੈੱਟ; ਡੁਰ੍ਹਮ, ਇੰਗਲੈਂਡ  
ਸਿੰਪਲੀ ਹਾਇਕੂ ਪੱਤਝੜ/ਸਿਆਲ 2011

ਉੱਠਦਾ ਜਵਾਰ
ਇੱਕ ਨੀਲਾ ਬਗੁਲਾ ਮਿਟਾਵੇ
ਪਹੁ ਫੁਟਾਲਾ
-ਸੂਜ਼ਨ ਕਾਂਸਟੇਬਲ; ਕੇਨੈਡਾ  ਸਿੰਪਲੀ ਹਾਇਕੂ ਬਸੰਤ 2011

ਬਸੰਤ ਦੇ ਰੰਗ  . . .
ਜਵਾਨ ਬਲਦ ਦੇ ਸਿੰਗ
ਤਿੱਖੇ ਕੀਤੇ ਚੰਦ੍ਰਮਾ

ਚਮਕੀਲਾ ਚੰਨ 
ਪਾਣੀ ਦਿਖਾਵੇ ਦਰਪਣ
ਸਭੇ ਸੌਗਾਤਾਂ ਨੂੰ

ਗਰਮੀ ਦਾ ਭਾਟਾ —
ਇੱਕ ਜਲਸਾਹੀ ਨਾਪੇ ਰਸਤਾ
ਡੂੰਘੇ ਸਾਗਰ ਵਲ

- ਲੂਬੋਮੀਰ ਦ੍ਰਾਗੋਵਿੱਚ; ਬੌਸਨੀਆ ਅਤੇ ਹੇਰਜ਼ੇਗੋਵਿਨਾ
ਉਸਕਾ ਸਟਾਜ਼ਾ/ ਝੀਨਾ ਰਾਹ; ਲਿਬ੍ਰ, ਬੈੱਲਗ੍ਰਾਦ, 2011  

ਤ੍ਰਕਾਲਾਂ
ਆਸਮਾਨ ਤੋਂ ਵਿਦਾ
ਇੱਕ ਲੂੰਬੜੀ

ਜੰਗਲੀ ਸੂਰ
ਆਉਂਦਾ ਹੈ ਤੇ ਖਾਂਦਾ ਹੈ ਹਵਾ
ਬਸੰਤੀ ਪਹਾੜ੍ਹੀ ਰਾਹ

- ਕਾਨੇਕੋ ਤੋਹਤਾ; ਦ ਕਾਨ ਨਿਚੀ ਟਰਾਂਸਲੇਸ਼ਨ ਗਰੁੱਪ ਦੇ ਅਨੁਵਾਦ ਤੋਂ ਉਧਰਤ  
ਕਾਨੇਕੋ ਤੋਹਤਾ: ਚੋਣਵੇਂ ਹਾਇਕੂ

ਇੱਕ ਮਗਰ ਇੱਕ
ਡੱਡੂ ਕਰਨ ਸੁਰਾਖ਼ ਟੋਭੇ 'ਚ ...
ਤਾਰਿਆਂ ਭਰੀ ਰਾਤ
- ਚੇਨ-ਓਊ ਲਿਊ; ਕੇਨੈਡਾ

ਰੌਸ਼ਨੀ ਸਿਖਾ ਰਹੀ
ਸਦਾ ਵਗਦੀ ਪੌਣ ਨੂੰ
ਕਿੰਝ ਉੱਗਣ ਗ਼ੁਲਾਬ

ਤੀਰਥ ਯਾਤ੍ਰਾ 'ਤੇ
ਗੁਜ਼ਰ ਰਹੀ ਰਾਤ ਦੇ ਨੇਤ੍ਰ:
ਭਰਤ ਪੰਖੀ ਦੀ ਤਾਲਾਸ਼

ਜਿਵੇਂ ਧਿਆਨ ਟੁੱਟਿਆ ਹੋਵੇ,
ਰਸਤੇ ਵਿੱਚ, ਮੈਂ ਦਰਖਤ ਛੂਹਿਆ। 
ਹੁਣ ਮੇਰੇ ਨਾਲ ਬਾਤਾਂ ਪਾਵੇ

ਹਵਾ ਵਾਂਗ ਪੈਰ ਧਰਦਿਆਂ
ਮੈਂ ਗਿਰਜੇ ਦੇ ਘੜਿਆਲ ਕੋਲ ਪੁੱਜਾ
ਉਹ ਮੇਰੇ ਖ਼ਾਬ ਲੈਣ

- ਅਗਸਤੀ ਬਾਰਤ੍ਰਾ; ਕੈਟਾਲੋਨਿਆ

ਕੁਮੁਦਿਨੀ:
ਪਾਣੀ ਤੋਂ ਜੁਦਾ ...
ਖ਼ੁਦ ਤੋਂ ਜੁਦਾ

ਭੌਂਕ ਰਿਹਾ
ਚੂਹੇ ਦੀ ਖੁੱਡ ਨੂੰ:
ਸਖ਼ਤ ਸਰਦੀ
- ਨਿੱਕ ਵਿਰਜਿਲਿਓ; ਨਿਊ ਜਰਜ਼ੀ, ਅਮਰੀਕਾ  

ਹੁਨਾਲ ਦੇ ਖ਼ਾਬ . . .
ਗਾੜ੍ਹੀ ਰਾਤ ਭਰੀ
ਧਤੂਰੇ ਨਾਲ

ਸੂਰ੍ਯ ਅਸਤ —
ਤਿੱਤਲੀ ਕੋਸ਼
ਉਪਜਦੇ
- ਸ੍ਵੇਤਲਾਨਾ ਮੇਰੀਸੋਵਾ, ਰੂਸ/ਨਿਊਜ਼ੀਲੈਂਡ

ਖਿੰਡਵੇਂ ਛਰਾਟੇ ਨਦੀ ਭਰੀ ਹੋਈ ਕਿਸੇ ਦੁਰੇਡੇ ਥਾਂ ਨਾਲ
- ਮਿਸ਼ੈਲ ਐੱਲ. ਹਾਰਵੇ; ਨਿਊ ਯੋਰਕ, ਅਮਰੀਕਾ 
ਏਕੋਰਨ ਇਸ਼ੂ, #26, ਬਸੰਤ 2011

ਲਹਿਰੀਲਾ ਤਲਾਬ
ਤਾਰੇ ਡੁੱਬਦੇ
ਰੇਤ 'ਤੇ

ਨਦੀ
ਨਦੀ ਬਣਾਵੇ
ਚਾਨਣੀ
- ਜਿਮ ਕੇਚੀਅਨ; ਵਿਰਜੀਨਿਆ, ਅਮਰੀਕਾ

ਤ੍ਰੇੜੀ ਧਰਤ
ਇੱਕ ਦਿਹਾੜੀਦਾਰ ਝੁਕਿਆ
ਆਪਣੇ ਪ੍ਰਛਾਵੇਂ 'ਤੇ
- ਸਾਸਾ ਵਾਜ਼ਿਚ; ਸਰਬੀਆ

ਰਾਤ ਦਾ ਮੀਂਹ
ਸੰਖੇਪ ਦੰਤੀਲਾ ਗੀਤ
ਡੱਡੂ ਦਾ
- ਫੇਰਿੱਸ ਗਿੱਲੀ

ਜੂਨ 'ਚ ਬੁੱਲਾ
ਬੱਦਲ ਵਿੱਚਲੇ ਸੁਰਾਖ਼ ਨੂੰ
ਉਸ ਆਪੇ ਟਾਕੀ ਲਾਈ 
- ਅਨ'ਯਾ; ਓਰੇਗਨ, ਅਮਰੀਕਾ 

ਗਊ ਦੀਆਂ ਅੱਖਾਂ 'ਚ
ਸੜ ਮੁੱਕ ਚੁੱਕੇ ਬੱਦਲ ---
ਪੱਤਝੜੀ ਸ਼ਾਮ
- ਸ਼ੋਸ਼ੀ ਫੁਜੀਤਾ; ਜਾਪਾਨ, ਦ ਹਾਇਕੂ ਯੂਨੀਵਰਸ

ਮੇਰੀ ਦਿਲੀ ਇੱਛਾ ਹੈ ਕਿ ਇਸ ਹਾਇਕੂ ਦਾ ਘੜ੍ਹਾ ਫੁੱਟੇ ਅਤੇ ਇਹ ਮੁੜ ਕੇ ਆਪਣੇ ਉਸੇ ਰੂਪ ਵਿੱਚ ਵਾਪਸ ਆਵੇ ਜੋ ਇਹ ਹੁੰਦਾ ਸੀ ਅਤੇ ਆਪਣੇ ਉਸ ਦੌਰ ਤੋਂ ਪਹਿਲਾਂ ਵਾਲੇ ਸਮੇਂ ਵਿੱਚ ਜਦੋਂ ਇਸਨੇ ਉਹ ਬਣਨ ਦੀ ਕੋਸ਼ਿਸ਼ ਕੀਤੀ ਜੋ ਇਹ ਨਹੀਂ ਸੀ: ਹੋੱਕੂ, ਪੱਤਝੜ੍ਹੀ ਮੀਂਹ ਨਾਲ ਪੱਕੇ ਖਰਬੂਜ਼ਿਆਂ ਦੇ ਬਾਸ਼ੋ-ਨੁਮਾ ਨਾਚ 'ਤੇ ਸਰਕਸੀ ਤੰਬੂ ਦਾ ਪੱਲਾ ਚੁੱਕ ਝਾਤੀਆਂ ਮਾਰਦੇ ਤਮਾਸ਼ਬੀਨਾਂ ਦੀਆਂ ਝਾਤੀਆਂ ਤੋਂ ਮੁਕਤ।

ਹਾਰੂਓ ਸ਼ਿਰਾਨੇ ਨੇ ਹਾਇਕੂ “ਪਲ” ਦੇ ਪਾਰ ਵਿੱਚ ਲਿਖਿਆ:

"ਜੇ ਹਾਇਕੂ ਨੇ ਆਪਣਾ ਪੱਧਰ ਉੱਚਾ ਚੁੱਕਣਾ ਹੈ ਤੇ ਆਪਣੀ ਗਿਣਤੀ ਇੱਕ ਅਜਿਹੀ ਸੰਜੀਦਾ ਕਵਿਤਾ ਤੇ ਸਾਹਿਤ ਵਿੱਚ ਕਰਵਾਉਣੀ ਹੈ ਜਿਸਦਾ ਸਤਿਕਾਰ ਹੈ, ਪ੍ਰਸ਼ੰਸ਼ਾ ਹੁੰਦੀ ਹੈ, ਜਿਸਨੂੰ ਪੜ੍ਹਿਆ ਜਾਂਦਾ ਹੈ, ਗੁੜਿਆ ਜਾਂਦਾ ਹੈ, ਜਿਸ ਦਾ ਅਧਿਐਨ ਕੀਤਾ ਜਾਂਦਾ ਹੈ, ਵਿਆਖਿਆਵਾਂ ਹੁੰਦੀਆਂ ਹਨ ਅਤੇ ਜੋ ਹਾਇਕੂ ਤੋਂ ਬਿਨਾਂ ਹੋਰਾਂ ਵੰਨਗੀਆਂ ਵਿੱਚ ਲਿਖਣ ਵਾਲੇ ਕਵੀਆਂ ਦੇ ਦਿਲ ‘ਤੇ ਵੀ ਛਾਪ ਛੱਡਦਾ ਹੈ ਤਾਂ ਇਸ ਵਿੱਚ ਇੱਕ ਐਸੀ ਪੇਚੀਦਗੀ, ਇੱਕ ਅਜਿਹੀ ਜਟਿਲਤਾ ਦੀ ਅਤਿਅੰਤ ਲੋੜ ਹੈ ਜੋ ਇਸਨੂੰ ਅਜਿਹੀ ਗਹਿਰਾਈ ਬਖਸ਼ੇ ਜਿਸ ਆਸਰੇ ਇਹ ਇੱਕੋ ਸਮੇਂ ਇੱਕ ਪਲ ਉੱਪਰ ਇਕਾਗਰ ਹੁੰਦਿਆਂ ਹੋਇਆਂ ਵੀ ਇਸ ਵਿਸ਼ੇਸ਼ ਪਲ ਜਾਂ ਸਮੇਂ ਦੇ ਪਾਰ ਵੀ ਜਾਵੇ, ਉਸਤੋਂ ਉੱਪਰ ਵੀ ਉੱਠੇ। ਬਾਸ਼ੋ, ਬੁਸੋਂ ਅਤੇ ਹੋਰ ਉਸਤਾਦ ਕਵਿਜਨਾਂ ਨੇਂ ਇਹ ਗਹਿਰਾਈ ਪ੍ਰਾਪਤ ਕੀਤੀ ਵਿਭਿੰਨ ਪ੍ਰਕਾਰਾਂ ਦੀ ਇਬਾਰਤ ਦੀ ਸੰਘਣਤਾ ਜ਼ਰੀਏ, ਜਿਸ ਲਈ ਉਨ੍ਹਾਂ ਅਲੰਕਾਰ, ਰੂਪਕ, ਚਿੰਨ੍ਹਆਤਮਿਕਤਾ, ਉਲੇੱਖਣ ਦਾ ਤਾਂ ਇਸਤੇਮਾਲ ਕੀਤਾ ਹੀ ਪਰ ਇਸ ਲਈ ਉਨ੍ਹਾਂ ਆਪਣੇ ਅੰਦਰ ਨਵੇਂ ਵਿਸ਼ਿਆਂ ਲਈ ਆਪਣੀ ਪਿਆਸ ਨੂੰ ਵੀ ਕਦੇ ਬੁਝਣ ਨਹੀਂ ਦਿੱਤਾ।"

ਮੈਂ ਬਾਸ਼ੋ ਨੂੰ ਵਾਹਿਦ ਸੰਪੂਰਣ ਹੋੱਕੂ ਕਵੀ ਬਣਾ ਕੇ ਪੂਜਾ ਦੀ ਵੇਦੀ 'ਤੇ ਸਥਾਪਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਿ ਜਿਸਦੀ ਸਭਨੂੰ ਨਕਲ ਕਰਨੀ ਚਾਹੀਦੀ ਹੈ। ਅਜਿਹਾ ਕਰਨਾ ਨਿਰਾ ਸ਼ੁਦਾਈਪੁਣਾ ਹੋਏਗਾ। ਉਹ ਨਾ ਦੇਵਤਾ ਸੀ ਨਾ ਰੱਬ। ਉਸਨੇ ਵੀ ਕਾਫੀ ਸਾਰੀ ਦਰਮਿਆਨੇ ਦਰਜ਼ੇ ਵਾਲੀ ਕਵਿਤਾ ਲਿਖੀ। ਨਾ ਹੀ ਅਸੀਂ ਉਹਨਾਂ ਹਜ਼ਾਰਾਂ ਹੀ ਹੋੱਕੂ ਦਾ ਠੇਕਾ ਲਿਆ ਹੋਇਆ ਹੈ ਜਿਨ੍ਹਾਂ ਨੂੰ ਉਸਨੇ ਆਪ ਹੀ ਇੱਕ ਪਾਸੇ ਰੱਖ ਕੇ ਸਿਰਫ਼ ਇੱਕ ਹਜ਼ਾਰ ਕਵਿਤਾਵਾਂ ਹੀ ਪਾਠਕਾਂ ਸਾਹਮਣੇ ਰੱਖਣ ਲਈ ਚੁਣਿਆ। ਉਸਨੇ ਇੱਕ ਰਾਹ ਬਣਾਇਆ, ਸਾਨੂੰ ਦਿਸ਼ਾਵਾਂ ਸੁਝਾਈਆਂ, ਅਤੇ ਇਸ ਰਾਹ ਨੂੰ ਮਿਸਾਲਾਂ ਦੇ ਦੇ ਕੇ ਪੱਧਰਾ ਕੀਤਾ। ਉਸ ਮਗਰ ਉਸ ਜਿੰਨੇ ਹੀ ਕਾਬਿਲ ਹੋੱਕੂ ਲਿਖਾਰੀ ਤੁਰੇ, ਯੋਸਾ ਬੂਸੋਂ, ਕੋਬਾਯਾਸ਼ੀ ਇੱਸਾ, ਚਿਯੋ-ਨੀ ਦੇ ਨਾਮ ਵਰਣਨ ਯੋਗ ਹਨ। ਉਹਨਾਂ ਦੇ ਹੋੱਕੂ ਵੀ ਪੜ੍ਹਨੇ, ਗੁਣਨੇ, ਅਤੇ ਸਮਝਣੇ ਚਾਹੀਦੇ ਹਨ।

ਉਹਨਾਂ ਦੀ ਕਵਿਤਾ ਦਾ ਇੱਕ ਨਮੂਨਾ:

ਕੋਬਾਯਾਸ਼ੀ ਇੱਸਾ:
ਉਹ ਇਕੱਲਾ ਜਿਹਾ
ਬਰ ਜ਼ਰੂਰ ਮੇਰਾ ਤਾਰਾ ਹੈ ---
ਆਕਾਸ਼ ਗੰਗਾ

ਕੋਬਾਯਾਸ਼ੀ ਇੱਸਾ ਇਕੱਲਾ ਕਾਰ੍ਹਾ ਬੈਠਾ ਆਕਾਸ਼-ਗੰਗਾ ਵੱਲ ਤੱਕ ਰਿਹਾ ਹੈ। ਉਸਦਾ ਧਿਆਨ ਅਜਿਹੇ ਤਾਰੇ 'ਤੇ ਕੇਂਦ੍ਰਿਤ ਹੈ ਜੋ ਉਸਨੂੰ ਇਸ ਤਾਰਿਆਂ ਦੀ ਝਿੜ੍ਹੀ ਦਾ ਹਿੱਸਾ ਨਹੀਂ ਜਾਪਦਾ। ਉਹ ਇੱਕਦਮ ਖ਼ੁਦ ਨੂੰ ਇਸ ਨਾਲ ਮੇਲ ਕੇ ਦੇਖਦਾ ਹੈ। ਕੀ ਤੁਸੀਂ ਵੀ ਕੁਦਰਤ ਦੀਆਂ ਚੀਜ਼ਾਂ ਨਾਲ ਤਾਦਾਤਮ੍ਯ ਸਥਾਪਤ ਕਰਦੇ ਹੋਂ? ਅਜਿਹਾ ਕਿਉਂ ਕਰਦੇ ਹੋਂ? ਇਸ ਕਵਿਤਾ ਵਿੱਚ ਵਿਆਖਿਆ ਮੁਖੀ ਅਰਥਾਂ ਦੀ ਬਹੁਬਲਤਾ ਹੈ। ਸਮੁੰਦਰੀ ਲਹਿਰਾਂ ਵਾਂਗ ਆਕਾਸ਼-ਗੰਗਾ ਇੱਕ ਨਿਰੰਤਰ ਵਰਤਾਰਾ ਹੈ - ਅਟੁੱਟ ਹੋਵਣ ਦੀ, ਬਣਨ ਦੀ, ਥੀਵਣ ਦੀ ਪ੍ਰੀਕ੍ਰਿਆ ( Koto = ਕੋਟੋ )। ਆਕਾਸ਼-ਗੰਗਾ ਦੀ ਮੁੱਖ-ਮੁਦ੍ਰਾ ਵਿੱਚ ਰਹੱਸ ਸਮੋਇਆ ਹੈ: ਇੱਕ ਨਦੀ ਜੋ ਜਾਪਦਾ ਹੈ ਨਿਰੰਤਰ ਵਗ ਰਹੀ ਹੈ ਅਨੰਤ ਵਿੱਚ, ਅਥਾਹ, ਅਛੂਹ, ਅਤੇ ਸਦਾ ਵਿਗਸ ਰਹੀ ਹੈ। 

ਸੰਭਵ ਹੈ ਤਾਰਿਆਂ ਭਰੇ ਆਸਮਾਨ ਨਾਲ ਘਰ ਦੀ ਮੁਰਗੀ ਵਾਲਾ ਹਿਸਾਬ। ਪਰ ਚੰਨ ਤੋਂ, ਤਾਰਿਆਂ ਤੋਂ ਸਿੱਖਣ ਲਈ ਬਹੁਤ ਕੁਝ ਹੈ ਉਸ ਨਿਰੰਤਰ ਲਗਾਤਾਰਤਾ ਬਾਰੇ, ਅਸੀਮ ਬਾਰੇ। ਇੱਸਾ ਦਾ 'ਬਰ-ਜ਼ਰੂਰ' ਕਹਿਣਾ ਕੋਈ ਅੰਤਰਮੁਖੀ ਬਿਆਨਬਾਜ਼ੀ ਨਹੀਂ, ਸਗੋਂ ਇਹੀ ਉਹ ਵਰਤਾਰਾ ਹੈ ਜਿਸਨੂੰ ਇਲਹਾਮ ਕਹੋ, ਪ੍ਰਭੂ-ਪ੍ਰਕਾਸ਼ ਕਹੋ ਜਾਂ ਕੁਝ ਹੋਰ।


ਉਸਦੇ ਨੰਨ੍ਹੇ ਜ਼ਖਮਾਂ 'ਤੇ
ਕਾਈ ਪੂਰੇ ਜੋਵਨ ਉੱਤੇ ---
ਇਹ ਪੱਥਰ ਦਾ ਬੁੱਧ

ਇਹ ਬੁੱਧ ਪੱਥਰ ਦਾ ਬਣਿਆ ਇੱਕ ਬੁੱਤ ( ਵਸਤੂ ) ਹੈ। ਇਹ ਵਸਤੂ ( ਬੁੱਧ ) ਇਸ ਕਵਿਤਾ ਦਾ ਕੇਂਦਰ ਨਹੀਂ ਹੈ। ਇਸਦਾ ਕੇਂਦਰ, ਸਗੋਂ, ਉਹ ਹੈ ਜੋ ਇਸ ਵਸਤੂ ਦੇ ਝਰੀਟੇ ਅਤੇ ਚਿੱਪਰਾਂ ਲਹੇ ਥਾਂ 'ਤੇ ਉੱਗਿਆ ਹੋਇਆ ਹੈ: ਹਰਿਆਵਲ, ਕਾਈ - ਪੂਰੀ ਬਹਾਰ ਵਿੱਚ। ਕੁਦਰਤ ਚੋਟੀ ਦੀ ਕਲਾਕਾਰ ਹੈ। ਇਸਦੇ ਪ੍ਰਵਾਹ ਵਿਚਲੀਆਂ ਸਾਰੀਆਂ ਹੀ ਵਸਤਾਂ ਇਸਦੇ ਚਿਤ੍ਰ-ਪਟ ਵਿੱਚ ਸ਼ਾਮਿਲ ਹਨ, ਇਹ ਪ੍ਰਵਾਹ ਇਹ ਵਹਾਉ ਵੀ। ਜੀਵਨ ਵਿੱਚ ਕੁਝ ਵੀ ਸਥਿੱਲ ਨਹੀਂ: ਸਭ ਕੁਝ ਸਮੇਂ ਦੇ ਗੇੜ ਵਿੱਚ ਹੈ, ਬੁੱਢਾ/ਪੁਰਾਣਾ ਹੁੰਦਾ ਹੈ, ਤਬਦੀਲ ਹੁੰਦਾ ਹੈ, ਰਫਤਾਰ ਅਤਿ ਸੂਖਮ ਹੀ ਕਿਉਂ ਨਾ ਹੋਵੇ। ਇੱਸਾ ਜ਼ੌਕਾ ਦੀ ਕਲਾਕਾਰੀ ਦੇ ਦਰਸ਼ਨ ਕਰ ਰਿਹਾ ਹੈ। ਉਹ ਬਲਿਹਾਰੇ ਜਾ ਰਿਹਾ ਹੈ ਕਿ ਕਿਵੇਂ ਅਸੰਭਵ, ਸੰਭਵ ਹੋ ਰਿਹਾ ਹੈ, ਇੱਕ ਨਿਗੂਣੀ ਜਿਹੀ ਕੋਮਲ ਬੂਟੀ ਨੇ ਪੱਥਰ ਵਿੱਚ ਆਪਣੀਆਂ ਜੜ੍ਹਾਂ ਜਮਾਅ ਲਈਆਂ ਹਨ। ਬੁੱਤ ਇਨਸਾਨ ਦੇ ਹੱਥਾਂ ਦੀ ਕਾਰੀਗਰੀ ਹਨ। ਇੰਸਾਨ ਦੇ ਹੱਥਾਂ ਦਾ ਬਣਿਆ ਇਸ ਬੁੱਧ ਦਾ ਬੁੱਤ ਅਜੇ ਭਾਵੇਂ ਕੁਦਰਤ ਦੀ ਪੈਦਾਇਸ਼ ਨਹੀਂ ਹੈ ਪਰ, ਵਕ਼ਤ ਦੇ ਨਾਲ ਮੌਸਮ ਦੇ ਜ਼ਰੀਏ ਇੱਕ ਦਿਨ ਕੁਦਰਤ ਨੇ ਇਸਨੂੰ ਵੀ ਆਪਣਾ ਹੀ ਹਿੱਸਾ ਬਣਾ ਲੈਣਾ ਹੈ।

ਨਾ ਮਾਰ !
ਇਹ ਮੱਖੀ ਕਿੰਝ ਹੱਥ ਮਰੋੜੇ
ਪੈਰ ਮਰੋੜੇ

ਇੱਸਾ ਮਹਾਯਾਨ ਬੁੱਧੀਆਂ ਦੇ ਪਾਵਨ ਭੂਮੀ ਫ਼ਿਰਕੇ ( Pure Land Buddhism ) ਦਾ ਅਨੁਯਾਈ ਸੀ। ਉਹ ਜ਼ਿੰਦਗੀ ਦਾ ਆਸ਼ਿਕ਼ ਸੀ ਅਤੇ ਆਪਣੇ ਆਪ ਨੂੰ ਇਸ ਧਰਤ ਦਾ ਇੱਕ ਹਿੱਸਾ ਮਾਤ੍ਰ ਵਜੋਂ ਹੀ ਦੇਖਦਾ ਸੀ, ਨਾ ਉੱਤਮ ਨਾ ਨੀਚ। ਉਹ ਆਪਣੇ ਆਪ ਨਾਲ ਇਸ ਤਥਾਕਥਿਤ ਤੁੱਛ ਮੱਖੀ ਵਲ ਪੱਖਪਾਤੀ ਰਵਈਆ ਤਿਆਗਣ ਦੀ ਗੱਲ ਕਰ ਰਿਹਾ ਹੈ। ਮੁੱਖੀ ਦੇ ਹੱਥਾਂ ਪੈਰਾਂ ਨੂੰ ਵਟੇ ਕਿਉਂ ਆ ਰਹੇ ਹਨ? ਉਹ ਆਪਣੇ ਪਾਠਕ ਦੇ ਮੂੰਹ ਵਿੱਚ ਕੋਈ ਸ਼ਬਦ ਨਹੀਂ ਪਾਉਂਦਾ। ਸਿੱਟੇ ਕੱਢਣ ਲਈ ਅਸੀਂ ਆਜ਼ਾਦ ਛੱਡ ਦਿੱਤੇ ਗਏ ਹਾਂ। ਜੋ ਦਿਸਦਾ ਹੈ ਉਸ ਨਾਲੋਂ ਜ਼ਿੰਦਗੀ ਦੇ ਅਰਥ ਗਹਿਰੇ ਹਨ, ਇੱਕ ਕਵੀ ਲਈ। ਇਹ ਗੁੰਝਲਦਾਰ ਹੈ। It's complex. ਇੱਸਾ ਲਈ ਕੁਦਰਤ ਅਤੇ ਇਸਦੀਆਂ ਕ੍ਰਿਤਾਂ ਇੱਕ ਵਿਚਾਰ ਦੀ ਪੇਸ਼ਕਾਰੀ ਦੇ ਦ੍ਰਿਸ਼ਾਤਮਿਕ ਵਿਸ਼ੇਸ਼ਣਾਂ ਨਾਲੋਂ ਵੱਧ ਮਹੱਤਵ ਵਾਲੀਆਂ ਚੀਜ਼ਾਂ ਸਨ।

ਦੂਰ ਦੇ ਪਹਾੜ
ਇਸਦੀਆਂ ਅੱਖਾਂ ਵਿੱਚ ਝਲਕਦੇ . . .
ਦੈਂਤ ਪਤੰਗਾ

ਮਹਿਜ਼ ਇੱਕ ਬਿਆਨ? ਦੈਂਤ-ਪਤੰਗਾ ਇੱਕ ਨਾਜ਼ੁਕ, ਛੋਟਾ ਜਿਹਾ ਕੀਟ ਹੈ ਜੋ ਮਨੁੱਖ ਨਾਲੋਂ ਵੀ ਪੁਰਾਣਾ ਹੈ। ਕਿਸੇ ਤਰੀਕੇ, ਕਿਸੇ ਵਿਧੀ, ਸਬਰ ਨਾਲ, ਇੱਸਾ ਦੈਂਤ-ਪਤੰਗੇ ਦੀਆਂ ਅੱਖਾਂ ਵਿੱਚ ਦੇਖਦਾ ਹੈ, ਜਾਂ  . . . ਉਹ ਇਸ ਕਾਰਜ ਦੀ ਕਲਪਨਾ ਕਰਦਾ ਹੈ? ਦੂਰ ਦੇ ਪਹਾੜਾਂ ਦਾ ਪਰਤਾਉ ਉਸ ਜੀਵ ਦੀਆਂ ਅੱਖਾਂ ਵਿੱਚ ਹੈ। ਇਹ ਕੁਝ ਇਸ ਤਰਾਂ ਹੈ ਜਿਵੇਂ ਇਸ ਜੀਵ ਦੀਆਂ ਅੱਖਾਂ ਕੋਈ ਐਸੀ ਨਾਲੀ ਹਨ ਉਹ ਸਭ ਦੇਖਣ ਲਈ ਜੋ ਅਕਸਰ ਅਸੀਂ ਦੇਖ ਨਹੀਂ ਪਾਉਂਦੇ - ਜੋ ਹੈ ਪਰ ਨਹੀਂ ਹੈ, ਪਰ ਹੈ। ਜ਼ੌਕਾ ਦੀ ਕਲਾਕਾਰੀ 'ਚ ਖ਼ੂਬਸੂਰਤੀ ਹੈ, ਅਜਿਹੀਆਂ ਚੀਜ਼ਾਂ ਵਿੱਚ ਵੀ ਜੋ ਕਿਸੇ ਲਈ ਸਿਰਫ਼ ਹਵਾ 'ਚ ਪ੍ਰਰਰ-ਪਰਰ ਕਰਦੇ ਕੀਟ ਦੀਆਂ ਭੱਦੀਆਂ ਜਿਹੀਆਂ ਅੱਖਾਂ ਹੀ ਹਨ। ਇਸ ਕਵਿਤਾ ਦੁਆਰਾ ਮਨ ਦੀ ਖੋਜ ਅਤੇ ਵਿਆਖਿਆ ਕਰਨ ਲਈ ਬਹੁਤ ਕੁਝ ਹੈ, ਖ਼ਾਸ ਕਰਕੇ ਜੇ ਅਸੀਂ ਅਣਕਹੇ ਨੂੰ ਇਸ ਮੰਤਵ ਲਈ ਵਰਤੀਏ। ਇਹ ਅਣਕਿਹਾ ਹੀ ਉਹ ਹੈ ਜਿਸਨੂੰ ਜਰਮਨ-ਆਧਾਰਿਤ ਵਿਸ਼ਵਵਿਦਿਆਲਾ ਸਿਸਟਮ ਵਾਲਾ ਚਿੱਤ ਸਮਝਣ ਦੇ ਅਸਮਰਥ ਹੈ।

ਇੱਸਾ ਦੇ ਹੋੱਕੂ ਦੇ ਅਨੁਵਾਦ ਆਧਾਰਿਤ ਹਨ:
ਕੋਬਾਯਾਸ਼ੀ ਇੱਸਾ ਅਨੁ. ਮਾਕੋਤੋ ਉਏਡਾ
ਘਾਹ 'ਤੇ ਤ੍ਰੇਲ: ਕੋਬਾਯਾਸ਼ੀ ਇੱਸਾ ਦਾ ਜੀਵਨ ਅਤੇ ਰਚਨਾ

ਯੋਸਾ ਬੂਸੋਂ

ਪਹਾੜੀ ਤਿੱਤਰ
ਟਾਹਣੀ 'ਤੇ ਪੈਰ ਇੱਧਰੋਂ ਉੱਧਰ ---
ਲੰਬੀ ਹੈ ਰਾਤ!

ਪਹਿਲੀ ਨਜ਼ਰੇ ਇਹ ਹੋੱਕੂ ਇੱਕ ਭੁਲੇਖਾ ਸਿਰਜਦਾ ਹੈ, ਬੂਸੋਂ ਜਿਵੇਂ ਇਸ ਦ੍ਰਿਸ਼ ਦਾ ਦਰਸ਼ਕ ਹੋਵੇ। ਗੱਲ ਐਪਰ, ਪ੍ਰਤੱਖ ਤੋਂ ਕੀਤੇ ਗਹਿਰੀ ਹੈ। ਬੂਸੋਂ ਇੱਕ ਪ੍ਰਸਿੱਧ ਅਤੇ ਕਾਮਯਾਬ ਚਿਤ੍ਰਕਾਰ ਸੀ। ਉਸਨੂੰ ਰਿਕਤ ਸਥਾਨ, ਮਆਹ, ਅਤੇ ਮਕੋਤੋ, ਅਤੇ ਦੂਸਰੇ ਸੁਹਜ ਦੇ ਔਜ਼ਾਰਾਂ ਦੀ ਕ਼ੀਮਤ ਦਾ ਗਹਿਰਾ ਅਹਿਸਾਸ ਸੀ, ਇਹਨਾਂ ਜਰੀਏ ਉਹ ਹਮੇਸ਼ਾ ਥੋੜੇ ਨਾਲ ਬਹੁਤਾ ਕਹਿਣ ਦੇ ਤਰੀਕੇ ਢੂੰਢਦਾ, ਅਣਕਿਹਾ ਤੇ ਅਣਦੇਖਿਆ ਪੇਸ਼ ਕਰਨਾ, ਉਸ ਪਰਾਭੌਤਿਕ ਦਾ ਇਸ਼ਾਰਾ ਕਰਨਾ ਜਿਸਨੂੰ ਸਮਝਣ ਵਿੱਚ ਅੱਜ ਵੀ ਪੱਛਮ ਨੂੰ ਦਿੱਕਤ ਆਉਂਦੀ ਹੈ ਤੇ ਉਹ ਪੂਰਵੀ ਧਾਰਨਾਵਾਂ ਨੂੰ ਕਿਸੇ ਤਰਾਂ ਪੱਛਮੀ ਵਿਚਾਰ-ਵਿਧੀ ਦੇ ਹੀ ਚੌਖਟੇ ਵਿੱਚੀਂ ਸਮਝਣਾ ਚਾਹੁੰਦੇ ਹਨ। ਬੂਸੋਂ ਦੀਆਂ ਚਿਤ੍ਰਕਲਾ ਦੀਆਂ ਕ੍ਰਿਤੀਆਂ ਅਤੇ ਹੋੱਕੂ ਵਿੱਚ ਬੁੱਧਮੱਤ ਦੇ ਕਈ ਇੱਕ ਵਿਚਾਰਾਂ, ਤਾਓ-ਮੱਤ, ਸ਼ਿਂਟੋ, ਅਤੇ ਸਨਾਤਨੀ ਜੜ੍ਹਵਾਦ ਦਾ ਅਜਿਹਾ ਸੁ-ਮਿਸ਼ਰਣ ਹੈ ਕਿ ਉਹ ਸਾਕਾਰ ਅਤੇ ਮੂਰਤੀਮਾਨ ਨਾ ਹੋਣ ਕਾਰਨ ਉਹਨਾਂ ਨੂੰ ਨਾ ਤਾਂ ਕਿਸੇ ਖ਼ਾਸ ਵਰਗ ਵਿੱਚ ਰਖਿਆ ਜਾ ਸਕਦਾ ਹੈ ਤੇ ਨਾ ਹੀ ਸਪਸ਼ਟਤਾ ਨਾਲ ਉਹਨਾਂ ਬਾਰੇ ਕੁਝ ਕਿਹਾ ਜਾ ਸਕਦਾ ਹੈ। 

ਪਿੱਛੇ ਜ਼ਿਕ੍ਰ ਕੀਤੀਆਂ ਸੁਹਜ ਦੀਆਂ ਅਦਾਵਾਂ, ਸਮੇਤ ਉਹਨਾਂ ਦੇ ਜੋ ਇਸ ਸੂਚੀ ਵਿੱਚ ਨਹੀਂ ਵੀ ਕਹੀਆਂ ਗਈਆਂ, ਉਹ ਔਜ਼ਾਰ ਹਨ ਜਿਹਨਾਂ ਤੋਂ ਯਾਮਾਤੋ ਜਾਪਾਨੀ ਭਾਸ਼ਾ ਦੇ ਵਰਤਣ ਵਾਲੇ ਸਹਿਜ-ਗਿਆਨ ਰੂਪ ਵਿੱਚ ਹੀ ਵਾਕਿਫ਼ ਸਨ ਅਤੇ ਇਹਨਾਂ ਨੂੰ ਪ੍ਰੀਭਾਸ਼ਿਤ ਕਰਨ ਦੀ  ਨਹੀਂ ਸੀ ਸਮਝੀ ਜਾਂਦੀ। ਜਦੋਂ ਮੀਜੀ ਕਾਲ ਦੌਰਾਨ ਜਾਪਾਨ ਨੇ ਜਰਮਨ-ਆਸ਼ਰਿਤ ਵਿਸ਼ਵਵਿਦਿਆਲਾ ਪ੍ਰਣਾਲੀ ਨੂੰ ਅਪਣਾਇਆ ਤਾਂ ਇਹ ਜ਼ਰੂਰਤ ਆ ਪਈ ਕਿ ਉਹ ਆਪਣੀ ਭਾਸ਼ਾ ਨੂੰ ਪੱਛਮੀ ਚਿੱਤ ਦੇ ਸਮਝ ਆਉਣ ਵਾਲੀ ਬਣਾਉਣ, ਪਰ ਇਹ ਮਨ-ਚਿੱਤ ਅਜਿਹਾ ਸੀ ਜਿਸਦੀ ਫ਼ਲਸਫ਼ੇ, ਮਨੋਵਿਗਿਆਨ, ਵਿਗਿਆਨ, ਅਤੇ ਕਲਾ ਬਾਰੇ ਸਮਝ ਉਹਨਾਂ ਦੀ ਸਮਝ ਨਾਲੋਂ ਅਸਲੋਂ ਹੀ ਭਿੰਨ ਸੀ। ਇਹਨਾਂ ਖੇਤਰਾਂ ਦੇ ਬਹੁਤ ਸਾਰੇ ਸ਼ਬਦਾਂ ਦੀਆਂ ਚੂੰਕਿ ਕੋਈ ਪ੍ਰੀਭਾਸ਼ਾਵਾਂ ਹੀ ਨਹੀਂ ਸਨ ਤਾਂ, ਜਿਸਨੂੰ ਮਾਈਕਲ ਮਾਰਾ "ਨਰਮ ਭਾਸ਼ਾ" ਕਹਿੰਦਾ ਹੈ, ਦੇ ਅੰਤਰਗਤ ਜਾਪਾਨ ਨੇ ਪੱਛਮੀ ਪ੍ਰੀਭਾਸ਼ਾਵਾਂ ਅਖਤਿਆਰ ਕਰ ਲਈਆਂ, ਇਸ ਫ਼ੈਸਲੇ ਕਾਰਨ ਉਹਨਾਂ ਦਾ ਸਭਿਆਚਾਰ ਵੀ ਅਰਧ-ਵਿਚਾਰਿਕ ਬਸਤੀਵਾਦ ਅਧੀਨ ਹੋ ਗਿਆ।

ਜ਼ੌਕਾ, ਜੋ ਕਦੇ ਕੁਦਰਤ ਦੀ ਸਿਰਜਣਾਤਮਿਕ ਸ਼ਕਤੀ ਦੇ ਅਰਥ ਰੱਖਦਾ ਸੀ, ਹੁਣ ਕੁਦਰਤ ਵਜੋਂ ਪ੍ਰੀਭਾਸ਼ਿਤ ਹੋਣ ਲੱਗਾ, ਫਲਸਰੂਪ ਹੁਣ ਇਹ ਨਿਰੰਤਰ ਵਿਗਸਣ ਦੀ ਕਿਰਿਆ ( ਕੋਤੋ ) ਦੀ ਜਗ੍ਹਾ ਇੱਕ ਵਸਤ ( ਮੋਨੋ ) ਵਜੋਂ ਸਮਝਿਆ ਜਾਂ ਲੱਗਾ।

ਮਿਖ਼ਾਇਲ ਮਾਰਾ ਆਪਣੀ ਕਿਤਾਬ ਜਾਪਾਨ ਬਾਰੇ ਲੇਖ: ਸੁਹਜ ਅਤੇ ਸਾਹਿਤ ਦਰਮਿਆਨ  ਵਿੱਚ ਲਿਖਦਾ ਹੈ:

"ਸੁਹਜ-ਸ਼ਾਸਤ੍ਰ ਦੇ ਜਾਪਾਨ ਵਿੱਚ ਹੋਏ ਇਸ ਆਯਾਤ ਨੇ ਅਲੰਕਾਰ-ਸ਼ਾਸਤ੍ਰ, ਕਾਵਿ-ਸ਼ਾਸਤ੍ਰ, ਅਤੇ ਰੰਗਮੰਚ ਨਾਲ ਸੰਬੰਧਿਤ ਸੰਕਲਪਾਂ ਨੂੰ ਇਸ ਸੁਹਜ-ਸ਼ਾਸਤ੍ਰ ਦੇ ਉਪ-ਵਰਗਾਂ ਅਨੁਸਾਰੀ ਹੀ ਮੁੜ-ਪ੍ਰੀਭਾਸ਼ਿਤ ਕਰਨ ਲਈ ਮਜਬੂਰ ਕਰ ਦਿੱਤਾ, ਜਿਸਦੇ ਫਲਸਰੂਪ ਇਹ ਸੰਕਲਪ ਪੱਛਮੀ ਸੁਹਜ ਦੇ ਜਾਪਾਨੀ ਪ੍ਰਤੀਰੂਪ ਜਾਂ ਬਦਲ ਬਣਕੇ ਰਹਿ ਗਏ।"

ਮਾਰਾ ਨੇ ਇਹ ਵੀ ਲਿਖਿਆ:

"ਇਹ ਸ਼ਬਦ "ਸੁਹਜ" ਪੱਛਮ ਤੋਂ ਸੁਹਜ-ਸ਼ਾਸਤ੍ਰ ਦੇ ਖੇਤਰ ਨਾਲ ਸੰਬੰਧਿਤ ਸੰਕਲਪਾਂ ਦੀ ਜੋ ਫ਼ੌਜ ਆਪਨੇ ਨਾਲ ਲੈ ਕੇ ਆਇਆ ਉਸਨੇ ਜਾਪਾਨੀ ਬੁੱਧੀਜੀਵੀਆਂ ਨੂੰ ਮਜਬੂਰ ਕਰ ਦਿੱਤਾ ਕਿ ਉਹ ਆਪਣੇ ਸਭਿਆਚਾਰਿਕ ਵਿਰਸੇ ਬਾਰੇ ਪੱਛਮੀ ਨਜ਼ਰੀਏ ਤੋਂ ਮੁੜ ਵਿਚਾਰ ਕਰਨ। ਕਰੀਬਨ ਇੱਕ ਹਜ਼ਾਰ ਸਾਲ ਵਿੱਚ ਜੋ ਬੌਧਿਕ ਗਤੀਵਿਧੀਆਂ ਜਾਪਾਨ ਵਿੱਚ ਵਿਕਸਤ ਹੋਈਆਂ ਸਨ ਉਹਨਾਂ ਨੂੰ ਆਪਣਾ ਤਰੀਕਾ ਬਦਲ ਕੇ ਹੁਣ ਪੱਛਮੀ ਵਿਗਿਆਨਾਂ ਦੀ ਸੂਝ ਵਾਲੇ ਚੌਖਟੇ ਦੇ ਅੰਤਰਗਤ, ਆਪਣੀ ਸਥਾਨਿਕ ਸਭਿਚਾਰਿਕ ਪੈਦਾਵਾਰ ਦੇ ਮੁਲਾਂਕਣ ਅਤੇ ਚਰਚਾ ਲਈ ਪੱਛਮੀ ਮਾਪਦੰਡਾਂ ਅਨੁਸਾਰ, ਆਪਣਾ ਰਾਹ ਬਦਲਨਾ ਪਿਆ।"

ਵਣਾਂ ਦਾ ਪੰਖੀ, ਪਹਾੜੀ ਤਿੱਤਰ, ਟਾਹਣੀ ਤੇ ਆਪਣੇ ਪੈਰ ਹਿਲਾਉਂਦਾ ਹੈ, ਰਤਾ ਕੁ ਇਧਰ ਉਧਰ ਹੁੰਦਾ ਹੈ। ਸੁਸਤੀ, ਅਤੇ ਬੇਚੈਨੀ ਦੋਵੇਂ ਅਨੁਮਾਨ ਹਿੰਦੇ ਹਨ। ਲੰਬੀ ਰਾਤ ਤੋਂ ਜਾਪਾਨੀਆਂ ਦਾ ਮਤਲਬ ਸਿਆਲ ਦੀਆਂ ਰਾਤਾਂ ਦਾ ਹੁੰਦਾ ਹੈ। ਲੰਬੀ ਇਥੇ ਕੁੰਜੀਵਤ ਸ਼ਬਦ ਹੈ। ਜਾਪਾਨ ਦੇ ਸਿਆਲ ਅਤਿਅੰਤ ਠੰਡੇ ਹਨ - ਬਰਫ਼ਹਾਰ। ਗਰਮਾਉਣ ਲਈ ਪ੍ਰੋਪੇਨ ਅਤੇ ਬਿਜਲੀ ਉਦੋਂ ਨਹੀਂ ਸੀ ਹੁੰਦੇ। ਰਾਤ ਸਮੇਂ, ਦੇਖਣ ਲਈ ਮੋਮਬੱਤੀਆਂ ਅਤੇ ਠੰਡ ਝੱਲਣ ਲਈ ਮੋਟੇ ਕੱਪੜਿਆਂ ਦੀਆਂ ਪਰਤਾਂ ਦਾ ਹੀ ਆਸਰਾ ਸੀ। ਰਾਤਾਂ ਲੰਬੀਆਂ ਹਨ। ਹੁਣ ਚਿਤਵੋ ਇੱਕ ਪੱਤਹੀਣ ਸੁੱਕੀ ਨੰਗੀ ਟਾਹਣੀ 'ਤੇ ਬੈਠੇ ਇੱਕ ਪਹਾੜੀ ਤਿੱਤਰ ਨੂੰ। ਇਸਨੇ ਕਿਸੇ ਗਰਮ ਥਾਂ ਵੱਲ ਹਿਜ਼ਰਤ ਨਹੀਂ ਕੀਤੀ। ਜੰਮੀ ਹੋਈ ਸਰਦ ਰਾਤ ਵਿੱਚ, ਕਿਸੇ ਇਨਸਾਨ ਵਾਂਗ ਹੀ ਇਹ ਵੀ ਬੇਚੈਨ ਹੈ, ਸੌਂ ਨਹੀਂ ਸਕਦਾ। ਇਸਦੀ ਲੰਬੀ ਪੂੰਛ ਹੈ, ਲੰਬੀ ਰਾਤ ਵਾਂਗ ਹੀ। ਇਹ ਇੱਕ ਵੱਡਾ ਸਾਰਾ ਤਿੱਤਰ ਹੁੰਦਾ ਹੈ ਜਿਸਦੇ ਤਾਂਬੇ ਰੰਗੀਆਂ ਲਿਸ਼ਕਾਂ ਵਾਲੇ ਅਖਰੋਟ ਰੰਗੇ-ਭੂਰੇ ਖੰਭ, ਪੀਲੀ ਜਿਹੀ ਚੁੰਝ, ਬਿੱਲੀਆਂ ਅੱਖਾਂ ਅਤੇ ਚੇਹਰੇ ਦੀ ਚਮੜੀ ਲਾਲ ਹੁੰਦੀ ਹੈ। ਮਾਦਾ ਪੰਖੀ ਦੇ ਉੱਪਰਲੇ ਹਿੱਸੇ ਦਾ ਰੰਗ ਸਲੇਟੀ ਭੂਰਾ ਅਤੇ ਹੇਠਾਂ ਵੱਲ ਧਾਰੀਦਾਰ ਪਾਂਡੂ ਭਾ ਵਾਲਾ ਗਾੜ੍ਹਾ ਭੂਰਾ ਹੁੰਦਾ ਹੈ। ਬੂਸੋਂ ਨੇ ਰਾਤ ਵੇਲੇ ਪੰਖੀ ਨੂੰ ਕਿੰਨਾ ਕੁ ਦੇਖ ਲਿਆ ਸੀ? ਪਹਾੜੀ ਤਿੱਤਰ ਮਨੁਖ-ਜਾਤਿ ਦੇ ਮੱਥੇ ਲੱਗਣ ਤੋਂ ਪ੍ਰਹੇਜ਼ ਹੀ ਕਰਦਾ ਹੈ। ਇਸ ਦਰਿਸ਼ ਨੂੰ ਵੇਖਣ ਮੌਕੇ ਬੂਸੋਂ ਕਿਥੇ ਸੀ? ਬੂਸੋਂ, ਘਰੋਂ ਬਾਹਰ ਠੰਡ ਵਿੱਚ ਬੈਠੇ ਇਸ ਪੰਖੀ ਨਾਲ ਇੱਕ ਤਾਦਾਤਮ ਸਥਾਪਤ ਕਰਦਾ ਹੈ, ਇਸਨੂੰ ਆਪਣੇ ਨਾਲ ਮੇਲ ਕੇ ਦੇਖਦਾ ਹੈ: ਇਸਦੀ ਬੇਚੈਨੀ, ਇਸਦਾ ਇਕਲਾਪਾ, ਇਸਦਾ ਉਨੀਂਦਰਾ। ਉਸ ਪਲ ਲਈ ਬੂਸੋਂ ਇਸ ਪੰਖੀ ਨਾਲ ਇੱਕ ਹੋ ਜਾਂਦਾ ਹੈ, ਇੰਦਰਿਆਵੀ/ਐਂਦਰਿਕ ਅਤੇ ਸੰਵੇਦਨਾ ਦੇ ਪੱਖ ਤੋਂ।

ਦੈਂਤ-ਪਤੰਗੇ
ਮੇਰੇ ਪਿਆਰੇ ਜੱਦੀ ਪਿੰਡ ਦੇ,
ਕੰਧਾਂ ਦਾ ਰੰਗ !

ਚੂੰਕਿ ਜਾਪਾਨੀ ਭਾਸ਼ਾ ਵਿੱਚ ਕੋਈ ਵਿਰਾਮਾਦਿਕ ਚਿੰਨ੍ਹ ਨਹੀਂ ਹਨ ਤਾਂ ਜ਼ਾਹਿਰ ਹੈ ਕਿ ਦੂਜੀ ਸਤਰ ਦੇ ਅੰਤ 'ਤੇ ਕੌਮਾ ਅਨੁਵਾਦਿਕ ਨੇ ਉਹ ਵਿਰਾਮ ਦਰਸਾਉਣ ਲਈ ਪਾਇਆ ਹੈ ਜੋ ਕੰਮ ਮੂਲ ਵਿੱਚ ਪ੍ਰੀਭਾਸ਼ਾ ਬਾਹਰੇ ਕੱਟਣ ਵਾਲੇ ਸ਼ਬਦ ਨੇ ਕੀਤਾ ਹੈ। ਬੂਸੋਂ ਆਪਣੇ ਪਿਆਰੇ ਪਿੰਡ ਦੀ ਫੇਰੀ 'ਤੇ ਹੈ। ਉਹ ਪਿੰਡ ਦੇ ਘਰਾਂ ਦੀਆਂ ਕੰਧਾਂ ਤੇ ਬੈਠੇ ਦੈਂਤ-ਪਤੰਗਿਆਂ ਨੂੰ ਤੱਕਦਾ ਹੈ। ਦੂਜੀ ਸਤਰ ਦੇ ਆਖ਼ਿਰ 'ਤੇ ਵਿਰਾਮ ( ਮਆਹ = Ma ) ਹੈ ਜਿਸਨੂੰ ਡੇਨਿਸ ਗੈਰੀਸਨ "ਸ਼ਯਨ-ਕਕਸ਼/ਖ਼ਾਬਗਾਹ" ( Dreaming Room ) ਕਹਿੰਦਾ ਹੈ; ਇੱਕ ਪਲ ਵਿਚਾਰਨ ਲਈ, ਪੂਰਵ-ਅਨੁਮਾਨ ਲਈ, ਅਤੇ ਗ੍ਰਹਿਣ ਕਰਨ ਲਈ।

ਦੈਂਤ-ਪਤੰਗੇ
ਮੇਰੇ ਪਿਆਰੇ ਜੱਦੀ ਪਿੰਡ ਦੇ (ਵਿਰਾਮ )
ਕੰਧਾਂ ਦਾ ਰੰਗ !

ਕੰਧਾਂ ਪੁਰਾਣੀਆਂ ਹਨ, ਵਕ਼ਤ ਦੀਆਂ ਛੰਡੀਆਂ ਹੋਈਆਂ, ਦੇਖਣ ਵਿੱਚ ਭੱਦੀਆਂ ਜਿਹੀਆਂ। ਜ਼ੌਕਾ ਦੇ ਚਿਤ੍ਰਕਾਰੀ ਦਾ ਬੁਰਸ਼ ਆਪਣੇ ਚਮਤਕਾਰ ਨਾਲ ਇਸ ਚਿੱਤ੍ਰਪਟ ਵਿੱਚ ਦੈਂਤ-ਪਤੰਗੇ ਵਾਹ ਦਿੰਦਾ ਹੈ। ਬੂਸੋਂ ਇਸ ਕਲਾਕਾਰੀ ਨੂੰ ਪਹਿਚਾਣ ਪਾਉਂਦਾ ਹੈ, ਇਹੋ ਸੂਚਨਾ ਮਿਲਦੀ ਹੈ। ਮੂਲ ਵਿੱਚ ਕੋਈ ਵਿਸਮਿਕ ਚਿੰਨ੍ਹ ਵੀ ਨਹੀਂ ਹੈ। ਜੇ ਤੁਸੀਂ ਆਪਨੇ ਪਿੰਡ ਜਾਵੋਂ ਅਤੇ ਆਪਨੇ ਜੱਦੀ ਘਰ ਜਾਂ ਉਸਦੇ ਆਂਢ-ਗੁਆਂਢ ਦੇ ਕਿਸੇ ਘਰ ਦੀ ਕੰਧ ਤੇ ਬੈਠੇ ਦੈਂਤ-ਪਤੰਗੇ ਦੇਖੋਂ ਤਾਂ ਤੁਹਾਡੀ ਕੀ ਪ੍ਰਤੀਕ੍ਰਿਆ ਹੋਵੇਗੀ? ਕੀ ਉਹੋ ਘਰ ਦੀ ਮੁਰਗੀ ਦਾਲ ਬਰਾਬਰ ਵਾਲੇ ਹਿਸਾਬ ਵਾਂਗ ਤੁਸੀਂ ਬੇਧਿਆਨੀ ਹੀ ਵਰਤੋਂਗੇ ਇਹਨਾਂ ਵੱਲ, ਇਹਨਾਂ ਦੀ ਖ਼ੂਬਸੂਰਤੀ ਵੱਲ, ਅਤੇ ਉਸ ਖ਼ੂਬਸੂਰਤੀ ਵੱਲ ਜੋ ਇਨ੍ਹਾਂ ਨੇ ਆਪਣੀ ਮਹਿਜ਼ ਹਾਜ਼ਿਰੀ ਨਾਲ ਹੀ ਕੰਧ 'ਤੇ ਚਿਤ੍ਰਕਾਰੀ ਕਰਕੇ ਕੀਤੀ ਹੈ? ਇਸ ਮੁੱਖ-ਮੁਦ੍ਰਾ ਤੋਂ ਕੁਦਰਤ ਬਾਰੇ ਅਤੇ ਆਪਣੇ ਨਿੱਜ ਬਾਰੇ ਕੀ ਸਿੱਖਿਆ ਜਾ ਸਕਦਾ ਹੈ? ਤੁਹਾਡੇ ਚਿੱਤ ਵਿੱਚ ਇਸ ਨਾਲ ਕਿਹੋ ਜਿਹੀਆਂ ਭਾਵਨਾਵਾਂ ਅਤੇ ਯਾਦਾਂ ਉਮਡਦੀਆਂ ਹਨ?

ਅਲਵਿਦਾ ਉਸਨੂੰ
ਪਹਾੜੋਂ ਪਾਰ ਜੋ ਜਾ ਰਿਹਾ —
ਉੱਜੜੇ ਖੇਤ !

ਉੱਜੜੇ ਖੇਤ ਨੂੰ ਜਦੋਂ "ਅਲਵਿਦਾ" ਨਾਲ ਟਕਰਾ ਕੇ ਦੇਖਦੇ ਹਾਂ ਤਾਂ ਵਿਆਖਿਆਤਮਿਕ ਅਰਥਾਂ ਦੀ ਬਹੁਬਲਤਾ ਉਪਜਦੀ ਹੈ। ਸੁੱਕੇ/ਉੱਜੜੇ ਨਾਲ ਮਨ ਵਿੱਚ ਇੱਕ ਬਿੰਬ ਆਕਾਰ ਲੈਂਦਾ ਹੈ ਕਿਸੇ ਦਾ ਜੋ ਮਰ ਰਿਹਾ ਹੈ, ਬੁੱਢਾ ਹੈ, ਜੀਵੰਨਤਤਾ ਖੋ ਚੁੱਕਾ ਹੈ। ਕੀ ਇਹ ਵਿਅਕਤੀ ਮਰ ਚੁੱਕਾ ਹੈ ਜਾਂ ਮਰਨ ਵਾਲਾ ਹੈ? ਕੀ ਕਵੀ ਉਸਨੂੰ ਆਖ਼ਰੀ ਬਾਰ ਦੇਖ ਰਿਹਾ ਹੈ? ਅਸੀਂ, ਕੁਦਰਤ ਵਿਚਲੀ ਹਰ ਸ਼ੈਅ ਵਾਂਗ, ਨਾਸ਼ਵਾਨ ਹਾਂ, ਇਹੋ ਸੱਚ ਸਾਡੀਆਂ ਪਰਿਕਲਪਨਾਵਾਂ, ਸਿਧਾਂਤਾਂ ਅਤੇ ਵਿਚਾਰਿਕਤਾ ਦਾ ਹੈ। ਤਬਦੀਲੀ ਹੀ ਇੱਕੋ-ਇੱਕ ਅਟੱਲਤਾ ਹੈ। ਜੇ ਵਿਚਾਰਿਕਤਾ ਦੇ ਘੇਰੇ 'ਚੋਂ ਨਿਕਲਕੇ ਦੇਖੀਏ ਆਪਣੇ ਸੀਮਤ ਮਨ ਦੇ ਹੁਣ ਤੋਂ ਪਾਰ ਅਸੰਖ ਸੰਭਾਵਨਾਵਾਂ ਦੀ ਇੱਕ ਨਿਰੰਤਰਤਾ ਦੇ ਦਰਸ਼ਨ ਹੁੰਦੇ ਹਨ।

ਮਸਤੀ --
ਮੁਕਤ ਹੋ ਰਹੀ ਘੰਟੀ ਤੋਂ
ਘੰਟੀ ਦੀ ਆਵਾਜ਼

ਬੂਸੋਂ ਸਮਦੇਸ਼ੀ ਸਮੀਪਤਾ ਦਾ ਕਮਾਲ ਦਾ ਇਸਤੇਮਾਲ ਕਰ ਰਿਹਾ ਹੈ ਜਦੋਂ ਉਹ ਮਸਤੀ ਨੂੰ ਟਕਰਾਉਂਦਾ/ਮੇਲਦਾ ਹੈ ਘੰਟੀ ਨੂੰ ਛੱਡ ਰਹੀ ਘੰਟੀ ਦੀ ਆਵਾਜ਼ ਨਾਲ। ਕੀ ਘੰਟੀ ਦੀ ਵੀ ਆਪਣੀ ਕੋਈ ਆਵਾਜ਼ ਹੈ? ਇੱਥੇ ਬੂਸੋਂ ਮਾਨਵੀਕਰਣ ਕਰ ਰਿਹਾ ਹੈ ਜਿਸਦੀ ਕੁਝ ਹਾਇਕੂ ਜੁੰਡਲੀਆਂ ਵਿੱਚ ਸਖ਼ਤ ਮਨਾਹੀ ਹੈ। ਹਾਇਕੂ ਜਿਹੀ ਜੜ੍ਹ ਵਸਤੂ ਦੀ ਕੋਈ ਆਵਾਜ਼ ਨਹੀਂ ਹੈ। ਤਦ ਭੀ ਜੇ ਇਸਨੂੰ ਵਜਾਈਏ ਤਾਂ ਇਸਦੀ ਕਿਸੇ ਗੀਤ ਵਰਗੀ ਆਵਾਜ਼ ਹੈ। ਕੀ ਘੰਟੀ ਦੇ ਬੋਲ ( ਗੀਤ ) ਮਸਤ ਹੈ ਜਾਂ ਮਸਤੀ ਉਹ ਭਾਵ ਹੈ ਜੋ ਇਸਨੂੰ ਵਜਾਉਣ ਨਾਲ ਪੈਦਾ ਹੋਈ ਇਸਦੀ ਪ੍ਰਤੀਪਲ ਮੱਧਮ ਹੁੰਦੀ ਸੁਰੀਲੀ ਗੂੰਜ ਨਾਲ ਪੈਦਾ ਹੁੰਦਾ ਹੈ? ਤੁਹਾਡੇ ਚਿੱਤ ਵਿੱਚ ਇਹ ਕਵਿਤਾ ਕਿਹੋ ਜਿਹਾ ਭਾਵ ਪੈਦਾ ਕਰਦੀ ਹੈ? ਇਸ ਹਾਇਕੂ ਵਿਚੋਂ ਯੁਗੇਨ ( ਗਹਿਰਾਈ ਅਤੇ ਰਹੱਸ ) ਡੁੱਲ-ਡੁੱਲ ਪੈਂਦਾ ਹੈ, ਵਿਆਖਿਆ ਦੀਆਂ ਸੰਭਾਵਨਾਵਾਂ ਦੇ ਇੱਕ ਅਮੁੱਕ ਝਰਨੇ ਵਾਂਗ।
                 
ਬੂਸੋਂ ਦੇ ਹਾਇਕੂ ਦੇ ਅਨੁਵਾਦ ਆਧਾਰਿਤ ਹਨ:
ਯੋਸਾ ਬੂਸੋਂ: ਹਾਇਕੂ ਉਸਤਾਦ ਬੂਸੋਂ
ਅਨੁ. ਯੂਕੀ ਸਾਵਾ ਅਤੇ ਏਡਿਥ ਐਮ. ਸ਼ਿਫ੍ਰੱਟ

ਚਿਯੋ-ਨੀ

ਉੱਚਾ ਉੱਡਦੇ ਚਾਤਕ ਪੰਛੀ ---
ਤੇਰੇ ਕੀ ਵਿਚਾਰ ਹਨ ਇਸ
ਅਸੀਮ ਆਕਾਸ਼ ਬਾਰੇ?

ਆਨ-ਲਾਈਨ ਹਾਇਕੂ ਵਰਕਸ਼ਾਪਾਂ ਵਿੱਚ ਇਹ ਸਵਾਲੀਆ ਨਿਸ਼ਾਨ ਵਾਲੇ ਹਾਇਕੂ ਢੇਰਾਂ ਦੇ ਢੇਰ ਮਿਲਦੇ ਹਨ। ਸਵਾਲ ਪੁੱਛਣਾ ਸੌਖਾ ਕੰਮ ਹੈ। ਕਿਸੇ ਜਾਨਵਰ ਜਾਂ ਕਿਸੇ ਜ਼ਿੰਦਾ ਜਾਂ ਜੜ੍ਹ ਚੀਜ਼ ਵੱਲ ਤੱਕਿਆ ਤੇ ਸਵਾਲ ਪੁੱਛ ਮਾਰਿਆ। ਚਿਯੋ-ਨੀ ਹੋੱਕੂ ਕਿਵੇਂ ਭਿੰਨ੍ਹੈ, ਵਿਲੱਖਣ ਹੈ? ਇੱਕ ਚਾਤਕ ਪੰਛੀ ਬਹੁਤ ਉੱਚਾ, ਮੁਹਾਵਰੇ ਵਾਲੇ ਅੱਧ-ਆਸਮਾਨ 'ਚ ਉੱਡ ਰਿਹਾ ਹੈ। ਆਸਮਾਨ ਆਸੀਮ ਹੈ। ਚਿਯੋ-ਨੀ ਇੱਕ ਜ਼ੇਨ-ਬੋਧੀ ਭਿਖਣੀ ਔਰਤ ਸੀ, ਬਾਸ਼ੋ ਦੀ ਸਮਕਾਲੀ। ਦੋਵੇਂ ਇੱਕ ਦੂਜੇ ਦੇ ਜਾਣੂੰ ਵੀ ਸਨ। ਇੱਕ ਜ਼ੇਨ-ਬੋਧਣ ਵਜੋਂ ਉਸਦਾ ਅਨੰਤਤਾ ਬਾਰੇ, ਅਸੀਮਤ ਆਸਮਾਨ ਬਾਰੇ ਕੀ ਵਿਚਾਰ ਸੀ? ਕੀ ਉਸਨੇ ਸੱਚਮੁਚ ਹੀ ਚਟਕ ਪੰਛੀ ਨੂੰ ਸਵਾਲ ਪੁਛਿਆ ਜਾ ਇਹ ਉਸਦੀ ਸਾਹਿਤਿਕ ਈਜਾਦ ਹੀ ਸੀ? ਉਹ ਅਜਿਹਾ ਕੀ ਜਾਣਨਾ ਚਾਹੁੰਦੀ ਸੀ ਜਿਸਦਾ ਉਸਨੂੰ ਪਹਿਲਾਂ ਤੋਂ ਹੀ ਪਤਾ ਨਹੀਂ ਸੀ? ਜੇ ਕੋਈ ਆਪਣੇ ਨਿੱਜ ਨੂੰ ਤਿਆਗੇ ਅਤੇ ਆਪਣੀਆਂ ਪੂਰਵ-ਧਾਰਨਾਵਾਂ ਤੋਂ ਮੁਕਤ ਹੋ ਸਕੇ ਤਾਂ ਬਹੁਤ ਕੁਝ ਨਵਾਂ ਹੈ ਜੋ ਸਿਖਣ ਨੂੰ ਮਿਲਦਾ ਹੈ। ਆਪਣੇ ਪ੍ਰਸ਼ਨ ਦਾ ਉੱਤਰ ਪਾਉਣ ਲਈ ਚਿਯੋ-ਨੀ ਖ਼ੁਦ ਚਾਤਕ ਪੰਛੀ ਬਣ ਜਾਂਦੀ ਹੈ।

ਪੰਛੀ ਦਾ ਗੀਤ
ਛੱਡ ਚੁੱਕਾ ਇਹ ਜਗਤ ਕਦ ਦਾ
ਹੁਣ ਇਹ ਹੈ ਸਿਰਫ਼ ਚੀੜ੍ਹ ਦੀ ਆਵਾਜ਼

ਜੋ ਕਦੇ ਇੱਕ ਪੰਛੀ ਦਾ ਗੀਤ ਸੀ ( ਨਿਸ਼ਕਰਸ਼ਣ ਸੁਰੀਲਾ ) ਉਹ ਖਿੰਡ-ਪੁੰਡ ਚੁੱਕਾ ਹੈ, ਧੁਨੀ ਅਰੁੱਕ ਹੈ, ਅਨੰਤ ਵੱਲ ਵਧਦੀ ਸਦਾ। ਯਾਦਾਂ ਦਾ ਸਰਮਾਇਆ ਤਾਂ ਹੈ ਪਰ ਕਵਿਤ੍ਰੀ ਨੂੰ ਇਹ ਹੁਣ ਉਸਦੇ ਗਿਆਨ-ਇੰਦ੍ਰਿਆਂ ਨਾਲ ਨਹੀਂ ਸੁਣ ਰਿਹਾ। ਉਸਨੂੰ ਜੋ ਹੁਣ ਸੁਣ ਰਿਹਾ ਹੈ ਉਹ ਚੀੜ੍ਹ ਦੇ ਦਰਖਤ ਦੀ ਹਵਾ, ਨਮੀ, ਸੂਰਜ ਦੀ ਰੌਸ਼ਨੀ ਅਤੇ ਹੋਰ ਪੱਖਾਂ ਕਰਕੇ ਪੈਦਾ ਹੋਈ ਆਵਾਜ਼ ਹੈ। ਜਿਸ ਗੀਤ ਨੂੰ ਕਦੇ ਚਿਯੋ-ਨੀ ਅਤੇ ਹੋਰਾਂ ਨੇ ਸੁਣਿਆ ਸੀ ਉਹ ਹੁਣ ਸਿਰਫ਼ ਯਾਦਾਂ ਅਤੇ ਜੋ ਵੀ ਤਸਵੀਰ ਇਹ ਯਾਦਾਂ, ਚਿਤ੍ਰ ਸਕਦੀਆਂ ਹਨ, ਤੱਕ ਸੀਮਤ ਹੈ। ਕੁਦਰਤ ਵਿੱਚ ਕੁਝ ਵੀ ਸਥਿਰ ਨਹੀਂ। ਜ਼ੌਕਾ ਇੱਕ ਅਜਿਹਾ ਅਥੱਕ ਕਲਾਕਾਰ ਹੈ ਜੋ ਹਰ ਪਲ ਚਿਤ੍ਰਕਾਰੀ ਕਰ ਰਿਹਾ ਹੈ। ਆਖ਼ਿਰੀ ਸਤਰ ਵਿੱਚ ਚਿਯੋ-ਨੀ ਦਾ "ਸਿਰਫ਼" ਕਹਿਣਾ ਇੱਕਲਾਪੇ ਦਾ ਇੱਕ ਭਾਵ ਉਪਜਾਉਂਦਾ ਹੈ - ਉਸਦੀ ਲੋਚਾ, ਜੋ ਕਦੇ ਸੀ। ਸਹੀ ਥਾਂ 'ਤੇ ਸਜਾਇਆ ਇੱਕੋ ਸ਼ਬਦ ਕਿਸੇ ਉਸਤਾਦ ਚਿਤ੍ਰਕਾਰ ਦੇ ਬੁਰਸ਼ ਦੀ ਅੰਤਿਮ ਛਹੁ ਵਰਗਾ ਹੈ, ਇਹ ਸਾਰੇ ਹੋੱਕੂ ਦੀ ਧੁਨ ਬਣਾ ਦਿੰਦਾ ਹੈ।

ਹੋੱਕੂ ਵਿੱਚ 'ਸਭ ਦੱਸਣਾ' ਇੱਕ ਵਾਕ ਲਿਖਣ ਮਾਤ੍ਰ ਹੈ, ਪੂਰਾ ਜਾਂ ਅਧੂਰਾ। ਇਹ ਤਾਂ ਕੋਤੋਦਾਮਾ, ਯੁਗੇਨ, ਕੋਕੋਰੋ, ਮਾਕੋਤੋ ( kotodama, yugen, kokoro, makoto ) ਅਤੇ ਹੋਰ ਜਾਪਾਨੀ ਸੁਹਜ ਦੀਆਂ ਅਦਾਵਾਂ ਦਾ ਸੁ-ਮਿਸ਼ਰਣ ਹੈ ਜੋ ਸੀਮਤ ਜਿਹੇ ਸ਼ਬਦਾਂ ਦੀ ਕਵਿਤਾ ਨੂੰ ਅਜਿਹੇ ਸੰਜੀਦਾ ਸਾਹਿਤ ਦਾ ਰੁਤਬਾ ਬਖਸ਼ਦਾ ਹੈ ਜੋ ਇਸ ਕ਼ਾਬਿਲ ਹੈ ਕਿ ਉਹ ਦਿਸਦੇ-ਅਣਦਿਸਦੇ, ਕਹੇ-ਅਣਕਹੇ, ਮਹਿਸੂਸੇ-ਅਣਮਹਿਸੂਸੇ ਦਾ ਮੇਲ ਕਰ ਜੋ ਸਿਰਜਦਾ ਹੈ ਉਹ ਜ਼ਾਹਿਰ ਤੋਂ ਕਿਤੇ ਗਹਿਰੇ/ਸੂਖਮ ਦੇ ਦਰਸ਼ਨ ਕਰਵਾਉਣ ਲਈ ਚੰਦ ਕੁ ਸ਼ਬਦਾਂ ਵਿੱਚ ਉਹ ਕਹਿ ਸਕਦਾ ਹੈ ਜੋ ਪੱਛਮ ਦੇ ਕਵੀ ਨੂੰ ਕਹਿਣ ਲਈ ਉਸਤੋਂ ਕਿਧਰੇ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ।

ਲਿਪਟਿਆ
ਇਸ ਸੰਸਾਰੀ ਫੁੱਲ ਦੁਆਲੇ ---
ਧੁੰਦਲਾ ਚੰਦ

ਇਹ ਕੀ ਹੋਇਆ ਭਲਾਂ, ਇਸ ਸੰਸਾਰ ਦਾ ਫੁੱਲ? ਜਾਪਾਨ ਵਿੱਚ ਅਕਸਰ ਅਕੱਥ ਦੇ ਕਥਨ ਲਈ ( ਕੋਟੋਦਾਮਾ = kotodama ) ਫੁੱਲਾਂ ਦੀ ਵਰਤੋ ਹੁੰਦੀ ਹੈ। ਕੀ ਇਹ ਪਦ, ਜਿਵੇਂ ਇਸ ਹੋੱਕੂ ਵਿੱਚ ਵਰਤਿਆ ਹੈ, ਇੱਕ ਅਲੰਕਾਰ ਹੈ? ਕੀ ਹੈ ਸੰਸਾਰ ਦਾ ਫੁੱਲ? ਕੀ ਇਹ ਧਰਤੀ ਗ੍ਰਹਿ ਹੈ? ਚਿਯੋ-ਨੀ ਸਾਨੂੰ ਇਹ ਨਹੀਂ ਦੱਸਦੀ। ਇਸ ਕਵਿਤਾ ਵਿੱਚ ਧੁੰਦਲਕਾ ਹੈ, ਰਹੱਸ ( ਯੁਗੇੰ ) ਹੈ, ਜਿਸ ਨਾਲ ਭਾਵ ਦੀ ਉਤਪਤੀ ਹੁੰਦੀ ਹੈ ਅਤੇ ਜਜ਼ਬਾਤਾਂ ਦੀ ਸ਼ਮੂਲੀਅਤ।

ਝੜਣ 'ਤੇ
ਇਹ ਮਾਤ੍ਰ ਪਾਣੀ ---
ਲਾਲ ਤ੍ਰੇਲ ਫੁੱਲ ਦੀ

ਜਾਪਾਨੀ ਸਭਿਆਚਾਰ ਵਿੱਚ ਕਿਉਂਕਿ ਔਰਤਾਂ ਦਾ ਸਥਾਨ ਦੋਇਮ ਸੀ, ਆਦਮੀ ਤੋਂ ਥੱਲੇ, ਇਸ ਲਈ ਬਾਸ਼ੋ ਦੇ ਦਿਨਾਂ ਵਿੱਚ ਹੋੱਕੂ ਕਵਿਤ੍ਰੀਆਂ ਦੀ ਗਿਣਤੀ ਨਾਂਹ-ਮਾਤ੍ਰ ਵੀ ਨਹੀਂ ਸੀ। ਇਹ ਵੀ ਦਿਲਚਸਪੀ ਤੋਂ ਖਾਲੀ ਨਹੀਂ ਕਿ ਇਹੋ ਵਿਚਾਰ ਰ. ਹ. ਬਲਿਥ ਵੀ ਦਰਸਾਉਂਦਾ ਹੈ: "ਹਾਇਕੂ ਦੀਆਂ ਕਵਿਤ੍ਰੀਆਂ ਸਿਰਫ਼ ਪੰਜਵੇਂ ਦਰਜ਼ੇ ਦੀਆਂ ਹੀ ਹਨ . . ."

ਹਾਇਕੂ ਦਾ ਇਤਿਹਾਸ, ਭਾਗ ਪਹਿਲਾ

ਇਹ ਕਵਿਤਾ ਮਾਦਾ ਛਹੁ ਨਾਲ ਸ਼ੰਗਾਰੀ ਹੋਈ ਹੈ, ਨਤੀਜਨ, ਇਸ ਵਿੱਚ ਪੂਰਵ-ਆਧੁਨਿਕ ਜਾਪਾਨ ਦਾ ਇਸਤ੍ਰੀਣ ਨਜ਼ਰੀਆ ਮੌਜੂਦ ਹੈ। ਲਾਲੀ ਵਾਲੇ ਫੁੱਲ 'ਤੋਂ ਜਦੋਂ ਤ੍ਰੇਲ ਝਾੜੀ ਜਾਂਦੀ ਹੈ ਤਾਂ ਇਹ ਪਾਣੀ, ਰੰਗ, ਅਤੇ ਖੁਸ਼ਬੂ ਦੇ ਮੇਲ ਤੋਂ ਬਣਾਈ ਗਈ ਮਨੁੱਖਾ ਖੇਤੀ ਦੀ ਵਸਤ ਨਹੀਂ ਰਹਿ ਜਾਂਦੀ। ਜਿੱਥੋਂ ਇਹ ਆਈ ਸੀ ਉੱਥੇ ਹੀ ਸਮਾ ਗਈ। ਜੋ ਕਦੇ ਪਾਣੀ ਸੀ ਅਤੇ ਔਰਤਾਂ ਦੇ ਖ਼ੂਬਸੂਰਤੀ ਦੇ ਉਤਪਾਦਨ ਵਿੱਚ ਤਬਦੀਲ ਕੀਤਾ ਗਿਆ ਸੀ ਉਹ ਇੱਕ ਬਾਰ ਫਿਰ ਉੱਥੇ ਹੀ ਜਾ ਮਿਲਿਆ ਜਿੱਥੋਂ ਆਇਆ ਸੀ - ਪਾਣੀ। ਹਰ ਚੀਜ਼ ਕਿਸੇ ਨਾ ਕਿਸੇ ਤਰੀਕੇ ਨਾਲ ਕੁਦਰਤ ਤੋਂ ਹੀ ਆਉਂਦੀ ਹੈ। ਇਹ ਤਾਂ ਮਨੁੱਖ ਦਾ ਸੀਮਤ ਮਨ ਹੀ ਹੈ ਜੋ ਇਹਨਾਂ ਵਿੱਚ ਬਨਾਵਟੀਪਨ ਪੈਦਾ ਕਰਦਾ ਹੈ। ਅੰਤ ਨੂੰ, ਹਾਲਾਂਕਿ , ਕੁਦਰਤ ਆਪਣੇ ਸਬਰ ਸਿਰੜ ਨਾਲ ਹਰ ਇੱਕ ਚੀਜ਼ ਨੂੰ ਹਜ਼ਮ ਕਰਕੇ ਉਸਦੇ ਅਸਲੇ ਵਿੱਚ ਹੀ ਵਾਪਿਸ ਲੈ ਜਾਵੇਗੀ, ਜਿੱਥੋਂ ਉਹ ਚੀਜ਼ ਆਈ ਸੀ ਜੋ ਇਸਨੇ ਫਿਰ ਬਣਨਾ ਹੈ। ਇਹ ਇੱਕ ਸੂਖਮ ਕਵਿਤਾ ਹੈ, ਇਸ ਤੱਥ ਦੀ ਯਾਦ ਕਰਾਉਂਦੀ ਹੋਈ ਕਿ ਨਾ ਤਾਂ ਅਸੀਂ ਹੀ ਸਦੀਵੀ ਹਾਂ ਅਤੇ ਨਾ ਹੀ ਸਾਡੀ ਬਣਾਈ ਹੋਈ ਕੋਈ ਚੀਜ਼। ਇਸਦੀ ਕੋਈ ਵੀ ਪਾਠਕ ਕਿਵੇਂ ਵੀ ਵਿਆਖਿਆ ਕਰਦਾ ਹੈ ਉਹ ਤਾਂ ਇੱਕ ਅੰਤਰਮੁਖੀ ਯਾਤਰਾ ਹੈ ਜੋ ਨਿਰਭਰ ਕਰਦੀ ਹੈ ਉਸ ਪਾਠਕ ਦੇ ਸਭਿਆਚਾਰਿਕ ਸਮਰਣ, ਭਾਸ਼ਾ, ਤਜ਼ੁਰਬਾਤ, ਵਿਦਿਆ/ਸਖਲਾਈ, ਲੈਂਗਿਕ-ਛਾਪ, ਅਤੇ ਭੂਗੋਲਿਕ ਆਤਮਸਾਤ/ਸਮਾਵੇਸ਼ ਉੱਪਰ।  

ਚਿਯੋ-ਨੀ ਦੇ ਹੋੱਕੂ
ਪੇਟ੍ਰਿਸ਼ਿਆ ਡੋਨੋਵਨ ਅਤੇ ਯੋਸ਼ੀ ਇਸ਼ਾਬਾਸ਼ੀ ਦੇ ਅਨੁਵਾਦਾਂ ਤੋਂ ਉਧਰਿਤ
ਚਿਯੋ-ਨੀ ਹਾਇਕੂ ਉਸਤਾਦ ਮਹਿਲਾ ਵਿੱਚੋਂ

ਅੰਤਿਮ ਗੱਲਾਂ:

ਮੀਜੀ ਕਾਲ ਸਮੇਂ ਹੋਏ ਸੁਧਾਰਾਂ ਤੋਂ ਪਹਿਲਾਂ ਦੇ ਦੌਰ ਵਿੱਚ ਕਿਸੇ ਵੀ ਉਸਤਾਦ ਹੋੱਕੂ ਕਵੀ ਬਾਰੇ ਇਹ ਨਹੀਂ ਕਿਹਾ ਜਾ ਸਕਦਾ ਕਿ ਜਦ ਵੀ ਉਹ ਲਿਖਣ ਲਈ ਬੈਠੇ ਹਰ ਬਾਰ ਸ਼ਾਹਕਾਰ ਹੀ ਰਚ ਕੇ ਉੱਠੇ। ਉਹ ਨਵੇਂ ਰਾਹ ਤਾਲਾਸ਼ ਰਹੇ ਸਨ, ਜਗਤ ਨੂੰ ਖੋਜ ਰਹੇ ਸਨ ਆਪਣੇ ਗਿਰਦ, ਉੱਤੇ, ਥੱਲੇ, ਅਤੇ ਆਪਣੇ ਅੰਦਰ। ਉਹਨਾਂ ਸਭਨਾਂ ਵਿੱਚ ਇੱਕ ਚੀਜ਼ ਸਾਂਝੀ ਸੀ ਉਸ ਰਸਤੇ - ਹੋੱਕੂ - ਪ੍ਰਤੀ ਆਦਰ, ਜਿਸਨੇ ਉਹਨਾਂ ਨੂੰ ਉੱਥੇ ਪਹੁੰਚਾਇਆ ਸੀ, ਇੱਕ ਅਨੁਸ਼ਾਸਨ ਦੀ ਭਾਵਨਾ ਆਪਣੇ ਕੰਮ ਪ੍ਰਤੀ, ਅਤੇ ਜ਼ੌਕਾ ਪ੍ਰਤੀ ਇੱਕ ਭਾਵਨਾ ਬਲਿਹਾਰੇ ਜਾਣ ਦੀ। ਕੁਦਰਤ ਉਹਨਾਂ ਲਈ ਚੀਜ਼ਾਂ ( ਮੋਨੋ ) ਦਾ ਸੰਗ੍ਰਹਿ ਨਹੀਂ ਸੀ। ਇਹ ਉਹਨਾਂ ਲਈ ਜ਼ੌਕਾ, ਕੁਦਰਤ ਦੀ ਕਰਤਾਰੀ ਤਾਕ਼ਤ ਦਾ ਸਾਕਾਰ ਰੂਪ ਸੀ। ਜੀਵਨ ਇੱਕ ਨਿਰੰਤਰ ਗਤੀ ਦਾ ਨਾਮ ਹੈ, ਕੁਝ ਵੀ ਖੜ੍ਹਾ ਨਹੀਂ, ਅਬਦਲ ਨਹੀਂ, ਸਭ ਕੁਝ ਹੀ ਪ੍ਰਤੀਪਲ ਬਦਲ ਰਿਹਾ ਹੈ, ਚਲਾਇਮਾਨ ਹੈ, ਅਸਥਿਰ ਹੈ, ਅਤੇ ਇਹ ਕਿਸੇ ਦੇ ਵੀ ਨਿੱਜ ਤੋਂ ਆਜ਼ਾਦ ਵਗਦਾ ਪ੍ਰਗਟਾਵੇ ਦਾ ਇੱਕ ਅਰੁੱਕ ਵਹਾਉ ਹੈ। ਪਥ-ਪ੍ਰਦਰਸ਼ਕ ਅਤੇ ਮੋਢੀ? ਯਕੀਨਨ ਹੀ, ਪਰ ਉਸਤੋਂ ਵੀ ਪਹਿਲਾਂ ਉਹ ਕਲਾਕਾਰ ਸਨ ਜਿਹਨਾਂ ਨੇ ਆਪਣੀ ਸਿਖਲਾਈ ਦੀ ਕ਼ੀਮਤ ਤਾਰੀ, ਆਪਣੇ ਕਲਾ-ਰੂਪ ਨੂੰ ਸੰਜੀਦਗੀ ਨਾਲ ਲਿਆ, ਅਤੇ ਹੋੱਕੂ ਨੂੰ ਸਾਹਿਤ ਵਜੋਂ ਵਿਚਾਰਿਆ। ਉਹਨਾਂ ਨੇ ਚੁਟਕੀ-ਰਚਨਾ ਕਰਦਿਆਂ ਥੋਕ ਦੇ ਭਾ ਘਿਸਿਆ-ਪਿਟਿਆ ਨਹੀਂ ਲਿਖਿਆ। ਭਾਵੇਂ ਉਹ ਇੱਕ ਮੌਲਿਕ ਆਵਾਜ਼ ਦੇ ਮਾਲਕ ਸਨ ਪਰ ਉਹਨਾਂ ਦਾ ਮਾਨ ਇੰਨਾ ਖੋਖਲਾ ਨਹੀਂ ਸੀ ਕਿ ਉਹ ਰਸਤੇ ਨੂੰ ਹੀ ਮੰਜ਼ਿਲ ਸਮਝ ਬੈਠਦੇ ਅਤੇ ਕਿਸੇ ਚੀਜ਼ ਨੂੰ ਪੂਰੀ ਤਰਾਂ ਸਮਝੇ ਤੋਂ ਬਗੈਰ ਹੀ ਇਸਦਾ ਸੁਧਾਰ ਸ਼ੁਰੂ ਕਰ ਦਿੰਦੇ। ਹੋੱਕੂ ਕੋਈ ਵਿਧਾ ਨਹੀਂ ਸੀ ਜਿਸਦਾ ਸੁਧਾਰ ਕੀਤਾ ਜਾਵੇ, ਇਹ ਤਾਂ ਇੱਕ ਪੰਧ ਸੀ ਸਫ਼ਰ ਲਈ, ਜਿਉਣ ਲਈ, ਆਪਣੇ ਸਭਿਆਚਾਰਿਕ ਸੰਸਮਰਣ ਅਤੇ ਦਿਲਾਂ ਦੀਆਂ ਧੜਕਣਾਂ ਨੂੰ ਜ਼ੌਕਾ ਦੀ ਗਤੀ ਨਾਲ ਇੱਕ-ਮਿੱਕ ਕਰਨ ਲਈ। ਇਸਦਾ ਸਬੂਤ ਉਹਨਾਂ ਦਾ ਕਾਵਿ-ਜਗਤ ਹੈ। ਉਹਨਾਂ ਦੀਆਂ ਹੋੱਕੂ ਰਚਨਾਵਾਂ, ਨਿਮਨਤਰ ਦਰਜ਼ੇ ਦੀਆਂ ਵੀ, ਦਾ ਪੱਛਮੀ ਕਾਢ ਹਾਇਕੂ ਨਾਲ ਮੁਕਾਬਲਾ ਤਾਂ ਕਰਕੇ ਦੇਖੋ।

ਨਿਊ ਜ਼ੀਲੈਂਡ ਪੋਇਟ੍ਰੀ ਸੋਸਾਇਟੀ ਲਈ ਲਿਖੇ ਲੇਖ ਭਵਿੱਖ ਵਲ ਵਾਪਿਸੀ ਵਿੱਚ ਜੌਹਨ ਓ'ਕੌਨਰ ਨੇ ਲਿਖਿਆ:
"ਹਾਇਕੂ ਦੇ ਮੂਲ ਤੱਤਾਂ ਦੀ ਸਮਝ ਕਿਸੇ ਨੂੰ ਵੀ ਨਹੀਂ ਰਹੀ।  ਪਰ ਉਨ੍ਹਾਂ ਤੋਂ ਬਿਨਾਂ ਚੰਗਾ ਹਾਇਕੂ ਲਿਖਿਆ ਜਾ ਸਕਣਾ ਅਸੰਭਵ ਹੈ।"  

ਬਾਸ਼ੋ, ਬੂਸੋਂ, ਇੱਸਾ ਅਤੇ ਚਿਯੋ-ਨੀ ਅਜਿਹੇ ਅਧਿਆਪਕ ਅਤੇ ਕਵੀ ਸਨ ਜਿਹਨਾਂ ਦਾ ਪ੍ਰਭਾਵ ਬਹੁਤ ਗਹਿਰਾ ਸੀ। ਉਹਨਾਂ ਨੇ ਇਸ ਵਿਧਾ ਦੇ ਪਧਰ ਨੂੰ ਨਵੀਆਂ ਬੁਲੰਦੀਆਂ 'ਤੇ ਪਹੁੰਚਾਇਆ ਜੋ ਅੱਜ ਵੀ ਮਹਿਸੂਸ ਕੀਤਾ ਜਾ ਸਕਦਾ ਹੈ। ਅੱਜ ਕੋਈ ਵੀ ਉਸਤਾਦ ਹਾਇਕੂ ਲੇਖਕ ਨਜ਼ਰੀਂ ਨਹੀਂ ਪੈਂਦਾ। ਕੀ ਕਾਰਣ ਹੈ? ਅੱਜ ਕੋਈ ਵੀ ਕਿਸੇ ਹੋਰ ਦੇ ਲਿਖੇ ਹਾਇਕੂ ਦਾ ਹਵਾਲਾ ਨਹੀਂ ਦਿੰਦਾ, ਹੱਥ-ਕੰਡਾ-ਕਾਵਿ ਜਾਂ ਟੁੰਡਰਾ ਮਜ਼ਾਕੂ ਜਿਹੀਆਂ ਰਚਨਾਵਾਂ ਨੂੰ ਛੱਡ ਕੇ। ਕਿਉਂ? ਅਤੇ ਕਿਉਂ ਪੱਛਮੀ ਜਗਤ ਦੇ ਸਕੂਲ ਹਾਇਕੂ ਨੂੰ ਸੰਜੀਦਗੀ ਨਾਲ ਨਹੀਂ ਲੈ ਰਹੇ? ਇਹਨਾਂ ਸਕੂਲਾਂ ਵਿੱਚ ਜੋ ਹਾਇਕੂ ਸਿਖਾਇਆ ਜਾ ਰਿਹਾ ਹੈ ਉਹ ਉਸ ਹਾਇਕੂ ਨਾਲੋਂ ਵੱਖਰਾ ਕਿਉਂ ਹੈ ਜੋ ਹਾਇਕੂ-ਸੰਸਥਾਵਾਂ, ਬਲਾਗਾਂ 'ਤੇ ਸਿਖਿਅਕ ਅਤੇ "ਹਾਇਕੂ-ਕਿਵੇਂ" ਦੀਆਂ ਗਾਈਡ-ਰੂਪ ਕਿਤਾਬਾਂ ਸਿਖਾਉਂਦੀਆਂ ਹਨ? ਹਾਇਕੂ ਲਿਖਣ ਵਾਲੀਆਂ ਜੁੰਡਲੀਆਂ ਦੇ ਸੀਮਤ ਘੇਰੇ ਤੋਂ ਬਾਹਰ ਸਾਹਿਤਿਕ ਮੁੱਖਧਾਰਾ ਵਿੱਚ ਹਾਇਕੂ ਨੂੰ ਸੰਜੀਦਗੀ ਨਾਲ ਕਿਉਂ ਨਹੀਂ ਲਿਆ ਜਾਂਦਾ? ਕਿਉਂ ਹਾਇਕੂ ਪ੍ਰੀਭਾਸ਼ਿਤ ਨਹੀਂ ਕੀਤਾ ਜਾ ਸਕਦਾ? ਕਿਉਂ ਇਹ ਸਭ-ਚਲਦੈ ਵਾਲੀ ਇੱਕ ਅਜਿਹੀ ਅਣ-ਵਿਧਾ ਬਣ ਕੇ ਰਹਿ ਗਿਆ ਹੈ ਜੋ ਕਾਨਵੋਕੇਸ਼ਨਾਂ 'ਤੇ ਜੀਭਾਂ ਕੱਢਦੀ ਹੈ? ਕੀ ਅੱਜ ਤੋਂ ਕੁਝ ਦਹਾਕੇ ਬਾਅਦ ਵੀ ਸ਼ੈਲੀਆਂ ਦਾ ਇਹ ਮਿਲਗੋਭਾ ਮੌਜੂਦ ਹੋਵੇਗਾ ਜਿਸਨੂੰ ਉਸੇ ਜਰਮਨ-ਅਧਾਰਿਤ ਵਿਸ਼ਵਵਿਦਿਆਲਾ ਪ੍ਰਣਾਲੀ ਵਿੱਚ ਪੜ੍ਹਿਆ, ਗੁਣਿਆ, ਵਿਚਾਰਿਆ, ਤਫਸੀਲਿਆ ਜਾਵੇਗਾ ਜਿਸਦੀ ਇਹ ਕਾਢ ਸੀ?

ਕੀ ਅਜਿਹਾ ਹੋੱਕੂ ਲਿਖਣਾ ਸੰਭਵ ਹੈ ਜੋ ਸਾਰਥਕ, ਪ੍ਰਸੰਗਕ ਅਤੇ ਕੁਦਰਤ ਦੀ ਸਿਰਜਣਾਤਮਿਕ ਸ਼ਕਤੀ, ਜ਼ੌਕਾ, ਦਾ ਹਮਕਦਮ ਹੋਵੇ? ਕੀ ਕੁਦਰਤ ਬਜਾਤ-ਏ-ਖ਼ੁਦ ਪ੍ਰਸੰਗਕ ਹੈ? ਕੀ ਅਸੀਂ ਮਨੁੱਖ ਇੱਕ ਜ਼ਾਤਿ ਦੇ ਤੌਰ ਹੁਣ ਆਪਣੇ ਸੀਮਤ ਮਨ ਅਤੇ ਹੋਛੀ ਸੂਝ ਨਾਲ ਸਿਰਜੇ ਜਗਤ ਨਾਲੋਂ ਕਿਤੇ ਵੱਧ ਕ੍ਰਿਆਵੰਤ ਅਤੇ ਗੁੰਝਲਦਾਰ ਉਸ ਪ੍ਰਤੀਪਲ ਹੋ ਰਹੀ ਸਿਰਜਣਾ ਦੀ ਪ੍ਰੀਕ੍ਰਿਆ, ਜਿਸਨੂੰ ਕੁਦਰਤ ਕਿਹਾ ਜਾਂਦਾ ਹੈ, ਨਾਲ ਕੋਈ ਮੇਲ ਸਥਾਪਤ ਕਰਨ ਦੀ ਜ਼ਰੂਰਤ ਤੋਂ ਬਹੁਤ ਅੱਗੇ ਵਧ ਚੁੱਕੇ ਹਾਂ? ਜ਼ੌਕਾ ਨਾਲ ਸਹਿਜੀਵਿਕ ਪਹਿਚਾਣ ਅਤੇ ਪਰਸਪਰ ਸੰਬੰਧ ਕੀ ਕੀਗੋ ਜਾਂ ਰੁੱਤ-ਸੰਕੇਤਿਕ-ਸ਼ਬਦਾਂ ਨਾਲੋ ਵਡੇਰਾ ਕੋਈ ਮਾਮਲਾ ਹੈ? ਹੋੱਕੂ ਅੰਦਰ ਕੁਦਰਤ ਦੀ ਭੂਮਿਕਾ ਕੀਹ ਹੈ?

ਇਸ ਸ਼ਬਦ, ਕੁਦਰਤ, ਦਾ ਵਸਤਾਂ ਤੋਂ ਪਾਰ ਅਰਥ ਹੈ ਕੀਹ? ਕੀ ਲਾਸ ਏੰਜਲਸ, ਕੈਲੀਫ਼ੋਰਨੀਆ ਜਾਂ ਟੋਕੀਓ, ਜਾਪਾਨ, ਜਿੱਥੇ ਇਮਾਰਤਾਂ ਅਤੇ ਪੱਕੇ ਫੁੱਟ-ਪਾਥਾਂ ਨੇ ਧਰਤੀ ਦਾ ਚੱਪਾ-ਚੱਪਾ ਮੱਲਿਆ ਹੈ ਅਤੇ ਆਸਮਾਨ ਗੱਡੀਆਂ ਅਤੇ ਫੈਕਟਰੀਆਂ ਦੇ ਛੱਡੇ ਧੂੰਏਂ ਦੇ ਗੁਬਾਰ ਨਾਲ ਮੱਧਮ ਹੈ, ਵਿੱਚ ਰਹਿੰਦਾ ਕੋਈ ਇੰਨਸਾਨ ਅਜਿਹੀ ਕਵਿਤਾ ਲਿਖ ਸਕਦਾ ਹੈ ਜੋ ਕੁਦਰਤ ਦੇ ਵਹਾਉ ਦੀਆਂ ਲਹਿਰਾਂ ਨਾਲ ਕੋਈ ਮੇਲ ਬੈਠਦਾ ਹੋਵੇ?

ਕੀ ਹੋੱਕੂ ਇੱਕ ਰਸਤਾ ਹੈ ਜੋ ਹੁਣ ਨੂੰ ਉਦੋਂ ਨਾਲ ਜੋੜਦਾ ਹੈ, ਇੱਕ ਨਦੀ ਜੋ ਅਨੰਤ ਹੈ ਅਤੇ ਸਾਜੀਕੀ ਮਹਿਜ਼ ਇੱਕ ਨਕਸ਼ਾ; ਰੁੱਤ-ਸੰਕੇਤਿਕ-ਸ਼ਬਦ ਅਜਿਹੇ ਪਥ-ਪ੍ਰਦਰਸ਼ਕ ਜੋ ਸਾਨੂੰ ਦਰਸਾਉਣ ਦੀ ਕੋਸ਼ਿਸ਼ ਕਰਦੇ ਹਨ ਕਿਸੇ ਅਹਾ ਪਲ ਤੋਂ ਪਾਰ, ਅਤੇ ਉਸ ਦਰਪਣ ਦੇ ਪਾਰ ਜਿਸ ਵਿੱਚ ਅਸੀਂ ਨੀਝ ਲਾ ਲਾ ਤੱਕਦੇ ਹਾਂ ਜਦੋਂ ਲੱਖ ਕੋਸ਼ਿਸ਼ ਕਰਨ 'ਤੇ ਵੀ ਅਸੀਂ ਉਸ ਬਾਸ਼ੋ, ਦੋਹੋ, ਚਿਯੋ-ਨੀ, ਇੱਸਾ ਨੂੰ ਸਮਝਣ ਤੋਂ ਅਸਮਰੱਥ ਰਹਿੰਦੇ ਹਾਂ ਜਿਸਦਾ ਵਾਸ ਇਸ ਮਾਯਾਵਈ ਸੰਸਾਰ ਤੋਂ ਉੱਪਰ ਉਹਨਾਂ ਮੰਡਲਾਂ ਵਿੱਚ ਹੈ ਜੋ ਜਰਮਨ-ਆਧਾਰਿਤ-ਵਿਸ਼ਵਵਿਦਿਆਲਾ ਪ੍ਰਣਾਲੀ ਦੇ ਘੜ੍ਹੇ ਉਸ ਚਿੱਤ ਦੇ ਵੱਸ ਤੋਂ ਬਾਹਰਾ ਹੈ ਜੋ ਪਰਾ-ਭੌਤਿਕ ਓਮ ਅਤੇ 'ਜੋ ਹੈ ਅਤੇ ਨਹੀਂ ਹੈ' ਨੂੰ ਸਮਝਣ ਵਿੱਚ ਨਿਪੁੰਸਕ ਹੈ . . . ਕੁਦਰਤ ਸਰਬਵਿਆਪਿਕ ਹੈ, ਨਿਰੰਤਰ ਇਸ ਗ੍ਰਹਿ ਨੂੰ ਘੜ੍ਹ ਰਹੀ ਹੈ, ਕਦੇ ਵੀ ਸਥਿੱਲ ਨਹੀਂ; ਮਨੁੱਖਾ ਜੀਵ ਆਪਣੇ ਸੀਮਤ ਜਿਹੇ ਖੋਪੜ ਦੇ ਖਾਨੇ ਵਿੱਚ ਸੋਚਦੇ ਹਨ ਕਿ ਉਹ ਇਸ ਸਭ ਤੋਂ ਉੱਪਰ ਹਨ, ਸਰਬ ਦੇ ਗਿਆਤਾ ਹਨ, ਅਤੇ ਉਹਨਾਂ ਨੂੰ ਅਣਦੇਖੇ ਦੀ, ਅਕੱਥ ਦੀ, ਅਤੇ ਜੋ ਵੀ ਉਹ ਸਮਝ-ਸਮਝਾ ਨਹੀਂ ਸਕਦੇ ਉਸਦੀ ਕੋਈ ਜ਼ਰੂਰਤ ਹੀ ਨਹੀਂ, ਪੀਲੀ ਇੱਟ ਦੀ ਉਹ ਸੜਕ ਮੁਰੰਮਤ ਲਈ ਬੰਦ ਹੈ . . . ਅਤੇ ਮੈਂ ਜੋ ਅਸਮਰੱਥ ਹਾਂ ਆਪਣਾ ਮੂੰਹ ਬੰਦ ਰੱਖ ਸਕਣ ਦੇ, ਅਸਮਰੱਥ ਹਾਂ ਵਾਕਾ ਅਤੇ ਹੋੱਕੂ ਲਿਖਣ ਤੋਂ ਬਿਨਾਂ ਜਿਉਣ ਦੇ, ਤੇ ਇਹ ਸੋਚਣ ਦੇ ਕਿ ਹਾਇਕੂ ਨਾਲ ਇੱਕ ਗਲਤ ਮੋੜ ਕੱਟਿਆ ਗਿਆ, ਸ਼ੀਕੀ ਦੇ ਇਰਾਦੇ ਭਾਵੇਂ ਨੇਕ ਸਨ, ਪਰ . . . ਸੁਬਹ ਹੋ ਚੁੱਕੀ ਹੈ, ਸਵਖਤਾ ਹੈ। ਮੇਰੀ ਦਿਲੀ ਇੱਛਾ ਹੈ ਕਿ ਆਪਣੇ ਮਨ ਨੂੰ ਪੂਰਵ-ਧਾਰਣਾਵਾਂ ਤੋਂ ਮੁਕਤ ਕਰਾਂ, ਕਿ ਬਾਂਸ ਵਿੱਚ ਦਾਖ਼ਲ ਹੋਵਾਂ, ਇਸਦੇ ਮਲੂਕ ਜੀਵਨ ਅਤੇ ਕੋਮਲ ਭਾਵਨਾਵਾਂ ਨੂੰ ਮਹਿਸੂਸ ਕਰਾਂ, ਇਸਦੇ ਸੰਗ ਧੁੱਪ ਦੀਆਂ ਚੁਸਕੀਆਂ ਲਵਾਂ, ਚੇਸ਼ਾਇਰ ਦੀ ਬਿੱਲੀ ਮੁਸਕਰਾ ਰਹੀ ਹੈ, ਬਾਸ਼ੋ ਅਤੇ ਦੋਹੋ ਬੱਦਲਾਂ ਦੀਆਂ ਤੈਹਾਂ ਲਾ ਕੇ ਐਸੇ ਸਾਰਸ ਪੰਖੀ ਬਣਾ ਰਹੇ ਹਨ ਜੋ ਸ਼ਬਦ ਉਗਲਦੇ ਹਨ  . . . ਮੇਰਾ ਚਿੱਤ ਚੁਆਂਗ-ਜ਼ੂ ਨਾਲ ਰਲ ਕੇ ਨੱਚ ਰਿਹਾ ਹੈ ਤਿੱਤਲੀ ਦੇ ਖੰਭ 'ਤੇ ਟਿਕੇ ਮਹਾਂ-ਡਲੇ ( Great Clod ) ਉੱਪਰ।

ਜੋ ਲੋਕ ਅੱਜ ਹਾਇਕੂ ਲਿਖ ਰਹੇ ਹਨ ਜਾਂ/ਅਤੇ ਇਸਦਾ ਪ੍ਰਚਾਰ-ਪਸਾਰ ਕਰ ਰਹੇ ਹਨ ਉਹਨਾਂ ਲਈ ਪੂਰੀ ਗੰਭੀਰਤਾ ਨਾਲ ਸਲਾਹ ਹੈ ਕਿ ਉਹ ਜਾਪਾਨੀ ਵਿਦਵਾਨ ਨੀਸ਼ੀ ਆਮਾਨੇ ( Nishi Amane ) ਦੀ 1877 ਵਿੱਚ ਜਾਪਾਨੀ ਸਮਰਾਟ ਮੀਜੀ ਅਤੇ ਉਸਦੇ ਦਰਬਾਰ ਸਾਹਮਣੇ ਦਿੱਤੇ ਭਾਸ਼ਣਾਂ ਦੀ ਲੜ੍ਹੀ, ਜੋ ਬਾਅਦ ਵਿੱਚ ਸੁਹਜ ਦੇ ਸਿਧਾਂਤ ( The Theory of Aesthetics ) ਨਾਮ ਨਾਲ ਪੁਸਤਕ ਰੂਪ ਵਿੱਚ ਛਪੀ, ਵਿਚਲੇ ਇਹਨਾਂ ਸ਼ਬਦਾ ਵੱਲ ਧਿਆਨ ਦੇਣ: 

"ਜੇ ਕੋਈ ਨਿਯਮਾਂ ਤੋਂ ਮੁਕੰਮਲ ਬਾਗੀ ਹੋ ਕੇ ਜੋ ਵੀ ਮਨ ਵਿੱਚ ਆਉਂਦਾ ਹੈ ਉਸਦਾ ਯਥਾਵਤ ਪ੍ਰਗਟਾਵਾ ਕਰਦਿਆਂ ਕਵਿਤਾਵਾਂ ਅਤੇ ਗੀਤ ਲਿਖਦਾ ਹੈ ਤਾਂ ਪ੍ਰਮਾਣ ਸਰੂਪ ਹੋਈ ਰਚਨਾ ਕਵਿਤਾ ਦੀ ਕੋਈ ਵਿਧਾ ਨਹੀਂ ਅਖਵਾ ਸਕਦੀ। ਸਿੱਧੀ ਖੜ੍ਹੀ ਚਟਾਨ 'ਤੇ ਚੜ੍ਹਦਿਆਂ ਜੇ ਕੋਈ ਰਸਤਾ ਅਤਿਅੰਤ ਖਤਰਿਆਂ ਨਾਲ ਭਰਿਆ ਹੈ, ਕਦੇ ਸੱਜੇ ਵੱਲ ਨੂੰ ਟੇਢ਼ਾ ਹੈ ਤੇ ਕਦੇ ਖੱਬੇ ਵੱਲ ਮੇਢ਼ਾ, ਤਾਂ ਇਸਨੂੰ ਰਸਤਾ ਕੀ ਕਹਿਣਾ। ਵਿਖਰੇਵਿਆਂ ( ਮੌਲਿਕਤਾ ) ਦੇ ਬਾਵਜੂਦ ਇਕਸਾਰਤਾ ਦੀ ਲੋੜ: ਸਮਾਨੁਪਾਤ ਅਤੇ ਸਮਤੋਲ ਦੀ ਹਾਜ਼ਿਰੀ।"

ਪ੍ਰੋਫੈਸਰ ਮਿਖ਼ਾਇਲ ਐਫ਼. ਮਾਰਾ ਦੇ ਜਾਪਾਨੀ ਤੋਂ ਕੀਤੇ ਅਨੁਵਾਦ ਤੋਂ ਉਧਰਿਤ
ਆਧੁਨਿਕ ਜਾਪਾਨੀ ਸੁਹਜ-ਸ਼ਾਸਤ੍ਰ

ਹਾਂ ਬਈ, ਹੈ ਕੋਈ ਗ੍ਰਾਹਕ ਇਲਾਇਚੀ ਵਾਲੀ ਚਾਹ ਦਾ?

Copyright © 2013 Simply Haiku. All Rights Reserved.