Tuesday, June 25, 2013

ਹਾਇਕੂ - ਮੁਢਲੀ ਜਾਣ-ਪਹਿਚਾਣ ______ ਰਾਬਰਟ ਡੀ. ਵਿਲਸਨ ( Robert D. Wilson )

ਹਾਇਕੂ - ਮੁਢਲੀ ਜਾਣ-ਪਹਿਚਾਣ 

by
ਰਾਬਰਟ ਡੀ. ਵਿਲਸਨ

ਜੇ ਮੈਂ ਮਹਾਨ ਗਿਟਾਰ-ਵਾਦਿਕ ਆੰਦ੍ਰੇ ਸਿਗੋਵਿਆ ਦੇ  ਗਿਟਾਰ ਵਜਾਉਣ ਵਾਰੇ ਕਹੇ ਸ਼ਬਦਾ ਦੀ ਰੋਸ਼ਨੀ ਵਿੱਚ ਕਹਾਂ ਤਾਂ, ਹਾਇਕੂ ਲਿਖਣਾ ਕਵਿਤਾ ਦੀ ਸਭ ਤੋਂ ਆਸਾਨ ਵਿਧਾ ਹੈ ਪਰ ਚੰਗਾ ਹਾਇਕੂ ਲਿਖਣਾ ਹੋਵੇ ਤਾਂ ਸਭ ਤੋਂ ਮੁਸ਼ਕਲ l

ਇਹ ਕਹਿਣਾ ਸੱਚ ਤੋਂ ਖਾਲੀ ਨਹੀਂ ਹੋਵੇਗਾ ਕਿ ਉੱਤਰੀ ਅਮਰੀਕਾ ਵਿੱਚ ਹਾਇਕੂ ਬਾਰੇ ਆਮ ਸਮਝ Simply Haiku,FrogpondModern HaikuHeron’s NestAcorn ਜਿਹੇ ਆਨ- ਅਤੇ ਆਫ਼-ਲਾਈਨ ਕਵਿਤਾ ਦੇ ਰਸਾਲਿਆ ਵਿੱਚ ਦਰਜ਼ ਲੇਖਾਂ ਦੁਆਲੇ ਨਹੀਂ ਉੱਸਰੀ ਹੋਈ  l ਇਹ ਵੀ ਬਿਨਾਂ ਝਿਝਕ ਕਿਹਾ ਜਾ ਸਕਦਾ ਹੈ ਕਿ ਜ਼ਿਆਦਾਤਰ ਉੱਤਰੀ ਅਮਰੀਕਨਾਂ ਨੇਂ ਨਾਂਹ ਤਾਂ ਆਨ-ਲਾਈਨ ਹਾਇਕੂ ਸੰਸਥਾਵਾਂ ਵਿੱਚ ਹੀ ਭਾਗ ਲਿਆ ਹੈ, ਨਾਂਹ ਹੀ ਹਾਇਕੂ ਦੀਆਂ ਕਾਨਫਰੰਸਾਂ ਵਿੱਚ ਹੀ ਸ਼ਮੂਲੀਅਤ ਕੀਤੀ ਹੈ ਅਤੇ ਨਾਂਹ ਹੀ ਸਵ. ਵਿਲਿਯਮ ਹਿਗਿਨਸਨ ( William Higginson ) ਦੀ ਉਹ ਕਿਤਾਬ "Haiku Handbook" ਹੀ ਪੜ੍ਹੀ ਹੈ ਜਿਸਦਾ ਪ੍ਰਭਾਵ ਬਹੁ-ਵਿਸਥਾਰੀ ਹੈ  

ਬਹੁ-ਗਿਣਤੀ ਦੀ ਹਾਇਕੂ-ਲਿਖਣ ਅਤੇ ਇਸ ਬਾਰੇ ਮੁਢਲੀ ਜਾਣਕਾਰੀ ਦੀ ਪੜ੍ਹਾਈ ਸਾਡੇ ਪਬਲਿਕ ਅਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਦੁਆਰਾ ਹੀ ਹੋਈ ਹੈ। ਪਰ, ਇਹਨਾਂ ਅਧਿਆਪਕਾਂ ਨੂੰ ਕੌਣ ਸਿਖਾ ਰਿਹਾ ਹੈ ?  ਜ਼ਿਆਦਾਤਰ ਜੋ ਵੀ ਇਹਨਾਂ ਅਧਿਆਪਕਾਂ ਦੀ ਬਹੁ-ਗਿਣਤੀ ਦੁਆਰਾ ਪੜ੍ਹਾਇਆ ਜਾ ਰਿਹਾ ਉਹ ਉਹਨਾ ਪਾਠ-ਪੁਸਤਕਾਂ ਦੇ ਲਿਖਾਰੀਆਂ ਦਾ ਲਿਖਿਆ ਹੈ ਜਿਹਨਾਂ ਨੂੰ ਜਾਂ ਤਾਂ ਹਾਇਕੂ ਬਾਰੇ ਉੱਕਾ ਹੀ ਕੋਈ ਜਾਣਕਾਰੀ ਨਹੀਂ ਜਾਂ ਫਿਰ ਉਹਨਾਂ ਦੀ ਜਾਣਕਾਰੀ ਬਹੁਤ ਹੀ ਨਿਗੂਣੀ ਹੈ, ਅਤੇ ਇਹਨਾਂ ਦੇ ਸਿਲੇਬਸ ਦੇ ਤਹਿਤ ਜੋ ਵੀ ਆਉਂਦਾ ਹੈ ਉਹ ਇੰਨਾ ਸਾਧਾਰਣ ਅਤੇ ਪੇਤਲਾ ਹੈ ਕਿ ਇਸ ਵਿਧਾ ਨਾਲ ਇਨਸਾਫ਼ ਨਹੀਂ ਕਰ ਸਕਦਾ  l   ਬਾਹਲੇ ਹਾਇਕੂ ਦੀ ਪ੍ਰੀਭਾਸ਼ਾ ਕਰਦੇ ਹਨ ਇਕ 17-ਧੁਨੀ ਅੰਸ਼ਾਂ ਦੀ ਉਹ ਕਵਿਤਾ ਜੋ 5/7/5 ਦੇ ਚੌਖਟੇ ਵਿੱਚ ਹੁੰਦੀ ਹੈ ਤੇ ਇਸ ਵਿੱਚ ਕੁਦਰਤ ਪ੍ਰਤੀ ਇੱਕ ਵਰਣਨ ਵੀ ਹੁੰਦਾ ਹੈ  l   The Merriam Webster Online Dictionary ਮੁਤਾਬਕ ਹਾਇਕੂ ਦੀ ਪ੍ਰੀਭਾਸ਼ਾ ਹੈ, "ਜਾਪਾਨੀ ਮੂਲ ਦੀ ਇੱਕ ਤੁਕਾਂਤ-ਮੁਕਤ ਪੰਜ,ਸੱਤ, ਅਤੇ ਪੰਜ ਧੁਨੀ-ਖੰਡਾਂ ਵਾਲੀ ਤਿੰਨ-ਸਤਰੀ ਕਵਿਤਾ; ਇਸ ਕਵਿਤਾ ਵਿੱਚ ਕੁਦਰਤ ਸੰਬੰਧੀ ਇੱਕ ਹਵਾਲਾ ਵੀ ਸ਼ਾਮਿਲ ਹੁੰਦਾ ਹੈ l

ਉੱਤਰੀ ਅਮਰੀਕਾ ਵਿੱਚ ਅੰਗ੍ਰੇਜ਼ੀ ਦਾ ਹਾਇਕੂ ਉਹਨਾਂ ਦੁਆਰਾ ਵੀ ਨਹੀਂ ਸਮਝਿਆ ਗਿਆ ਜੋ ਇਸ ਉੱਪਰ ਇੱਕ ਅਧਿਕਾਰੀ ਸਮਝੇ ਜਾਂਦੇ ਹਨ। ਇਹਨਾਂ ਵਿੱਚੋਂ ਬਹੁਤੇ ਆਪ ਦ੍ਰਿਸ਼ਵਾਦੀ ( Imagist ) ਅਤੇ ਖੁੱਲੀ ( free verse ) ਕਵਿਤਾ ਤੋਂ ਪ੍ਰਭਾਵਿਤ ਹਨ ਅਤੇ ਇਸਨੂੰ ਇੱਕ ਸੁਤੰਤਰ ਵਿਧਾ ਵਜੋਂ ਵੇਖਦੇ ਹਨ ਜਿਸਦਾ ਉਸ ਕਵਿਤਾ ਨਾਲ ਕੋਈ ਨਾਤਾ ਨਹੀਂ ਜੋ ਸਦੀਆਂ ਪਹਿਲਾਂ ਜਾਪਾਨ ਵਿਚ ਉਮਗੀ  l   ਮਸਲਾ ਹੋਰ ਵੀ ਉਲਝ ਜਾਂਦਾ ਹੈ ਜਦੋਂ ਕਈ ( ਚੰਗੀ ਭਾਵਨਾ ਵਾਲੇ ਵੀ ) ਹਾਇਕੂ ਉਸਤਾਦ ਇਸ ਬਾਰੇ ਇੱਕ-ਰਾਏ ਨਹੀਂ ਸਥਾਪਤ ਕਰ ਸਕਦੇ ਕਿ ਹਾਇਕੂ ਵਿੱਚ ਕਿਸ ਚੀਜ਼ ਦੀ ਵਰਤੋ ਹੋਵੇ ਜਾਂ ਨਾਂਹ ਹੋਵੇ। ਕੁਝ ਕਹਿੰਦੇ ਹਨ ਕਿ ਅਲੰਕਾਰ ਹਾਇਕੂ ਲਈ ਜ਼ਹਿਰ ਹਨ ਅਤੇ ਕੁਝ ਕਹਿੰਦੇ ਹਨ ਕਿ ਇਹ ਠੀਕ ਹਨ। ਕੋਈ ਕਹਿੰਦਾ ਹੈ ਕੀ ਮਾਨਵੀਕਰਣ ਦਾ ਤਿਆਗ ਕੀਤਾ ਜਾਵੇ ਤੇ ਕੋਈ ਦੂਸਰਾ ਕਹਿੰਦਾ ਹੈ ਇਸਨੂੰ ਸਵੀਕਾਰ ਕੀਤਾ ਜਾਣਾ ਚਾਹੀਦਾ ਹੈ।. ਕੁਝ ਕਹਿੰਦੇ ਹਨ ਕਿ ਵਿਚਕਾਰਲੀ ਸਤਰ ਸਾਂਝੀ ( pivot ) ਹੀ ਹੋਵੇ, ਕੁਝ ਇੰਝ ਨਹੀਂ ਮੰਨਦੇ। ਕੁਝ ਕਹਿੰਦੇ ਹਨ ਕਿ ਛੋਟੀ/ਵੱਡੀ/ਛੋਟੀ ਸਤਰ ਵਾਲਾ ਮੀਟਰ ਸਿਰਫ ਜਾਪਾਨੀ ਕਵਿਤਾ ਲਈ ਹੀ ਰਾਖਵਾਂ ਹੈ ਅਤੇ ਸਿਖਾਉਂਦੇ ਹਨ ਕਿ ਹੋਰ ਮੀਟਰਾਂ ਦਾ ਇਸਤੇਮਾਲ ਵੀ ਸਵੀਕਾਰ ਹੈ ਜਦੋਂ ਤੱਕ ਕਿ 17 ਜਾਂ ਘੱਟ ਧੁਨੀ-ਖੰਡਾਂ ਦਾ ਇਸਤੇਮਾਲ ਹੋਵੇ।

ਤਦ ਫਿਰ, ਕਿਸਨੂੰ ਅੰਗ੍ਰੇਜ਼ੀ ( ਅਤੇ ਪੰਜਾਬੀ ਵੀ ) ਭਾਸ਼ਾ ਦਾ ਹਾਇਕੂ ਕਿਹਾ ਜਾਵੇ ? ਹਾਇਕੂ ਤਾਂ ਆਖਰ ਹਾਇਕੂ ਹੀ ਹੈ ਭਾਵੇਂ ਕਿਸੇ ਵੀ ਭੂ-ਖੰਡ ਵਿੱਚ ਰਚਿਆ ਜਾ ਰਿਹਾ ਹੋਵੇ। ਜਾਂ ਤਾਂ ਇਹ ਹਾਇਕੂ ਹੈ ਜਾਂ ਫਿਰ ਨਹੀਂ ਹੈ। ਇੱਕ ਵਿਧਾ ਕਿਸੇ ਖ਼ਾਸ ਭਾਸ਼ਾ ਰਚੀਆਂ ਜਾ ਰਹੀਆਂ ਕਈ ਸਾਰੀਆਂ ਉੱਪ-ਵਿਧਾਵਾਂ ਦਾ ਮਿਲਗੋਭਾ ਨਹੀਂ ਹੋ ਸਕਦਾ। ਗੁਲਾਬ, ਗੁਲਾਬ ਹੈ ਤੇ ਕਿਸੇ ਵੀ ਹੋਰ ਨਾਮ ਨਾਲ ਨਹੀਂ ਪੁਕਾਰਿਆ ਜਾ ਸਕਦਾ

ਜਾਪਾਨੀ ਭਾਸ਼ਾ ਅੰਗ੍ਰੇਜ਼ੀ ਭਾਸ਼ਾ ਨਾਲੋਂ ਕਾਫੀ ਭਿੰਨ ਹੈ ਜਿਸਨੂੰ ਅਸੀਂ ਅੰਗ੍ਰੇਜ਼ੀ ਵਿੱਚ ਸਿਲਾਬਲ ( ਹਿੱਜੇ ) ਆਖਦੇ ਹਾਂ ਉਸ ਨੂੰ ਜਾਪਾਨੀ ਲੋਕ "ਮੋਰਾ" ( ਸਮੇਂ ਦੀ ਇਕਾਈ, ਮੀਟਰ ਵਾਲੀ ) ਆਖਦੇ ਹਨ, ਜਾਪਾਨੀ ਕਵਿਤਾ ਦੇ ਉੱਘੇ ਆਲੋਚਕ, ਅਧਿਆਪਕ ਅਤੇ ਕਵੀ ਕੋਜੀ ਕਾਵਾਮੋਟੋ ( Koji Kawamoto ) ਆਪਣੀ ਕਿਤਾਬ " ਜਾਪਾਨੀ ਕਵਿਤਾ ਦਾ ਸੁਹਜ" ( The Poetics of Japanese Verse )  ਵਿੱਚ ਲਿਖਦਾ ਹੈ,  ” ਮੋਰਾ, ( ਮੀਟਰ ਦੀ ਸਮੇਂ ਦੇ ਖੰਡਾਂ ਵਿੱਚ ਵੰਡ ) ਜਿਵੇਂ ਅੰਗ੍ਰੇਜ਼ੀ ਦੇ ਛੋਟੇ vowel ਵਾਂਗ ਹਨ ....  ਇਹਨਾਂ ਨੂੰ ਧੁਨੀ-ਖੰਡ ( syllable ) ਕਹਿਣਾ ਜਾਪਾਨੀ ਕਾਵਿ-ਪ੍ਰਬੰਧ ਅਨੁਸਾਰ ਸਹੀ ਨਹੀਂ ਹੋਵੇਗਾ। ਅਨੁਵਾਦਕ/ਲੇਖਕ ਰਾਬਨ ਡੀ. ਗਿੱਲ ਕਹਿੰਦਾ ਹੈ,"ਅੰਗ੍ਰੇਜ਼ੀ ਦੇ ਧੁਨੀ-ਖੰਡ ( syllable  ) ਨਾਂਹ ਸਿਰਫ਼ ਅਲੱਗ-ਅਲੱਗ ਆਕਾਰ ਦੇ ਹੀ ਹਨ ਇਹ ਔਸਤ ਵਿੱਚ  ਜਾਪਾਨੀ ਮੋਰਾ ਨਾਲੋਂ ਕਰੀਬਨ ਦੁਗਣੇ ਲੰਬੇ ਵੀ ਹਨ  l

ਅੱਜ ਅੰਗ੍ਰੇਜ਼ੀ ਭਾਸ਼ਾ ਦੇ ਸੰਜੀਦਾ ਹਾਇਜਨ  ਜਾਪਾਨ ਦੇ 5/7/5 ਦੇ ਕਲਾਸੀਕਲ ਰੂਪ ਨੂੰ ਤਿਆਗ ਕੇ ਛੋਟੀ/ਵੱਡੀ/ਛੋਟੀ ਸਤਰ ਦੇ ਸੰਚੇ ਵਿੱਚ ਲਿਖ ਰਹੇ ਹਨ।  ਹੁਣ, ਕਿਉਂਕਿ ਜਾਪਾਨੀ ਧੁਨੀ-ਖੰਡ ਮੋਰਾ ਅੰਗ੍ਰੇਜ਼ੀ ਦੇ ਸਿਲਾਬਲ ਦੇ ਮੁਕਾਬਲੇ ਉਚਾਰਣ ਵਿੱਚ ਛੋਟਾ ਹੈ, ਜੇ ਅੰਗ੍ਰੇਜ਼ੀ ਵਿੱਚ ਵੀ 5/7/5 ਸਿਲਾਬਲ ਵਾਲੇ ਸੰਚੇ ਅਨੁਸਾਰ ਹੀ ਲਿਖਿਆ ਜਾਵੇ ਤਾਂ ਇਹ ਬੇਤੁਕਾ ਭਾਸੇਗਾ ਤੇ ਇਸਦੀ ਰਵਾਨਗੀ ਵਿੱਚ ਜਾਪਾਨੀ ਮੀਟਰ ਨਾਲੋਂ ਵੱਡਾ ਵਖਰੇਵਾਂ ਵੀ ਹੋਏਗਾ l ਭਾਵੇਂ ਉੱਤਰੀ ਅਮਰੀਕਾ ਦੇ ਸਕੂਲਾਂ ਵਿਚ ਕੁਝ ਵੀ ਸਿਖਾਇਆ ਜਾ ਰਿਹਾ ਹੈ ਪਰ ਉਸਦੇ ਉਲਟ ਹਾਇਕੂ ਕੋਈ ਹਿੱਜੇ ਗਿਣਨ ਦਾ ਸਕੂਲੀ ਅਭਿਆਸ ਨਹੀਂ। ਸਗੋਂ ਇਹ ਤਾਂ ਜਿਵੇਂ ਕਿਓਟੋ ਜਰਨਲ ( Kyoto Journal ) ਦੀ ਕਲਮ-ਨਵੀਸਾ ਅਤੇ ਲੇਖਿਕਾ ਪਤ੍ਰਿਸ਼ਿਆ ਦੋਨੇਗਨ ( Patricia Donegan ) ਕਹਿੰਦੀ ਹੈ, " “ਸਾਹ ਭਰ ਲੰਬਾ" l ਜੇ ਹਾਇਕੂ ਵਧੀਕ ਲੰਬਾ ਹੈ ਤਾਂ ਇਹ ਤਕਲੀਫ਼ਦੇਹ ਹੱਦ ਤੱਕ ਬੇਤੁੱਕਾ ਜਾਪਦਾ ਹੈ। ਹਾਇਕੂ ਲਿਖਦੇ ਵਕ਼ਤ ਹਰੇਕ ਨੂੰ ਇਸਦੀ ਰਵਾਨਗੀ/ਮੀਟਰ ਦਾ ਖ਼ਿਆਲ ਰਖਣਾ ਬਣਦਾ ਹੈ। ਜਦ ਇਹ ਨਾਂ ਰਖਿਆ ਜਾਵੇ ਤਾਂ ਇਹ ਕਵਿਤਾ ਦੀ ਬਜਾਏ ਇੱਕ ਖ਼ਿਆਲ ਦਾ ਪ੍ਰਗਟਾਵਾ ਹੀ ਲਗਦਾ ਹੈ

at night,                      short (2)                       ਰਾਤ ਸਮੇਂ,
i try not to think . . .     long  (5)                       ਮੈਂ ਸੋਚਣੋਂ ਟਲਦਾ . . .
tall reeds                    short (2)                       ਲੰਬੀ ਕਾਹੀ

Robert D. Wilson                                                 ਰਾਬਰਟ ਡੀ. ਵਿਲਸਨ 

ਜੇ ਮੈਂ ਹਾਇਕੂ ਦੀ ਵਿਲੱਖਣ ਰਵਾਨਗੀ ( ਮੀਟਰ ) ਛੋਟੀ/ਵੱਡੀ/ਛੋਟੀ ਨੂੰ ਭੁਲ ਕੇ ਲਿਖਾਂ ਤਾਂ ਇਸ ਕਵਿਤਾ ਦੀ ਰਵਾਨਗੀ ਕੁਝ ਹੋਰ ਹੀ ਭਾਸੇਗੀ। ਦੋ ਉਦਾਹਰਣਾਂ :

at night, i try                           ਰਾਤ ਸਮੇਂ, ਮੈਂ ਟਲਦਾ
not to think . . .                        ਸੋਚਣੋਂ . . .
tall reeds                                 ਲੰਬੀ ਕਾਹੀ

at night i try not                       ਰਾਤ ਸਮੇਂ ਮੈਂ ਟਲਦਾ, ਨਾਂਹ
to think . . .                             ਸੋਚਾਂ . . .
tall reeds                                ਲੰਬੀ ਕਾਹੀ


ਰਵਾਨਗੀ, ਇਸਦਾ ਮੀਟਰ ਹਾਇਕੂ ਲਈ ਬਹੁਤ ਮਹੱਤਵ ਵਾਲਾ ਹੈ। ਚੋਟੀ/ਵੱਡੀ/ਛੋਟੀ ਸਤ੍ਰ ਨਾਲ ਇਸਨੂੰ ਆਪਣਾ ਮੀਟਰ ਮਿਲਦਾ ਹੈ
ਜੇ ਕੋਈ ਇਸਦਾ ਮੀਟਰ, ਇਸਦੀ ਰਵਾਨਗੀ ਬਦਲ ਦਿੰਦਾ ਹੈ ਤਾਂ ਉਹ ਇੱਕ ਹਾਇਕੂ-ਨੁਮਾ ਖੁੱਲ੍ਹੀ ਕਵਿਤਾ ਲਿਖ ਮਾਰਦਾ ਹੈ

ਇਸਦੇ ਮੁਢਲੇ ਪੱਖਾਂ ਤੋਂ ਗੱਲ ਹੋ ਚੁੱਕੀ ਹੈ, ਆਓ ਹੁਣ ਇਸ ਦੀ ਵਿਧਾ ਵਲ ਆਈਏ। ਹਾਇਕੂ ਵਿੱਚ "ਸਭ ਦੱਸ ਦੇਣ" ਤੋਂ ਬਚਣਾ ਬਹੁਤ ਹੀ ਮਹੱਤਵ ਵਾਲਾ ਹੈ। ਪਾਠਕ ਨੂੰ ਵਿਆਖਿਆ ਕਰਨ ਦੀ ਖੁੱਲ ਲਈ ਕੁਝ ਲੁਕਵਾਂ ਰੱਖਣਾ ਬਹੁਤ ਜ਼ਰੂਰੀ ਹੈ।

ਡਾ. ਰਿਚਰਡ ਗਿਲਬਰਟ ( Dr. Richard Gilbert ) ਆਪਣੀ ਕਿਤਾਬ ਚੇਤਨਤਾ ਦੀਆਂ ਕਵਿਤਾਵਾਂ  ( Poems of Consciousness ) ਵਿੱਚ ਆਖਦਾ ਹੈ, “ਕਿਉਂਕਿ ਹਾਇਕੂ ਬਹੁਤ ਹੀ ਸੰਖੇਪ ਹੁੰਦੇ ਹਨ, ਪਾਠਕ ਇਸਨੂੰ ਪੜ੍ਹਦਾ ਹੈ ਤੇ ਮੁੜ-ਮੁੜ ਕੇ ਪੜ੍ਹਦਾ ਹੈ।  ਇਸਦੇ ਮੁੜ-ਪਾਠ ਸਮੇਂ ਨਵੇਂ ਖਿਆਲ ਤੇ ਭਾਵਨਾਵਾਂ ਉਗਮਦੀਆਂ ਹਨ, ਨਵੇਂ ਸਿਰਿਓਂ ਵਿਆਖਿਆਵਾਂ ਹੁੰਦੀਆਂ ਹਨ, ਪਹਿਲੀਆਂ ਰੱਦ ਹੁੰਦੀਆਂ ਹਨ; ਕਿਹਾ ਜਾ ਸਕਦਾ ਹੈ ਕਿ ਨਵੀਆਂ ਕਵਿਤਾਵਾਂ ਆਪਣੇ ਆਪ ਚੋਂ ਹੀ ਪੁੰਗਰਦੀਆਂ ਹਨ।" ਸਾਰ-ਤੱਤ, ਜੋ ਕਵੀ ਨੇਂ ਲਿਖਿਆ ਸੀ ਉਸਨੂੰ ਪਾਠਕ ਪੂਰਨਤਾ ਦਿੰਦਾ ਹੈ। ਇਸ ਭਾਈਵਾਲੀ ਤੋਂ ਬਿਨਾਂ ਹਾਇਕੂ ਯਾਦਗਾਰੀ ਨਹੀਂ ਹੋ ਪਾਉਂਦਾ।

ਉੱਪਰ ਜ਼ਿਕਰ ਕੀਤੇ ਹਾਇਕੂ ਵਿੱਚ ਪਾਠਕ ਨੂੰ ਮੌਕਾ ਦਿੱਤਾ ਗਿਆ ਹੈ ਕਿ ਉਹ ਇਸਦੀ ਵਿਆਖਿਆ ਕਰ ਸਕੇ, ਆਪਣੀ ਸਭਿਆਚਾਰਿਕ ਵਿਰਾਸਤ ( cultural memory ), ਜ਼ਾਤੀ ਤਜ਼ੁਰਬਾਤ ਅਤੇ ਜਿਸ ਭੂ-ਖੰਡ ਤੇ ਉਸਦਾ ਜਨਮ ਜਾਂ ਜੀਵਨ ਬਸਰ ਹੋਇਆ ਹੈ, ਦੇ ਅਧਾਰ ਉੱਪਰ।   ਜਦ ਮੈਂ ਇਹ ਲਿਖਿਆ ਸੀ ਤਾਂ ਮੈਂ ਰਾਤ ਸਮੇਂ ਵਿਅਤਨਾਮ ਦੇ ਜੰਗਲ ਵਿੱਚ ਪੱਸਰੀ ਦਿਲ ਨੂੰ ਘਾਊਂ-ਮਾਊਂ ਕਰਨ ਲਾ ਦੇਣ ਵਾਲੀ ਚੁੱਪ ਬਾਰੇ ਸੋਚ ਰਿਹਾ ਸੀ। ਜੰਗ ਦੇ ਮੈਦਾਨ ਵਿੱਚ ਚੁੱਪ ਦਾ ਵੀ ਮਹੱਤਵ ਹੈ ਅਤੇ ਸੁਣਨ ਦਾ ਵੀ। ਇੱਕ ਜ਼ਰਾ ਜਿੰਨੀ ਆਵਾਜ਼ ਦੁਸ਼ਮਣ ਨੂੰ ਤੁਹਾਡਾ ਪਤਾ ਦੇ ਦਿੰਦੀ ਹੈ। ਧਿਆਨ ਕਰੋ ਕਿ ਮੈਂ ਪਹਿਲੀ ਸਤ੍ਰ ਦੇ ਅੰਤ 'ਤੇ ਕੌਮੇ ਦਾ ਇਸਤੇਮਾਲ ਕੀਤਾ ਹੈ। ਇਸ ਕੌਮੇਂ ਦਾ ਮੰਤਵ ਹੈ ਵਕਫਾ ( ਕੀਰੇ : ਕੱਟ-ਮਾਰਕ, ) ਅਤੇ ਫਿਰ ਦੂਜੀ ਸਤ੍ਰ ਦੇ ਅੰਤ ਤੇ ellipsis ( ਇੱਕੋ ਜਿੰਨੇ ਫਰਕ ਨਾਲ ਪਾਏ ਹੋਏ ਤਿੰਨ ਨੁਕਤੇ ਜਾਂ ਡੈਸ਼-ਚਿੰਨ੍ਹ )  ਇਸ ਇਲਿਪਸਿਸ ਦਾ ਵੀ ਉਹੋ ਕੀਰੇ ( ਜਾਂ ਕੱਟਣ-ਵਾਲਾ-ਸ਼ਬਦ ) ਵਾਲਾ ਮੰਤਵ ਹੈ: ਇੱਕ ਲੰਬਾ ਵਕ਼ਫ਼ਾ।  .”  ਕੀਰੇ ( ਕੱਟ-ਮਾਰਕ ਵਾਲੇ ਸ਼ਬਦ, ਜਾਂ ਫਿਰ ਅੰਗ੍ਰੇਜ਼ੀ ਵਾਂਗ ਜਿਨ੍ਹਾਂ ਭਾਸ਼ਾਵਾਂ ਦੇ ਖਜ਼ਾਨੇ ਇਸ ਤੋਂ ਰਹਿਤ ਹਨ ਤੇ ਓਹ ਕੌਮਾ, ਬਿੰਦੀ-ਕੌਮਾ, ਏਲਿਪਸਿਸ ਆਦਿ ਦੀ ਵਰਤੋ ਕਰਦੇ ਹਨ ) ਉਸ ਚੀਜ਼ ਦਾ ਪ੍ਰਗਟਾਵਾ ਹੈ ਜਿਸਨੂੰ ਜਾਪਾਨੀ ਮਆਹ ( Ma ) ਆਖਦੇ ਹਨ।   ,ਕੀਰੇ, ਕੱਟਣ ਵਾਲੇ ਸ਼ਬਦ, ਉਹ ਸ਼ਬਦ ਹਨ ਜੋ ਜਾਪਾਨੀ-ਕਾਵਿ ਵਿੱਚ ਮਆਹ ਪ੍ਰਗਟਾਉਣ ਲਈ ਵਰਤੇ ਜਾਂਦੇ ਹਨ। ਇੰਝ ਇਸ ਲਈ ਕੀਤਾ ਜਾਂਦਾ ਹੈ ਕਿਉਂਕਿ ਜਾਪਾਨੀ ਭਾਸ਼ਾ ਵਿੱਚ ਵਿਸ਼੍ਰਾਮ-ਚਿੰਨ੍ਹ ਨਹੀਂ ਹਨ। Patricia Donegan ਆਪਣੀ ਕਿਤਾਬ "ਹਾਇਕੂ: ਸਿਰਜਣਾਤਮਿਕ ਬੱਚਿਆਂ ਲਈ ਏਸ਼ਿਆਈ ਕਲਾਵਾਂ ਅਤੇ ਸ਼ਿਲਪ" ( Haiku: Asian Arts and Crafts for Creative Kids ) ਵਿੱਚ ਕੀਰੇ ਨੂੰ ਇਹਨਾਂ ਸ਼ਬਦਾਂ ਨਾਲ ਬਿਆਨਦੀ ਹੈ, " ਹਾਇਕੂ ਵਿੱਚ ਇੱਕ ਵਕ਼ਫ਼ਾ ਜਾਂ ਠਹਿਰਾਉ, ਅਕਸਰ ਪਹਿਲੀ ਜਾਂ ਦੂਸਰੀ ਲਾਈਨ ਦੇ ਅੰਤ ਵਿੱਚ, ਜਿਸ ਨਾਲ ਹਾਇਕੂ ਦੇ ਦੋਵੇਂ ਭਾਗਾਂ ਦੇ ਬਿੰਬਾਂ ਵਿੱਚ ਇੱਕ ਟਕਰਾਵ/ਸਮੀਪਤਾ ਜਾਂ ਅੰਦੋਲਨ/ਭੜਕ ਪੈਦਾ ਕੀਤਾ ਜਾ ਸਕੇ; ਜਾਪਾਨੀ ਭਾਸ਼ਾ ਵਿੱਚ ਕੱਟਣ-ਵਾਲੇ-ਸ਼ਬਦ ਜਿਵੇਂ ਯਾ, ਕੇਰੀ, ਕਾਨਾ ਆਦਿ ਭਾਵਨਾ ਨੂੰ ਤੀਬਰ ਕਰਨ ਲਈ ਵਰਤੇ ਜਾਂਦੇ ਹਨ; ਅੰਗ੍ਰੇਜ਼ੀ (/ ਪੰਜਾਬੀ ) ਵਿੱਚ ਇਹੋ ਕੰਮ ਡੈਸ਼, ਕੌਮਾ, ਦੋ-ਬਿੰਦੀ, ਬਿੰਦੀ-ਕੌਮਾ ਜਾ ਵਿਸਮਿਕ-ਚਿੰਨ੍ਹ ਵਰਤ ਕੇ ਕੀਤਾ ਜਾਂਦਾ ਹੈ।"

ਸਿੰਪਲੀ ਹਾਇਕੂ  ਦੇ 2008 ਦੇ ਸਰਦੀਆਂ ਵਾਲੇ ਅੰਕ ਵਿਚ ( Winter 2008 issue of Simply Haiku ) ਮੇਰੇ ਨਾਲ ਹੋਏ ਰੂਹ-ਬ-ਰੂਹ ਸਮੇਂ ਹਾਇਕੂ ਆਲੋਚਕ, ਉਸਤਾਦ, ਕਵੀ, ਅਤੇ ਆਲਿਮ ਕਾਏ ਹਾਸੇਗਵਾ ( Kai Hasegawa ) ਨੇ ਵੀ ਕਿਹਾ "ਹਾਇਕੂ ਵਿੱਚ 'ਕੱਟਣਾ' ( ਕੀਰੇ ) ਮਆਹ ਪੈਦਾ ਕਰਨ ਲਈ ਹੈ, ਮਆਹ ਵਿੱਚ ਸ਼ਬਦਾਂ ਨਾਲੋਂ ਜ਼ਿਆਦਾ ਭਾਵਪੂਰਣਤਾ ਵੀ ਹੈ ਅਤੇ ਵਾਕ-ਪਟੁਤਾ ( ਚੁਸਤੀ ) ਵੀ। ਇਸਦਾ ਸਧਾਰਨ ਜਿਹਾ ਕਾਰਨ ਹੈ ਕਿ ਇੱਕ ਉੱਚ-ਕੋਟੀ ਦਾ ਹਾਇਕੂ ਵੀ ਜ਼ਾਹਿਰਾ ਤੌਰ ਉੱਤੇ ਭਾਵੇਂ ਕਿਸੇ "ਵਸਤ" ਨੂੰ ਹੀ ਬਿੰਦਾ ਜਾਪੇ ਪਰ ਮਆਹ ਦੇ ਕਰਕੇ ਇਹ ਭਾਵਨਾ [ = ਕੋਕੋਰੋ ( kokoro ) ] ਦਾ ਸੰਚਾਰ ਕਰਦਾ ਹੈ। ਇਸਦੇ ਉੱਲਟ, ਪੱਛਮੀ ਜਗਤ ਇਸ ਮਆਹ ਨਾਮੀ ਚੀਜ਼ ਨੂੰ ਨਹੀਂ ਸਿਆਣਦਾ। ਸਾਹਿਤਿਕ ਕਲਾ-ਰੂਪਾਂ ਵਿੱਚ ਹਰ ਗੱਲ ਸ਼ਬਦਾਂ ਦੁਆਰਾ ਹੀ ਦਰਸਾਉਣ ਉੱਪਰ ਜ਼ੋਰ ਹੈ।  ਪਰ ਜਾਪਾਨੀ ਸਾਹਿਤ, ਖ਼ਾਸਕਰ ਹਾਇਕੂ, ਇਸਤੋਂ ਵੱਖਰਾ ਹੈ। ਇੱਥੇ ਜ਼ਿਆਦਾ ਮਹੱਤਵ-ਪੂਰਣ ਉਹ ਹੈ ਜੋ ਸ਼ਬਦਾਂ ਦੁਆਰਾ ਨਹੀਂ ਦਸਿਆ ਗਿਆ, ਜਿਵੇਂ ਕਿਸੇ ਚਿਤ੍ਰਕਾਰੀ ਦੇ ਖਾਲੀ ਸਥਾਨ ਜਾਂ ਕਿਸੇ ਸੰਗੀਤਿਕ ਪੇਸ਼ਕਾਰੀ ਦੇ ਖਾਮੋਸ਼ ਲਮਹੇ।"

ਜ਼ੋਰ ਅਤੇ ਡੂੰਘਾਈ ਦਿੰਦੇ ਹਨ ਵਕ਼ਫ਼ੇ, ਅੰਤਰਾਲ ( ਮਆਹ ); ਅਤੇ ਜਿਵੇਂ ਪ੍ਰਕਾਸ਼ਕ, ਸੰਪਾਦਕ, ਅਤੇ ਕਵੀ ਡੈਨਿਸ ਗੈਰੀਸਨ ( Denis Garrison ) ਕਹਿੰਦਾ ਹੈ, ਮੁਹਈਆ ਕਰਦੇ ਹਨ ਇੱਕ "ਖ਼ਾਬਗਾਹ" ( Dreaming Room )l ਮੈਨੂੰ  ਲਿਜ਼ੀ ਵਾਨ ਲਿਜ਼ਬੈੱਥ ( Lizzy Van Lysebeth ) ਦੁਆਰਾ ਮਆਹ ਦੀ ਇਹ ਵਿਆਖਿਆ ਬਹੁਤ ਪਸੰਦ ਹੈ, ਜੋ ਉਸਨੇ ਆਪਣੀ ਕਿਤਾਬ ਪਰੰਪਰਾਵਾਂ ਦਾ ਪੁਨਰ-ਉੱਥਾਨ/ਪ੍ਰੀਵਰਤਨ: ਜਾਪਾਨੀ ਰੂਪ-ਕਲਾ ਅਤੇ ਫ਼ਲਸਫ਼ਾ ( Transforming Traditions: Japanese Design and Philosophy )  ਵਿੱਚ ਕੀਤੀ ਹੈ, "ਮਆਹ, ਸੰਨਾਟੇ ਦੀ ਸ਼ਹਿਨਾਈ ਹੈ ( Ma is a silent fullness )। ਇਹ ਇੱਕ ਅਜਿਹਾ ਅਛੂਤਾ ਪਲ ਜਾਂ ਸਥਾਨ ਹੈ ਜਿਸਨੂੰ ਕੋਈ ਵੀ ਵਿਅਕਤੀ ( ਪਾਠਕ/ਦਰਸ਼ਕ ) ਭਰ ਸਕਦਾ ਹੈ, ਆਪਣੇ-ਆਪਣੇ ਅੰਦਾਜ਼ ਵਿੱਚ, ਵਿਭਿੰਨ ਤਰੀਕਿਆਂ ਨਾਲ; ਇੱਕ ਅਜਿਹਾ ਪਲ ਜਾਂ ਸਥਾਨ ਜਿਸ ਵਿੱਚ ਕਿਸੇ ਦੀ ਕਲਪਨਾ ਬੇਰੋਕ ਉਡਾਰੀਆਂ ਮਾਰ ਸਕਦੀ ਹੈ। ਇਸ ਜ਼ਰੀਏ ਇੱਕ ਕਲਾਕਾਰ ਆਪਣੀ ਰਚਨਾ ਵਿੱਚ ਪਾਠਕ/ਦਰਸ਼ਕ ਨੂੰ ਖੁੱਲਮ-ਖੁੱਲਾ ਭਾਗੀਦਾਰ ਬਣਾਉਂਦਾ ਹੈ।

at night,                       (   ਛੋਟਾ  ਵਕ਼ਫ਼ਾ )            ਰਾਤ ਸਮੇਂ,
i try not to think . . .     ( ਲੰਬਾ ਵਕ਼ਫ਼ਾ  )              ਮੈਂ ਸੋਚਣੋਂ ਟਲਦਾ . . .
tall reeds                                                      ਲੰਬੀ ਕਾਹੀ

ਕੋਕੋਰੋ ( Kokoro = feeling, heart, spirit =  ਭਾਵਨਾ, ਦਿਲ, ਰੂਹ ) ਨੂੰ ਅਕਸਰ ਪੱਛਮੀ ਕਵੀ ਅੱਖ ਤੋਂ ਪਰੋਖ ਹੀ ਕਰ ਦਿੰਦੇ ਹਨ। ਹਾਸੇਗਾਵਾ ਦਾ ਕਹਿਣਾ ਹੈ, "ਆਧੁਨਿਕ ਯਥਾਰਥਵਾਦ ਦੀ ਅੱਤ ਦੇ ਕਾਰਣ, ਕੋਕੋਰੋ ਨੂੰ ਅਣ-ਗੌਲਿਆ ਕਰ ਦਿੱਤਾ ਗਿਆ ਹੈ, ਅਤੇ ਹੁੰਦਿਆਂ- ਹੁੰਦਿਆਂ ਹਾਇਕੂ ਨੂੰ ਸਿਰਫ਼ "ਵਸਤਾਂ" ( Things=Objects ) ਤੱਕ ਹੀ ਮਹਿਦੂਦ ਕਰ ਦਿੱਤਾ ਗਿਆ ਹੈ। ਇਹ ਉਹ ਹਨ ਜਿਹਨਾਂ ਨੂੰ ਮੈਂ ਖੱਚ [Junk ( = garakuta ) ]  ਹਾਇਕੂ ਕਹਿੰਦਾ ਹਾਂ।  ਦੇਰ ਜਾਂ ਸਵੇਰ ਇਹ ਰੁਝਾਨ ਦਰੁਸਤ ਕਰਨਾ ਪਵੇਗਾ। ਪਹਿਲਾ ਕਾਰਣ ਤਾਂ ਕਿ ਇਹ ਜਾਪਾਨੀ ਸਾਹਿਤ ਦੀ ਕਲਾ ਦੇ ਬੁਨਿਆਦੀ ਅਸੂਲਾਂ ਤੋਂ ਘਾਤਕ ਤੋੜ-ਵਿਛੋੜਾ ਹੈ। ਉਸ ਤੋਂ ਵੀ ਵੱਧਕੇ ਇਹ ਖੱਚ ਹਾਇਕੂ ਅਸਲੋਂ ਹੀ ਨਿੱਸਲ ਹਨ - ਮੁਕੰਮਲ ਤੌਰ 'ਤੇ ਗੈਰ-ਦਿਲਚਸਪ।"

ਕੀਗੋ ( ਰੁੱਤ-ਸੰਕੇਤਿਕ ਸ਼ਬਦ ) ਹਾਇਕੂ ਲਈ ਤੱਤ ਰੂਪ ਵਿੱਚ ਜ਼ਰੂਰੀ ਹੈ, essential ਹੈ। ਇਹ ਹਾਇਕੂ ਦੀ ਧੜਕਣ ਹੈ, ਕਿਸੇ ਹਾਇਕੂ-ਖ਼ਾਸ ਵਿੱਚ ਜੋ ਲਿਖਿਆ ਹੈ ਉਸਦੀ ਤਰਜ਼ ਬੰਨਣ ਲਈ।

ਟੋਸ਼ੀਮੀ ਹੋਰੀਊਚੀ ( Toshimi Horiuchi ) ਆਪਣੀ ਕਿਤਾਬ "ਦਿਲ ਦਾ ਨਖਲਿਸਤਾਨ" ( Oasis in The Heart ) ਵਿੱਚ ਦੱਸਦਾ ਹੈ, "ਕੀਗੋ ਤੋਂ ਬਿਨਾਂ ਹਾਇਕੂ ਆਪਣੀ ਸੰਘਣਤਾ ਖੋ ਬਹਿੰਦਾ ਹੈ ਅਤੇ ਨੀਰਸਤਾ ਇਸਦੀ ਮੌਤ ਦਾ ਕਾਰਨ ਬਣ  ਹੈ। ਹਾਇਕੂ ਇਸ ਸੁਕਤੀ ਦਾ ਅਨੁਆਈ ਹੈ, 'ਜਿੰਨੇ ਘਟ ਸ਼ਬਦ, ਉੰਨੇ ਵਿਸ਼ਾਲ ਅਰਥ।' ਰੁੱਤ-ਸੰਕੇਤਕ ਸ਼ਬਦ ਹਿਕੁ ਦੀ ਤਰਜ਼ ਬੰਨਦੇ ਹਨ; ਭਾਵ ਕਿ, ਇਸਦੇ ਕੱਥ-ਤੱਤ ਨੂੰ ਵਿਚਾਰਿਕ ਅਤੇ ਜਜ਼ਬਾਤੀ ਰੰਗਾਂ ਨਾਲ ਸਜਾਉਂਦੇ-ਸੰਵਾਰਦੇ ਹਨ। ਕੀਗੋ ਕਰਕੇ ਸ਼ਬਦਾਂ ਦੇ ਤੱਤਾਂ ਵਿੱਚ ਏਕਤਾ ਆਉਂਦੀ ਹੈ, ਉਹਨਾਂ ਦਾ ਸੰਸ਼ਲੇਸ਼ਣ ਹੁੰਦਾ ਹੈ।  ਫਿਰ ਇਹ ਤੱਤ ਕਿਸੇ ਬਹੁ-ਮੂਰਤਿਦ੍ਰਸ਼ੀ ( kaleidoscope ) ਵਾਂਗ ਇਧਰੋਂ ਟੁੱਟ ਉਧਰ ਜੁੜ ਪਾਠਕ ਦੇ ਮਨ ਵਿੱਚ ਨਵੇਂ-ਨਵੇਂ ਡਿਜ਼ਾਇਨ ਬਣਾਉਦੇ ਹਨ, ਨਵੇਂ-ਨਵੇਂ ਅਕਸ ਸਿਰਜਦੇ ਹਨ।"

ਹਾਇਕੂ ਸੱਤ 'ਤੇ ਅਧਾਰਿਤ ਹੁੰਦਾ ਹੈ, ਹਾਇਕੂ ਰਚਨਹਾਰੇ ਲਈ ਸੱਤ ਦੇ ਜੋ ਵੀ ਅਰਥ ਹਨ। ਇਸ ਸੱਤ ਜਾ ਹਕ਼ੀਕਤ ਵਿੱਚ ਕਿਸੇ ਦੀ ਸਭਿਚਾਰਿਕ ਵਿਰਾਸਤ/ਯਾਦ, ਮਿਥਿਹਾਸ, ਵਿਆਖਿਆ, ਅਲੰਕਾਰ, ਰੂਪਕ ਅਤੇ ਅਵਿਧਾਰਨਾਵਾਂ/ਅਵਿਬੋਧਨ ਸ਼ਾਮਿਲ ਹੋ ਸਕਦਾ ਹੈ/ਹੁੰਦਾ ਹੈ।  ਬੁਸੋਨ ਦੀ ਉਦਾਹਰਨ ਲਈਏ ਤਾਂ ਉਹ ਕੁਦਰਤ ਦੀ ਗੋਦ ਵਿੱਚ ਜਾਂਦਾ ਅਤੇ ਕੁਦਰਤ ਨੂੰ ਆਪਣੇ ਨਾਲ  ਗੱਲਾਂ ਕਰਦਿਆਂ ਸੁਣਦਾ। ਸ਼ੀਕੀ ਬਿਮਾਰੀ ਨਾਲ ਮੰਜਾ ਫੜ੍ਹੀ ਬੈਠਾ ਵੀ ਖਿੜਕੀ ਤੋਂ ਬਾਹਰ ਦੇਖਦਾ ਅਤੇ ਜੋ ਵੀ ਵੇਖਦਾ, ਜੋ ਉਸਦੀ ਯਾਦ ਵਿੱਚ ਆਉਂਦਾ ਅਤੇ ਜਾਸਦੀ ਵੀ ਉਹ ਵਿਕਲਪਨਾ ਕਰਦਾ ਉਸੇ ਨੂੰ ਆਪਨੇ ਸ਼ਬਦਾਂ ਨਾਲ ਕਾਗਜ਼ ਤੇ ਚਿੱਤ੍ਰ ਦਿੰਦਾ। ਬਾਸ਼ੋ ਨੇ ਆਪਣੀਆਂ ਯਾਤਰਾਵਾਂ ਦੌਰਾਨ ਲਿਖਿਆ, ਬਾਕੀ ਸਭ ਸਾਹਿਤਿਕ ਸੰਦਾਂ ਦੇ ਨਾਲ-ਨਾਲ ਉਸਨੇ ਧੁੰਦਲਕੇ/ਅਸਪਸ਼ਟਤਾ, ਸਾਬੀ ( Sabi ), ਅਲੰਕਾਰਾਂ ਆਦਿ ਦੀ ਵੀ ਖੁੱਲੀ ਵਰਤੋ ਕੀਤੀ। ਇਨ੍ਹਾਂ ਸਾਰੇ ਕਵੀਆਂ ਵਿੱਚ ਇੱਕ ਚੀਜ਼ ਸਾਂਝੀ ਸੀ: ਇਹਨਾਂ ਨੇਂ ਉਹੀ ਚਿਤਰਿਆ ਜੋ ਇਹਨਾਂ ਨੂੰ ਸੱਚ ਭਾਸਿਆ; ਜਿਵੇਂ ਵੀ ਉਹਨਾਂ ਆਪਣੇ ਆਸ-ਪਾਸ ਦੇ ਜਗਤ ਨੂੰ ਵਿਕਲਪਿਆ, ਗ੍ਰਹਿਣ ਕੀਤਾ ਉਸਨੂੰ ਸ਼ਬਦਾਂ ਦੀ ਸੰਕੋਚਤਾ ਨਾਲ ਜ਼ਾਹਿਰ ਜਗਤ ਨੂੰ ਜਾਪਾਨੀ ਪਰੰਪਰਾ ਨਾਲ ਗੁੰਨ ਕੇ ਪੇਸ਼ ਕੀਤਾ।

ਜਿਵੇਂ ਮੈਂ ਆਪਣੇ ਲੇਖ ਦੇ ਸ਼ੁਰੂ ਵਿੱਚ ਵੀ ਉਲੇਖਿਆ ਸੀ, "ਹਾਇਕੂ ਕਵਿਤਾ ਦੀ ਉਹ ਵਿਧਾ ਹੈ ਜੋ ਲਿਖਣੀ ਬਹੁਤ ਆਸਾਨ ਹੈ ਪਰ ਚੰਗਾ ਹਾਇਕੂ ਲਿਖਣਾ ਬਹੁਤ ਹੀ ਮੁਸ਼ਕਲ ਕੰਮ।"  ਇਹ ਕੋਈ ਐਸੀ ਵਿਧਾ ਨਹੀਂ ਜਿਸ ਤੇ ਆਸਾਨੀ ਨਾਲ ਹੀ ਪਕੜ ਬਣ ਜਾਵੇ, ਇਹ ਆਸਾਨ ਜਾਂ ਸਧਾਰਣ ਸਿਰਫ਼ ਆਪਣੀ ਸੰਖੇਪਤਾ ( ਸ਼ਬਦਾਂ ਦੇ ਸੰਜਮ ) ਕਰਕੇ ਹੀ ਲੱਗਦੀ ਹੈ। ਮੈਂ ਹਾਲੀ ਵੀ ਰੋਜ਼ਾਨਾ ਜਾਪਾਨ ਦੇ ਬਾਸ਼ੋ, ਇੱਸਾ, ਬੁਸੋਨ, ਚਿਯੋ-ਨੀ ਅਤੇ ਸ਼ੀਕੀ ਜਿਹੇ ਸੁਪ੍ਰਸਿਧ ਕਵੀਆਂ ਨੂੰ ਪੜ੍ਹਦਾ ਹਾਂ।  ਇਹਨਾਂ ਉਸਤਾਦ ਲੇਖਕਾਂ ਦੇ ਹਾਇਕੂ ਪੜ੍ਹ ਕੇ ਮੈਨੂੰ ਇਸ ਵਿਧਾ ਦੇ ਰੂਪ, ਸ਼ੈਲੀ ਨੂੰ ਸਮਝਣ ਵਿੱਚ ਤਾਂ ਮੱਦਦ ਮਿਲਦੀ ਹੀ ਹੈ ਸਗੋਂ ਇਸ ਵਿਧਾ ਬਾਰੇ ਮੇਰੀ ਆਪਣੀ ਸਮਝ ਵੀ ਪ੍ਰੋੜ ਹੁੰਦੀ ਹੈ।

ਇਸ ਲੇਖ ਨੂੰ ਸਮਾਪਤ ਕਰਨ ਲਈ ਮੈਂ ਬਾਸ਼ੋ ਦੇ ਚੇਲੇ, ਦੋਹੋ ਦੀ ਉੱਕਤੀ ਨੂੰ ਵਰਤਾਂਗਾ, " ......... ਇੱਕ ਕਵੀ ਨੂੰ ਆਪਣੇ ਮਨ ਤੋ ਆਪਣਾ ਪਿੱਛਾ ਛੁਡਾ ਕੇ ਤਟਸਥ ਹੋਣਾ ਚਾਹਿਦਾ ਹੈ ...... ਅਤੇ ਦ੍ਰਿਸ਼ ਵਿੱਚਲੀ ਵਸਤ ਵਿੱਚ ਦਾਖਿਲ ਹੋ ਉਸਦੀ ਜ਼ਿੰਦਗੀ ਅਤੇ ਕੋਮਲ ਭਾਵਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ।  ਇੰਝ ਹੋਣ 'ਤੇ ਕਵਿਤਾ ਫਿਰ ਆਪਨੇ ਆਪ ਨੂੰ ਖੁਦ ਹੀ ਲਿਖਦੀ ਹੈ। ਕਿਸੇ ਵਸਤ/ਦਰਿਸ਼ ਦਾ ਮਹਿਜ਼ ਬਿਆਨ ਹੀ ਕਾਫ਼ੀ ਨਹੀਂ : ਜਦ ਤੱਕ ਕਵਿਤਾ ਵਿੱਚ ਭੀ ਉਹੋ ਭਾਵ/ਭਾਵਨਾਵਾਂ ਨਹੀਂ ਮੌਜੂਦ ਜੋ ਦ੍ਰਿਸ਼/ਵਸਤ ਤੋਂ ਨਹੀਂ ਆਏ, ਤਾਂ ਕਵੀ ਅਤੇ ਦ੍ਰਿਸ਼/ਵਸਤ ਵਿੱਚ ਫ਼ਾਸਲਾ ਬਣਿਆ ਰਹੇਗਾ। ( ਦ੍ਰਿਸ਼ ਅਤੇ ਦ੍ਰਸ਼ਟਾ ਦੋ ਅਲੱਗ-ਅਲੱਗ ਇਕਾਈਆਂ ਹੀ ਰਹਿਣਗੀਆਂ ) ।

ਦੋਹੋ ਆਪਣੀ ਗੱਲ ਨੂੰ ਅੱਗੇ ਵਧਾਉਂਦੀਆਂ ਕਹਿੰਦਾ ਹੈ, " ਚੀੜ ਨੂੰ ਜਾਨਣਾ ਹੈ ਤਾਂ ਚੀੜ ਦੇ ਦਰੱਖਤ ਤੋਂ ਪੁੱਛ ਅਤੇ ਬਾਂਸ ਨੂੰ ਜਾਨਣਾ ਹੈ ਤਾਂ ਪੁੱਛ ਬਾਂਸ ਤੋਂ - ਕਵੀ ਨੂੰ ਆਪਣਾ ਮਨ ਆਪਨੇ ਨਿੱਜ ਤੋਂ ਆਜ਼ਾਦ ਕਰ ਲੈਣਾ ਚਾਹਿਦਾ ਹੈ ....... ਅਤੇ ਦ੍ਰਿਸ਼/ਵਸਤ ਵਿੱਚ ਦਾਖ਼ਿਲ ਹੋ ਜਾਣਾ ਚਾਹਿਦਾ ਹੈ ...... ਜਦੋਂ ਕਵੀ ਦ੍ਰਿਸ਼ ਦਾ ਹੀ ਇੱਕ ਅੰਗ ਬਣ ਜਾਵੇ ਤਾਂ ਕਵਿਤਾ ਲਿਖਣਾ ਨਹੀਂ ਪੈਂਦੀ, ਉਹ ਆਪ ਹੀ ਆਪਣਾ ਆਕਾਰ ਘੜ੍ਹ ਲੈਂਦੀ ਹੈ।
********************************************************************
Haiku - An Introduction
Defining Haiku
by Robert D. Wilson 
Copyright © 2013 Simply Haiku. All Rights Reserved.

ਪੰਜਾਬੀ ਅਨੁਵਾਦ : ਦਲਵੀਰ ਗਿੱਲ 
************************************************************************
Appearing first in Magnapoets, Winter, 2009 and in Haiku Reality, June 2010 ਪਹਿਲੀ ਵਾਰ ਮੈਗਨਾਪੌਏਟਸ ਦੇ ਸਰਦ ਰੁੱਤ ਦੇ 2009 ਅੰਕ ਅਤੇ ਹਾਇਕੂ ਰਿਐਲਿਟੀ ਦੇ ਜੂਨ 2010 ਅੰਕਾਂ ਵਿੱਚ ਪ੍ਰਕਾਸ਼ਿਤ ਹੋਇਆ।
********************************************************************

1 comment:

  1. Kuljeet Mann
    FROM Robert D. Wilson TO You

    Re: Simply Haiku: Thanks
    Show Details
    From Robert D. Wilson
    To Kuljit Mann
    You would do your people a better service by translating essays on haiku.
    On Jun 11, 2013, at 12:45 PM, Kuljit Mann wrote:
    > This is an enquiry e-mail via http://simplyhaiku.theartofhaiku.com/ from:
    > Kuljit Mann
    > Respected Robert Wilson
    > As per Davir Gill message I convey my best regards to your goodself as I am translating your interview with Andrew Riutta in Punjabi haiku mehfal group in facebook with 650+ members.One page everyday and each day I mention your name with heading,which is based on inspiration and inner conscience. This is group we established to introduce haiku in Punjabi culture believing the values which you lead for humanity. There is no money involved.
    > I already publish two short stories book in Punjabi one of those is translated in Hindi as well and one novel recently.I really appreciate your permission through Dalvir.
    > I would continue with interview let you know the impact of our people.
    > Thanking you in anticipation.
    > Truey
    > Kuljit Mann
    Simply Haiku
    simplyhaiku.theartofhaiku.com
    Ever since we began, Simply Haiku has been an English language Japanese short form poetry journal. We respect the Japanese usage of metrics, kigo, meter, aesthetics, the seen and the unseen. All of us come from different cultures and, therefore, have aesthetics, kigo, and cultural memories indigenou...
    Unlike · · Unfollow Post · Share · June 11 at 1:22pm near Toronto

    You, Davinder Kaur, Harki Jagdeep Virk and Dhido Gill like this.
    Dalvir Gill ਭਾਜੀ, "Defining Haiku" ਤਾਂ ਤੁਹਾਡੀ ਘੰਟੇ ਦੀ ਮਾਰ ਈ ਆ।
    June 11 at 1:28pm · Like · 1
    Kuljeet Mann ਦਲਵੀਰ ਮੈ ਮਜ਼ਦੂਰ ਹਾਂ ਕੰਮਪਿਉਟਰ ਨਹੀ ਹਾਂ, ਹਾ ਇੱਕ ਵਾਹਦਾ ਯਕੀਨ ਨਾਲ ਕਰ ਸਕਦਾ ਹਾਂ ਕਿ ਕੋਈ ਵੀ ਪ੍ਰਯੋਜਨ ਹਾੲਕੂ,ਸੰਵੇਦਨਾ ਜਾਂ ਕਿਸੇ ਵੀ ਲੋਕ ਪੱਖੀ ਕਾਜ਼ ਨਾਲ ਬਝਾ ਹੋਵੇ, ਆਪਾਂ ਹਾਜ਼ਰ ਹਾਂ,
    June 11 at 1:30pm · Like · 1
    Dalvir Gill ਓਹੋ ਫਿਰ ਮੈਨੂੰ ਈ ਅੱਕ ਚੱਬਣਾ ਪੈਣਾ? http://simplyhaiku.theartofhaiku.com/summer2010/rdw-defining-haiku.htm
    Summer 2010
    simplyhaiku.theartofhaiku.com
    Haiku, to paraphrase what the late, great classical guitarist Andre Segovia said...See More
    June 11 at 1:33pm · Like · 1 · Remove Preview
    Kuljeet Mann ਵੇਖੋ ਜੀ ਭਾਵੇਂ ਆਪ ਕਰ ਲਵੋ ਤੇ ਭਾਵੇਂ ਮੇਰੀ ਡਿਉਟੀ ਲਾ ਦੇਵੋ, ਤਹਾਡੀ ਮਰਜੀ, ਜੇ ਇਸ ਡਾਕੂਮੈਂਟ ਦਾ ਅਨੁਵਾਦ ਕਰਨਾ ਹੈ ਤਾ ਦਸੋ, ਬੰਦਾ ਹਾਜ਼ਰ ਹੈ
    June 11 at 1:37pm · Like · 1
    Dalvir Gill ਪਰ ਓਹ ਉਹਨਾਂ ਸਾਰੀਆਂ ਹੀ ਬਾਣੀਆਂ ਦਾ ਵਿਰੋਧੀ ਹੈ ਜਿਨ੍ਹਾਂ ਨੂੰ ਪੜ੍ਹ ਕੇ ਸਾਨੂੰ ਹਾਇਕੂ ਦਾ ਅੰਮ੍ਰਿਤ ਛਕਾਇਆ ਗਿਆ ਸੀ ਤੇ ਅਸੀਂ ਅੱਜ ਵੀ ਜ਼ੋਰ-ਸ਼ੋਰ ਨਾਲ ਪ੍ਰਚਾਰਦੇ ਹਾਂ l
    June 11 at 1:40pm · Like · 2
    Kuljeet Mann ਵਿਰੋਧੀ ਹੈ ਹੱਕ ਵਿਚ ਹੈ ਅਸੀ ਪਹਿਲਾਂ ਇਹ ਦਸ ਲਈਏ ਕਿ ਉਸਦਾ ਮਾਨਵੀ ਸੰਵੇਦਨਾ ਨਾਲ ਸਬੰਧ ਕੀ ਹੈ।
    June 11 at 3:49pm · Like
    Dalvir Gill ਹਾਇਕੂ ਹੈ ਹੀ ਭਾਵਨਾਵਾਂ ਦੀ ਖੇਡ ਇੰਸਾਨਾ ਕੀ ਕੁਦਰਤ ਦੀ ਹਰ ਸ਼ੈਅ ਨਾਲ ਇੱਕ ਸਤ ਹੋਣ ਦੀ ਗੱਲ ਇਸੇ ਲਈ ਤਾਂ ਮੈਂ ਕਹਿੰਦਾ ਹਾਂ ਕਿ ਪੰਜਾਬੀ ਮਨ ਨੂੰ ਅਮ੍ਰੀਕਾ ਜਾਂ ਜਰਮਨੀ ਨਾਹ ਲੈ ਕੇ ਜਾਓ ਇਹ ਹੈ ਹੀ ਜਾਪਾਨੀਆਂ ਵਰਗਾ l
    June 11 at 4:25pm · Like · 2
    Kuljeet Mann ਪਰ ਮੈਂ ਤੇ ਕੈਲੇਫੋਰਨੀਆ ਲਈ ਚਾਰਟਰਡ ਜਹਾਜ਼ ਵੀ ਕਿਰਾਏ ਤੇ ਲੈ ਲਿਆ ਹੈ
    June 11 at 4:31pm · Unlike · 2

    ReplyDelete